ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਆਢਾ ਲਾ ਕੇ ਕੋਈ ਲਾਭ ਨਹੀਂ ਹਾਸਲ ਹੋਣਾ


ਸ੍ਰੋਮਣੀ ਅਕਾਲੀ ਦਲ ਪੰਜਾਬ ਦੀ ਸਿਆਸਤ ਦਾ ਧੁਰਾ ਮੰਨਿਆਂ ਜਾਂਦਾ ਹੈ, ਕਿਉਂਕਿ ਇਹ ਸੂਬੇ ਦੀ ਪ੍ਰਮੁੱਖ ਸਿਆਸੀ ਪਾਰਟੀ ਹੈ। ਇਹ ਪਾਰਟੀ ਨੇ ਪੰਜਾਬ ਵਿੱਚ ਲੰਬਾ ਸਮਾਂ ਰਾਜ ਕੀਤਾ ਹੈ ਅਤੇ ਸੂਬੇ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ। ਇਸ ਦਲ ਦਾ ਮੁੱਢ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬੱਝਿਆ ਸੀ ਅਤੇ ਇਹ ਧਰਮ ਨੂੰ ਆਧਾਰ ਬਣਾ ਕੇ ਸੇਵਾ ਭਾਵਨਾ ਨਾਲ ਕੰਮ ਕਰਦਾ ਰਿਹਾ ਹੈ। ਪਰ ਹੁਣ ਇਸ ਪਾਰਟੀ ਦੀ ਸਥਿਤੀ ਅਤੀ ਨਾਜੁਕ ਬਣੀ ਹੋਈ ਹੈ, ਪਾਰਟੀ ਅਰਸ਼ ਤੋਂ ਫਰਸ਼ ਤੇ ਪਹੁੰਚ ਗਈ ਹੈ। ਜਿਸ ਲਈ ਅਕਾਲੀ ਲੀਡਰਸਿਪ ਹੀ ਪੂਰੀ ਤਰਾਂ ਜੁਮੇਵਾਰ ਹੈ। ਪੰਜਾਬ ਦੇ ਲੋਕ ਖਾਸ ਕਰਕੇ ਸਿੱਖ ਇਸ ਪਾਰਟੀ ਦੀ ਮਜਬੂਤੀ ਦੇ ਹੱਕ ਵਿੱਚ ਹਨ, ਪਰ ਦਲ ਦੇ ਆਗੂ ਆਪਣਾ ਹੱਠੀ ਰਵੱਈਆ ਤਿਆਗਣ ਲਈ ਸੁਹਿਰਦ ਨਹੀਂ ਹਨ। ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਆਢਾ ਲਾ ਕੇ ਕੋਈ ਲਾਭ ਹਾਸਲ ਨਹੀਂ ਕੀਤਾ ਜਾ ਸਕਦਾ।
ਪਿਛਲੀ ਅਕਾਲੀ ਸਰਕਾਰ ਸਮੇਂ ਸੱਤਾ ਤੇ ਕਾਬਜ ਰਹਿਣ ਲਈ ਕੀਤੀਆਂ ਗਲਤੀਆਂ ਕਿਸੇ ਤੋਂ ਲੁਕੀਆਂ ਛੁਪੀਆਂ ਨਹੀਂ ਹਨ। ਰਾਜ ਸੱਤਾ ਦੀ ਤਾਕਤ ਵਿੱਚ ਸ਼ਾਇਦ ਉਸ ਸਮੇਂ ਅਕਾਲੀ ਆਗੂ ਇਹ ਸਮਝ ਬਣਾ ਬੈਠੇ ਸਨ ਕਿ ਤਾਕਤ ਹਮੇਸ਼ਾਂ ਉਹਨਾਂ ਦੇ ਹੱਥਾਂ ਵਿੱਚ ਹੀ ਰਹੇਗੀ। ਉਹਨਾਂ ਦੇ ਰਾਜ ਵਿੱਚ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀ ਘਟਨਾਵਾਂ ਵਾਪਰੀਆਂ, ਪਰ ਅਕਾਲੀ ਸਰਕਾਰ ਨੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਉਲਟ ਦੋਸ਼ੀਆਂ ਦੀ ਪੁਸਤ ਪਨਾਹੀ ਕੀਤੀ। ਹੋਰ ਅਨੇਕਾਂ ਅਜਿਹੀਆਂ ਗਲਤੀਆਂ ਕੀਤੀਆਂ ਜੋ ਪੰਜਾਬ ਦੇ ਲੋਕਾਂ ਅਤੇ ਖਾਸ ਕਰਕੇ ਸਿੱਖਾਂ ਦੇ ਹਿਰਦੇ ਬਲੂੰਧਰਣ ਵਾਲੀਆਂ ਸਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਉਣ ਤੋਂ ਬਾਅਦ ਇਹਨਾਂ ਗਲਤੀਆਂ ਬਾਰੇ ਜੋਰਦਾਰ ਆਵਾਜ਼ ਉੱਠਣ ਲੱਗੀ। ਅਕਾਲੀ ਦਲ ਸਿਮਟ ਕੇ ਹੇਠਾਂ ਨੂੰ ਜਾਂਦਾ ਰਿਹਾ, ਅਖ਼ੀਰ ਦੋ ਵਿਧਾਇਕਾਂ ਜਾਂ ਇੱਕ ਸੰਸਦ ਮੈਂਬਰ ਤੱਕ ਰਹਿ ਗਿਆ।

ਅਜਿਹੇ ਸਮੇਂ ਪਾਰਟੀ ਦੇ ਸੁਹਿਰਦ ਆਗੂਆਂ ਦਾ ਫਰਜ ਬਣਦਾ ਸੀ ਕਿ ਉਹ ਪਾਰਟੀ ਦੀ ਮੁੜ ਮਜਬੂਤੀ ਲਈ ਯਤਨ ਕਰਦੇ, ਉਹਨਾਂ ਆਪਣਾ ਇਹ ਫ਼ਰਜ ਸਮਝਦਿਆਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਪਹੁੰਚ ਕੀਤੀ। ਪੰਜ ਸਿੰਘ ਸਾਹਿਬਾਨਾਂ ਨੇ ਇਸ ਮਾਮਲੇ ਤੇ ਵਿਚਾਰ ਕਰਨ ਉਪਰੰਤ ਸਮੁੱਚੀ ਅਕਾਲੀ ਲੀਡਰਸਿਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੇਸ਼ ਹੋਣ ਦਾ ਹੁਕਮ ਦਿੱਤਾ। ਉੱਥੇ ਪਹੁੰਚ ਕੇ ਅਕਾਲੀ ਦਲ ਦੇ ਉਸ ਸਮੇਂ ਦੇ ਪ੍ਰਧਾਨ ਸ੍ਰ: ਸੁਖਬੀਰ ਸਿੰਘ ਬਾਦਲ ਨੇ ਇਕੱਲੀ ਇਕੱਲੀ ਗਲਤੀ ਨੂੰ ਸਵੀਕਾਰ ਕੀਤਾ। ਇਸ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਪੰਜਾਂ ਸਿੰਘ ਸਾਹਿਬਾਨਾਂ ਵੱਲੋ ਸਜ਼ਾ ਸੁਣਾਈ ਗਈ। ਇਹ ਸਜ਼ਾ ਸ੍ਰ: ਬਾਦਲ ਨੇ ਪ੍ਰਵਾਨ ਕੀਤੀ ਅਤੇ ਭੁਗਤ ਲਈ। ਇਸੇ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਉਹਨਾਂ ਤੇ ਗੋਲੀ ਵੀ ਚਲਾਈ ਗਈ।ਸਜ਼ਾ ਭੁਗਤਣ ਅਤੇ ਗੋਲੀ ਚੱਲਣ ਦੀ ਘਟਨਾ ਸਦਕਾ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਸ੍ਰ: ਸੁਖਬੀਰ ਸਿੰਘ ਬਾਦਲ ਪ੍ਰਤੀ ਹਮਦਰਦੀ ਵੀ ਪ੍ਰਗਟ ਹੋ ਗਈ। ਪਰ ਜਦ ਮੁੜ ਸ੍ਰ: ਬਾਦਲ ਨੇ ਇਹ ਕਹਿਣਾ ਸੁਰੂ ਕਰ ਦਿੱਤਾ ਕਿ ਗਲਤੀ ਤਾਂ ਕੋਈ ਕੀਤੀ ਨਹੀਂ ਸੀ, ਪਰ ਇਹ ਮੁੱਦਾ ਖਤਮ ਕਰਨ ਲਈ ਉਹਨਾਂ ਗਲਤੀਆਂ ਆਪਣੀ ਝੋਲੀ ਵਿੱਚ ਪੁਆ ਲਈਆਂ, ਤਾਂ ਲੋਕਾਂ ਵਿੱਚ ਫੇਰ ਉਹਨਾਂ ਪ੍ਰਤੀ ਗੁੱਸਾ ਪ੍ਰਗਟ ਹੋ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸ਼ੀਲ ਤੋਂ ਸੁਣਾਏ ਸਮੁੱਚੇ ਫੈਸਲੇ ਨੂੰ ਮੰਨਣ ਤੋਂ ਕਿਨਾਰਾ ਕਰ ਲੈਣ ਦੀਆਂ ਕੋਸ਼ਿਸ਼ਾਂ ਨੇ ਇਹ ਗੁੱਸਾ ਹੋਰ ਵਧਾ ਦਿੱਤਾ।

ਪੰਜ ਸਿੰਘ ਸਾਹਿਬਾਨਾਂ ਵੱਲੋਂ ਅਕਾਲੀ ਦਲ ਦੀ ਭਰਤੀ ਕਰਨ ਲਈ ਸੱਤ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ, ਜਿਸਦਾ ਮੁਖੀ ਸ੍ਰੀ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣਾਇਆ ਗਿਆ ਸੀ। ਇਸ ਕਮੇਟੀ ਨੇ ਭਰਤੀ ਲਈ ਅਜੇ ਕੋਈ ਕੰਮ ਸੁਰੂ ਨਹੀਂ ਕੀਤਾ ਸੀ, ਪਰ ਸ੍ਰ: ਸੁਖਬੀਰ ਸਿੰਘ ਬਾਦਲ ਅਤੇ ਦਲ ਦੇ ਕਾਰਜਕਾਰੀ ਪ੍ਰਧਾਨ ਸ੍ਰ: ਬਲਵਿੰਦਰ ਸਿੰਘ ਭੂੰਦੜ ਨੇ ਖੁਦ ਹੀ ਕਮੇਟੀ ਐਲਾਨ ਕੇ ਅਕਾਲੀ ਦਲ ਦੀ ਭਰਤੀ ਸੁਰੂ ਕਰ ਦਿੱਤੀ। ਅਜਿਹਾ ਕਰਨਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਅਵੱਗਿਆ ਹੀ ਮੰਨਿਆਂ ਜਾਂਦਾ ਹੈ। ਜੇਕਰ ਤਖ਼ਤ ਸਾਹਿਬ ਦੇ ਫੈਸਲੇ ਅਨੁਸਾਰ ਬਣਾਈ ਕਮੇਟੀ ਰਾਹੀਂ ਭਰਤੀ ਕੀਤੀ ਜਾਂਦੀ, ਤਾਂ ਵੀ ਸ੍ਰ: ਸੁਖਬੀਰ ਸਿੰਘ ਬਾਦਲ ਦੇ ਧੜੇ ਮੁਤਾਬਿਕ ਹੀ ਕੀਤੀ ਜਾਣੀ ਸੀ, ਕਿਉਂਕਿ ਪਾਰਟੀ ਦਾ ਸਮੁੱਚਾ ਢਾਂਚਾ, ਦਫ਼ਤਰ, ਅਹੁਦੇਦਾਰ, ਵਰਕਰ ਤਾਂ ਉਹਨਾਂ ਅਨੁਸਾਰ ਹੀ ਕੰਮ ਕਰਦੇ। ਪਰ ਸ੍ਰ: ਬਾਦਲ ਨੂੰ ਪਤਾ ਨਹੀਂ ਕਿਹੜਾ ਡਰ ਮਾਰਦਾ ਸੀ ਕਿ ਉਹਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਕੇ ਭਰਤੀ ਸੁਰੂ ਕਰਵਾ ਦਿੱਤੀ, ਦੂਜੇ ਪਾਸੇ ਦਲ ਦੇ ਕਾਰਜਕਾਰੀ ਪ੍ਰਧਾਨ ਸ੍ਰ: ਬਲਵਿੰਦਰ ਸਿੰਘ ਭੂੰਦੜ ਨੇ ਵੀ ਰੋਕਣ ਦਾ ਯਤਨ ਕਰਨ ਦੇ ਉਲਟ ਖ਼ੁਦ ਹੀ ਭਰਤੀ ਸੁਰੂ ਕਰਵਾਈ। ਇਸ ਭਰਤੀ ਸੁਰੂ ਕਰਨ ਤੇ ਅਕਾਲੀ ਦਲ ਦੇ ਬਾਗੀ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਧਿਆਨ ਦਿਵਾਇਆ ਹੈ।

ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਰ ਪੰਜਾਬੀ ਖਾਸ ਕਰਕੇ ਸਿੱਖ ਅਕਾਲੀ ਦਲ ਦੀ ਸੁਰੂ ਕੀਤੀ ਭਰਤੀ ਨੂੰ ਸਿੰਘ ਸਾਹਿਬ ਦੇ ਹੁਕਮਾਂ ਦੇ ਵਿਰੁੱਧ ਮੰਨ ਰਿਹਾ ਹੈ ਅਤੇ ਇਸ ਦਾ ਮੂਲ ਕਾਰਨ ਅਕਾਲੀ ਆਗੂਆਂ ਖਾਸ ਕਰਕੇ ਸ੍ਰ: ਸੁਖਬੀਰ ਸਿੰਘ ਬਾਦਲ, ਸ੍ਰ: ਬਲਵਿੰਦਰ ਸਿੰਘ ਭੂੰਦੜ, ਸ੍ਰ: ਦਲਜੀਤ ਸਿੰਘ ਚੀਮਾ ਅਤੇ ਕੁੱਝ ਕੁ ਹੋਰ ਦਾ ਹੱਠੀ ਰਵੱਈਆ ਆਖ ਰਹੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਹਰ ਪਿੰਡ ਸ਼ਹਿਰ ਵਿੱਚ ਸਰਗਰਮ ਅਕਾਲੀ ਵਰਕਰ ਹਨ, ਜੋ ਭਰਤੀ ਕਰ ਲੈਣਗੇ। ਪਰ ਇਸਦਾ ਬਹੁਤਾ ਲਾਭ ਨਹੀਂ ਹੋਣਾ। ਇਹ ਵੀ ਸਪਸ਼ਟ ਹੈ ਕਿ ਇਸ ਭਰਤੀ ਨਾਲ ਡੈਲੀਗੇਟ ਬਣਾ ਕੇ ਸ੍ਰ: ਸੁਖਬੀਰ ਸਿੰਘ ਬਾਦਲ ਦਲ ਦੇ ਪ੍ਰਧਾਨ ਵੀ ਬਣ ਜਾਣਗੇ, ਪਰੰਤੂ ਪਾਰਟੀ ਮਜਬੂਤ ਨਹੀਂ ਹੋਣੀ ਜਾਂ ਕਹਿ ਲਈਏ ਕਿ ਆਪਣੀ ਪਹਿਲਾਂ ਵਾਲੀ ਪੁਜ਼ੀਸਨ ਤੇ ਨਹੀਂ ਪਹੁੰਚ ਸਕਣੀ। ਜੇਕਰ ਪਾਰਟੀ ਮਜਬੂਤ ਨਾ ਹੋਈ ਤਾਂ ਅਗਲੀਆਂ ਵਿਧਾਨ ਸਭਾ ਵਿੱਚ ਅਕਾਲੀ ਦਲ ਸਫ਼ਲ ਨਹੀਂ ਹੋਵੇਗਾ ਅਤੇ ਸਰਕਾਰ ਨਹੀਂ ਬਣਾ ਸਕੇਗਾ। ਜੇ ਰਾਜਸੱਤਾ ਹੱਥ ਨਹੀਂ ਆਉਣੀ ਤਾਂ ਪ੍ਰਧਾਨਗੀ ਵੀ ਕਿਸ ਕੰਮ ਹੈ।

ਪਹਿਲਾਂ ਹੀ ਸ੍ਰੋਮਣੀ ਅਕਾਲੀ ਦਲ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ, ਵਿਧਾਨ ਸਭਾ ਚੋਣਾਂ ਸਮੇਂ ਪੰਜਾਬ ਦੇ ਲੋਕਾਂ ਨੇ ਪਿੰਡਾਂ ਵਿੱਚ ਨਹੀਂ ਵੜਣ ਦੇਣਾ। ਸਿੰਘ ਸਾਹਿਬਾਨਾਂ ਦੇ ਹੁਕਮਾਂ ਨੂੰ ਨਾ ਮੰਨਣ ਵਾਲਿਆਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਆਢਾ ਲਾਉਣ ਵਾਲਿਆਂ ਨੂੰ ਪੰਜਾਬ ਦੇ ਲੋਕ ਖਾਸ ਕਰਕੇ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਦੇ। ਇਹ ਠੀਕ ਹੈ ਸ੍ਰ: ਬਾਦਲ ਪ੍ਰਧਾਨ ਬਣਨ ਉਪਰੰਤ ਸਿੰਘ ਸਾਹਿਬਾਨਾਂ ਨੂੰ ਬਦਲ ਸਕਦੇ ਹਨ, ਨਵੇਂ ਸਿੰਘ ਸਾਹਿਬਾਨਾਂ ਤੋਂ ਫੈਸਲੇ ਬਦਲਵਾ ਸਕਦੇ ਹਨ, ਪਰ ਲੋਕਾਂ ਦੀਆਂ ਨਜ਼ਰਾਂ ਵਿੱਚ ਦੁੱਧ ਧੋਤੇ ਨਹੀਂ ਹੋ ਸਕਦੇ। ਇਸ ਲਈ ਅਕਾਲੀ ਆਗੂਆਂ ਨੂੰ ਸਮਝ ਤੋਂ ਕੰਮ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸ਼ੀਲ ਤੋਂ ਸੁਣਾਏ ਫੈਸਲਿਆਂ ਨੂੰ ਇੰਨ ਬਿੰਨ ਲਾਗੂ ਕਰਨਾ ਚਾਹੀਦਾ ਹੈ ਅਤੇ ਸਿੰਘ ਸਾਹਿਬਾਨਾਂ ਵੱਲੋਂ ਬਣਾਈ ਕਮੇਟੀ ਅਨੁਸਾਰ ਭਰਤੀ ਕਰਵਾਉਣੀ ਚਾਹੀਦੀ ਹੈ।

ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913