ਵਾਸ਼ਿੰਗਟਨ, 28 ਜਨਵਰੀ (ਰਾਜ ਗੋਗਨਾ )- ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋ ਹਰ ਰੋਜ਼ ਕੁਝ ਅਜਿਹਾ ਕਰ ਰਹੇ ਹਨ ਜੋ ਦੁਨੀਆ ਭਰ ਦੇ ਲੋਕਾਂ ਦਾ ਧਿਆਨ ਉਹ ਆਪਣੇ ਵੱਲ ਖਿੱਚਦੇ ਹਨ।ਰਾਸ਼ਟਰਪਤੀ ਟਰੰਪ ਵੱਲੋ ਹਾਲ ਹੀ ਵਿੱਚ ਇੱਕ ਭਾਰਤੀ-ਅਮਰੀਕੀ ਪੱਤਰਕਾਰ ਕੁਸ਼ ਦੇਸਾਈ ਨੂੰ ਆਪਣਾ ਡਿਪਟੀ ਪ੍ਰੈਸ ਸਕੱਤਰ ਨਿਯੁਕਤ ਕੀਤਾ ਹੈ। ਜੋ ਕਿ ਟਰੰਪ ਪ੍ਰਸ਼ਾਸਨ ਵਿੱਚ ਭਾਰਤੀਆਂ ਦੇ ਵਧਦੇ ਪ੍ਰਭਾਵ ਦਾ ਪ੍ਰਮਾਣ ਹੈ।ਕੁਸ਼ ਦੇਸਾਈ ਇੱਕ ਨੌਜਵਾਨ ਭਾਰਤੀ-ਅਮਰੀਕੀ ਹੈ ਜਿਸ ਨੇ ਸੰਨ 2024 ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਲਈ ਡਿਪਟੀ ਕਮਿਊਨੀਕੇਸ਼ਨ ਡਾਇਰੈਕਟਰ ਅਤੇ ਰਿਪਬਲਿਕਨ ਪਾਰਟੀ ਆਫ ਆਇਓਵਾ ਲਈ ਸੰਚਾਰ ਨਿਰਦੇਸ਼ਕ ਵਜੋਂ ਕੰਮ ਕੀਤਾ।
ਉਸ ਨੇ ਰਿਪਬਲਿਕਨ ਨੈਸ਼ਨਲ ਕਮੇਟੀ ਵਿੱਚ ਡਿਪਟੀ ਬੈਟਲਗ੍ਰਾਉਂਡ ਸਟੇਟਸ ਅਤੇ ਪੈਨਸਿਲਵੇਨੀਆ ਸੰਚਾਰ ਨਿਰਦੇਸ਼ਕ ਵਜੋਂ ਵੀ ਕੰਮ ਕੀਤਾ।ਰਿਪਬਲਿਕਨ ਨੈਸ਼ਨਲ ਕਮੇਟੀ ਵਿੱਚ ਇੱਕ ਖੋਜ ਵਿਸ਼ਲੇਸ਼ਕ ਦੇ ਤੌਰ ‘ਤੇ ਸ਼ਾਮਲ ਹੋਣ ਤੋਂ ਪਹਿਲਾਂ, ਉਸਨੇ ਵਾਸ਼ਿੰਗਟਨ-ਅਧਾਰਤ ਨਿਊਜ਼ ਵੈਬਸਾਈਟ ਦ ਡੇਲੀ ਕਾਲਰ ਵਿੱਚ 10 ਮਹੀਨਿਆਂ ਲਈ ਇੱਕ ਰਿਪੋਰਟਰ ਵਜੋਂ ਵੀ ਕੰਮ ਕੀਤਾ ਸੀ।
ਕੁਸ਼ ਦੇਸਾਈ ਨੇ ਹੈਨੋਵਰ, ਨਿਊ ਹੈਂਪਸ਼ਾਇਰ ਵਿੱਚ ਇੱਕ ਪ੍ਰਾਈਵੇਟ ਆਈ ਵੀ ਲੀਗ ਖੋਜ ਯੂਨੀਵਰਸਿਟੀ, ਡਾਰਟਮਾਊਥ ਕਾਲਜ ਤੋਂ ਬੈਚਲਰ ਆਫ਼ ਆਰਟਸ ਦੀ ਡਿਗਰੀ ਹਾਸਲ ਕੀਤੀ ਹੈ।ਜਿਸ ਨੂੰ ਜੇਮਸ ਓ. ਫ੍ਰੀਡਮੈਨ ਵੱਲੋ ਪ੍ਰੈਜ਼ੀਡੈਂਸ਼ੀਅਲ ਰਿਸਰਚ ਸਕਾਲਰਸ਼ਿਪ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹੇ ਹੋਣ ਦੇ ਬਾਵਜੂਦ, ਕੁਸ਼ ਦੇਸਾਈ ਇੱਕ ਚੰਗੀ ਗੁਜਰਾਤੀ ਬੋਲੀ ਵੀ ਜਾਣਦਾ ਹੈ। ਉਨ੍ਹਾਂ ਕੋਲ ਸਿਆਸੀ ਸੰਚਾਰ ਦਾ ਵਿਆਪਕ ਤਜ਼ਰਬਾ ਵੀ ਹੈ, ਜਿਸ ਕਾਰਨ ਉਨ੍ਹਾਂ ਨੂੰ ਟਰੰਪ ਦੇ ਡਿਪਟੀ ਪ੍ਰੈਸ ਸਕੱਤਰ ਬਣਨ ਦਾ ਮੌਕਾ ਦਿੱਤਾ ਗਿਆ ਹੈ।