
ਨਿਊਯਾਰਕ, 03 ਜੂਨ ( ਰਾਜ ਗੋਗਨਾ )- ਬੀਤੇਂ ਦਿਨ ਅਮਰੀਕਾ ਦੇ ਰਾਜ ਮੈਸੇਚਿਉਸੇਟਸ ਦੇ ਫਰੈਂਕਲਿਨ ਵਿੱਚ ਇੱਕ ਭਿਆਨਕ ਕਾਰ-ਸੜਕ ਹਾਦਸੇ ਵਿੱਚ ਇੱਕ ਗੁਜਰਾਤੀ ਪਰਿਵਾਰ ਦੀ ਪੰਜ ਸਾਲਾ ਧੀ ਦੀ ਮੌਤ ਹੋ ਗਈ, ਜਦੋਂ ਕਿ ਉਸਦੀ ਮਾਂ ਅਤੇ ਭਰਾ ਇਸ ਸਮੇਂ ਹਸਪਤਾਲ ਵਿੱਚ ਇਲਾਜ ਅਧੀਨ ਹਨ। ਕੁੜੀ ਦੇ ਪਿਤਾ, ਅਤੁਲ ਪਟੇਲ, ਹੋਂਡਾ ਅਕਾਰਡ ਚਲਾ ਰਹੇ ਸਨ ਜਦੋਂ ਉਨ੍ਹਾਂ ਨੂੰ ਗਰੋਵ ਸਟਰੀਟ ਦੇ ਗਲਤ ਪਾਸੇ ਤੋਂ ਆ ਰਹੇ ਇੱਕ ਪਿਕਅੱਪ ਟਰੱਕ ਨੇ ਟੱਕਰ ਮਾਰ ਦਿੱਤੀ। ਪੁਲਿਸ ਦੇ ਅਨੁਸਾਰ, ਸ਼ਾਮ 6:30 ਵਜੇ ਦੇ ਕਰੀਬ ਵਾਪਰੇ ਇਸ ਹਾਦਸੇ ਦਾ ਕਾਰਨ ਬਣਨ ਵਾਲਾ ਟਰੱਕ ਡਰਾਈਵਰ ਨਸ਼ੇ ਵਿੱਚ ਸੀ ਅਤੇ ਪੁਲਿਸ ਨੂੰ ਉਸਦੇ ਟਰੱਕ ਵਿੱਚੋਂ ਸ਼ਰਾਬ ਮਿਲੀ।
ਉਹ ਇਸ ਵੇਲੇ ਉਹ ਜੇਲ੍ਹ ਵਿੱਚ ਹੈ ਅਤੇ ਅਦਾਲਤ ਨੇ ਉਸ ‘ਤੇ ਪੰਜ ਲੱਖ ਡਾਲਰ ਦਾ ਨਕਦ ਬਾਂਡ ਰੱਖਿਆ ਹੈ।ਹਾਦਸੇ ਦੀ ਸੂਚਨਾ ਮਿਲਣ ‘ਤੇ, ਮੌਕੇ ‘ਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਬਚਾਉਣ ਲਈ ਇੱਕ ਮੈਡੀਕਲ ਬਚਾਅ ਹੈਲੀਕਾਪਟਰ ਬੁਲਾਇਆ, ਜਿਸ ਰਾਹੀਂ ਸਭ ਤੋਂ ਗੰਭੀਰ ਜ਼ਖਮੀ ਲੜਕੀ ਨੂੰ ਵੋਰਸੇਸਟਰ ਦੇ ਯੂਮਾਸ-ਮੈਮੋਰੀਅਲ ਮੈਡੀਕਲ ਸੈਂਟਰ ਲਿਜਾਇਆ ਗਿਆ, ਪਰ ਉਦੋਂ ਤੱਕ ਉਸ ਦੀ ਮੋਤ ਹੋ ਚੁੱਕੀ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਹਾਦਸੇ ਵਿੱਚ ਸ਼ਾਮਲ ਗੁਜਰਾਤੀ ਪਰਿਵਾਰ ਆਪਣੇ ਪੁੱਤਰ ਦਾ ਜਨਮਦਿਨ ਮਨਾਉਣ ਜਾ ਰਿਹਾ ਸੀ। ਪੁਲਿਸ ਨੇ ਮ੍ਰਿਤਕ ਲੜਕੀ ਦੀ ਮਾਂ ਦਾ ਨਾਮ ਮੀਨਾਬੇਨ ਪਟੇਲ ਦੱਸਿਆ ਹੈ, ਜਦੋਂ ਕਿ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਉਸਦੇ ਭਰਾ ਦਾ ਨਾਮ ਜਾਰੀ ਨਹੀਂ ਕੀਤਾ ਗਿਆ ਹੈ।
ਹਾਦਸੇ ਤੋਂ ਬਾਅਦ, ਅਤੁਲ ਪਟੇਲ ਦੇ ਪਰਿਵਾਰ ਦੇ ਚਾਰੇ ਮੈਂਬਰਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਪੰਜ ਸਾਲਾ ਧੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।