ਸਿੱਖਿਆ – ਕ੍ਰਾਂਤੀ ਦਾ ਅਹਿਮ ਪਹਿਲੂ : ਅਧਿਆਪਕਾਂ ਨਾਲ਼ ਸੰਵਾਦ

ਸਿੱਖਿਆ - ਕ੍ਰਾਂਤੀ ਦਾ ਅਹਿਮ ਪਹਿਲੂ : ਅਧਿਆਪਕਾਂ ਨਾਲ਼ ਸੰਵਾਦ

ਕੋਈ ਵੀ ਕੰਮ , ਸੰਸਥਾ , ਸਿਸਟਮ , ਵਿਭਾਗ ਅਤੇ ਕਾਰਜ ਪ੍ਰਣਾਲੀ ਤਦ ਹੀ ਸਫਲ ਹੁੰਦੀ ਹੈ ਜਦੋਂ ਉਸ ਵਿੱਚ ਆਪਸੀ ਵਿਚਾਰ – ਵਟਾਂਦਰੇ , ਸਿੱਖ – ਸਲਾਹ , ਵਿਚਾਰ ਚਰਚਾ ਅਤੇ ਸੁਝਾਵਾਂ ਨੂੰ ਸੁਣਿਆ – ਵਿਚਾਰਿਆ ਜਾਵੇ ਅਤੇ ਹੋਰ ਵਧੀਆ ਕਾਰਜ ਕਰਨ ਲਈ ਸੁਝਾਅ ਲਏ ਜਾਣ ਤੇ ਉਹਨਾਂ ਨੂੰ ਅਮਲੀਜਾਮਾ ਵੀ ਪਹਿਨਾਇਆ ਜਾਵੇ। ਇੱਕ ਪਾਸੜ ਫੈਸਲੇ , ਇੱਕ ਧਿਰਾ ਗੱਲ/ ਸੋਚ ਜਾਂ ਕੰਮ ਕਈ ਵਾਰ ਕਈ ਪਹਿਲੂਆਂ ਤੋਂ ਪੂਰਨ ਨਹੀਂ ਹੁੰਦਾ। ਇਸੇ ਨਾਲ ਸੰਬੰਧਿਤ ਹੈ : ਸਕੂਲ ਸਿੱਖਿਆ ਵਿਭਾਗ ਪੰਜਾਬ ਦਾ ਸਿੱਖਿਆ ਕ੍ਰਾਂਤੀ ਤਹਿਤ ਚੁੱਕਿਆ ਗਿਆ ਅਹਿਮ ਕਦਮ – ” ਅਧਿਆਪਕਾਂ ਨਾਲ਼ ਸੰਵਾਦ/ ਡਾਇਲਾੱਗ ਵਿੱਦ ਟੀਚਰਜ਼ “।

ਇਹ ਉਪਰਾਲਾ ਕਿੰਨਾ ਅਹਿਮ ਹੈ ਇਹ ਇਸ ਗੱਲ ਤੋਂ ਜਾਣਿਆ ਜਾ ਸਕਦਾ ਹੈ ਕਿ ਇਸ ਵਿੱਚ ਹੇਠਲੇ ਪੱਧਰ ‘ਤੇ ਅਧਿਆਪਕਾਂ , ਅਧਿਕਾਰੀਆਂ ਤੋਂ ਲੈ ਕੇ ਸਟੇਟ ਪੱਧਰ ਤੱਕ ਦੇ ਅਧਿਕਾਰੀਆਂ ਅਤੇ ਇੱਥੋਂ ਤੱਕ ਕਿ ਸਕੂਲ ਸਿੱਖਿਆ ਮੰਤਰੀ ਪੰਜਾਬ ਸਰਕਾਰ ਸ. ਹਰਜੋਤ ਸਿੰਘ ਬੈਂਸ ਜੀ ਖੁਦ ਮੌਜੂਦ ਹੁੰਦੇ ਹਨ ਤੇ ਬੜੇ ਸਪੱਸ਼ਟ ਤੇ ਸਰਲ ਢੰਗ ਨਾਲ ਸਾਰਿਆਂ ਅਧਿਆਪਕਾਂ ਦੀ ਗੱਲ ਨੂੰ ਸੁਣਦੇ – ਵਿਚਾਰਦੇ ਅਤੇ ਮੌਕੇ ‘ਤੇ ਹੀ ਉਹਨਾਂ ਬਾਰੇ ਫੈਸਲਾ ਲੈਣ ਦੀ ਗੱਲ ਕਰਦੇ ਹਨ। ਵਿਭਾਗ ਦੇ ਸਾਰੇ ਕਰਮਚਾਰੀ ਵੀ ਜਦੋਂ ਇੱਕ ਪਲੇਟਫਾਰਮ ‘ਤੇ ਇਕੱਠੇ ਹੋ ਕੇ ਆਪਣੇ ਤਜਰਬੇ , ਆਪਣੀਆਂ ਸਮੱਸਿਆਵਾਂ , ਆਪਣੇ ਹੇਠਲੇ ਪੱਧਰ ਦੇ ਅਨੁਭਵ ਅਤੇ ਹੋਰ ਦੇਸ਼ਾਂ – ਵਿਦੇਸ਼ਾਂ ਦੀਆਂ ਟ੍ਰੇਨਿੰਗਾਂ ਤੋਂ ਪ੍ਰਾਪਤ ਅਨੁਭਵ ਆਪਸ ਵਿੱਚ ਸਾਂਝੇ ਕਰਦੇ ਹਨ ਤਾਂ ਇੱਕ ਵੱਖਰਾ ਹੀ ਮਾਹੌਲ ਬਣਦਾ ਹੈ ਤੇ ਬਹੁਤ ਕੁਝ ਇੱਕ – ਦੂਸਰੇ ਨੂੰ ਸਿੱਖਣ , ਸਮਝਣ ਅਤੇ ਦੱਸਣ ਦਾ ਮੌਕਾ ਮਿਲਦਾ ਹੈ ਜੋ ਕਿ ਸ਼ਾਇਦ ਇੰਨੇ ਵੱਡੇ ਤੇ ਪ੍ਰਭਾਵਸ਼ਾਲੀ ਪੱਧਰ ‘ਤੇ ਹੋਰ ਕਿਤੇ ਅਜਿਹਾ ਨਹੀਂ ਹੁੰਦਾ।

ਇਹ ਇੱਕ ਅਜਿਹਾ ਪਲੇਟਫਾਰਮ ਬਣ ਗਿਆ ਹੈ ਜਿੱਥੇ ਹਰ ਅਧਿਆਪਕ ਆਪਣੀ ਗੱਲ , ਆਪਣੇ ਅਨੁਭਵ , ਆਪਣੀ ਹੇਠਲੇ ਪੱਧਰ ਦੀ ਸਮੱਸਿਆ , ਆਪਣੇ ਤਜਰਬੇ , ਆਪਣੀ ਵਿਸ਼ੇਸ਼ ਵਿਦੇਸ਼ ਸਿਖਲਾਈ ਤੇ ਜੀਵਨ ਅਨੁਭਵਾਂ ਬਾਰੇ ਸਾਰਿਆਂ ਨੂੰ ਬੇਧੜਕ ਹੋ ਕੇ ਦੱਸ ਸਕਦਾ ਹੈ ਤੇ ਸਾਂਝੀ ਕਰਕੇ ਦੂਸਰਿਆਂ ਨੂੰ ਫਾਇਦਾ ਪਹੁੰਚਾ ਸਕਦਾ ਹੈ ; ਕਿਉਂਕਿ ਸਾਰਿਆਂ ਦੇ ਵਿਚਾਰ , ਸਾਰਿਆਂ ਦੇ ਮਨ ਵਿੱਚ ਛੁਪੇ ਹੋਏ ਗੁਣ , ਤਜ਼ੁਰਬੇ , ਸਿਖਲਾਈਆਂ ਦੇ ਅਨੁਭਵ ਜਦੋਂ ਇੱਕ ਪਲੇਟਫਾਰਮ ‘ਤੇ ਸਾਂਝੇ ਹੁੰਦੇ ਹਨ ਤਾਂ ਕੁਝ ਘੰਟਿਆਂ ਵਿੱਚ ਹੀ ਬਹੁਤ ਕੁਝ ਸਿੱਖਣ ਨੂੰ , ਸਮਝਣ ਨੂੰ , ਕਰਨ ਨੂੰ ਅਤੇ ਦੱਸਣ ਨੂੰ ਮਿਲਦਾ ਹੈ। ਇਸ ਪਲੇਟਫਾਰਮ ਰਾਹੀਂ ਸਾਰਿਆਂ ਲਈ ਇੱਕ ਨਵੀਂ ਦਿਸ਼ਾ ਵੀ ਮਿਲਦੀ ਹੈ। ਇਸ ਨਾਲ਼ ਜਿੱਥੇ ਸਮੁੱਚੇ ਸਿੱਖਿਆ – ਤੰਤਰ ਵਿੱਚ ਪਾਰਦਰਸ਼ਤਾ ਆਉਂਦੀ ਹੈ , ਉੱਥੇ ਹੀ ਸਿੱਖਿਆ ਲਈ ਨਵੀਆਂ ਨੀਤੀਆਂ ਤੇ ਵਿਭਾਗੀ ਯੋਜਨਾਵਾਂ ਲਾਗੂ ਕਰਨ , ਉਹਨਾਂ ਨੂੰ ਸਮਝਣ ਤੇ ਸਮੱਸਿਆਵਾਂ ਨੂੰ ਦੂਰ ਕਰਨ ਦਾ ਵੀ ਮੌਕਾ ਮਿਲਦਾ ਹੈ। ਜੇਕਰ ਗਹੁ ਨਾਲ਼ ਵਾਚੀਏ ਤਾਂ ਇਸ ਸਭ ਕੁਝ ਦਾ ਫਾਇਦਾ ਸਿੱਧੇ – ਅਸਿੱਧੇ ਤੌਰ ‘ਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਮਿਲਦਾ ਹੈ ਤੇ ਭਵਿੱਖ ਵਿੱਚ ਮਿਲੇਗਾ ਵੀ ; ਕਿਉਂਕਿ ਸਿੱਖਿਆ ਦਾ ਮੁੱਖ ਧੁਰਾ ” ਵਿਦਿਆਰਥੀ ” ਹੈ ਤੇ ਵਿਦਿਆਰਥੀ ਦਾ ਸਰਵਪੱਖੀ ਵਿਕਾਸ ਕਰਨਾ ਹੀ ਸਿੱਖਿਆ , ਅਧਿਆਪਕ ਅਤੇ ਸਮੁੱਚੇ ਸਿੱਖਿਆ ਤੰਤਰ ਦਾ ਟੀਚਾ ਹੈ।

ਇਹ ਮੰਚ ਇਸੇ ਟੀਚੇ ਨੂੰ ਪੂਰਾ ਕਰਨ ਵਿੱਚ ਮੀਲ – ਪੱਥਰ ਸਾਬਿਤ ਹੋਵੇਗਾ। ” ਅਧਿਆਪਕਾਂ ਨਾਲ਼ ਸੰਵਾਦ ” ਪ੍ਰੋਗਰਾਮ ਸੱਚਮੁੱਚ ਸਿੱਖਿਆ ਕ੍ਰਾਂਤੀ ਦਾ ਅਹਿਮ ਪਹਿਲੂ , ਅਹਿਮ ਮੰਚ ਅਤੇ ਇੱਕ ਨਵਾਂ ਰਾਹ ਹੈ , ਜੋ ਆਉਣ ਵਾਲੇ ਸਮੇਂ ਵਿੱਚ ਜਿੱਥੇ ਅਧਿਆਪਕਾਂ ਲਈ ਤਾਂ ਲਾਭਦਾਇਕ ਹੋਏਗਾ ਹੀ ; ਉੱਥੇ ਹੀ ਸਿੱਖਿਆ ਤੰਤਰ ਦੇ ਨਾਲ਼ – ਨਾਲ਼ ਸਿੱਖਿਆ ਦੇ ਕੇਂਦਰ ਬਿੰਦੂ ਵਿਦਿਆਰਥੀ ਦੇ ਸਰਬਪੱਖੀ ਵਿਕਾਸ ਵਿੱਚ ਬਹੁਤ ਵੱਡੀ ਅਹਿਮ ਭੂਮਿਕਾ ਨਿਭਾਏਗਾ ਅਤੇ ਭਵਿੱਖ ਵਿੱਚ ਇਸਦੇ ਬਹੁਤ ਚੰਗੇ ਦੂਰਗਾਮੀ ਨਤੀਜੇ ਆਉਣਗੇ।

ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
ਸ਼੍ਰੀ ਅਨੰਦਪੁਰ ਸਾਹਿਬ
9478561356