ਡੈਮੋਕ੍ਰੇਟ ਪਾਰਟੀ ਦੀ ਪੁਰਜੋਰ ਹਮਾਇਤ ਲਈ ਉੱਘੇ ਗੁਰਸਿੱਖ ਅਟਾਰਨੀ ਜਸਪ੍ਰੀਤ ਸਿੰਘ ਆਏ ਅੱਗੇ ਕਾਂਗਰਸਮੈਨ ਦੇ ਦੋ ਉਮੀਦਵਾਰ ਕੈਲੀਫੋਰਨੀਆ ਵਿੱਖੇਂ ਪਹੁੰਚੇ ਅਟਾਰਨੀ ਦੇ ਦਫਤਰ

ਨਿਊਯਾਰਕ, 25 ਅਕਤੂਬਰ (ਰਾਜ ਗੋਗਨਾ)- ਅਮਰੀਕਾ ਵਿੱਚ ਅੱਜਕੱਲ੍ਹ ਰਾਸ਼ਟਰਪਤੀ ਦੀਆਂ ਚੋਣਾਂ ਦਾ ਦੌਰ ਜ਼ੋਰਾਂ ਨਾਲ ਚੱਲ ਰਿਹਾ ਹੈ। ਦੋਵੇਂ ਵੱਡੀਆਂ ਪਾਰਟੀਆਂ ਇਹ ਚੋਣਾਂ ਜਿੱਤਣ ਲਈ ਆਪੋ-ਆਪਣਾ ਜ਼ੋਰ ਲਾ ਰਹੀਆਂ ਹਨ। ਇਸ ਵਾਰ ਉੱਘੇ ਗੁਰਸਿੱਖ ਵਕੀਲ ਜਸਪ੍ਰੀਤ ਸਿੰਘ ਵੀ ਡੈਮੋਕ੍ਰੇਟ ਪਾਰਟੀ ਲਈ ਖੁੱਲ੍ਹ ਕੇ ਮਦਦ ਕਰਦੇ ਨਜ਼ਰ ਆਏ ਹਨ। ਉਹ ਹੇਠਲੇ ਪੱਧਰ ਤੋਂ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਲਈ ਉਮੀਦਵਾਰ ਕਮਲਾ ਹੈਰਿਸ ਨਾਲ ਵੀ ਕਈ ਵਾਰ ਚੋਣ ਪ੍ਰਚਾਰ ਦੌਰਾਨ ਦੇਖੇ ਗਏ ਹਨ। ਇਸੇ ਤਰ੍ਹਾਂ ਹੁਣ ਡੈਮੋਕ੍ਰੇਟ ਪਾਰਟੀ ਲਈ ਕਾਂਗਰਸਮੈਨ ਲਈ ਚੋਣ ਲੜ ਰਹੀਆਂ ਦੋ ਉਮੀਦਵਾਰ ਲਤੀਫਾ ਸਾਈਮਨ ਅਤੇ ਜੈਸਿਕਾ ਮੋਰਸ ਅਟਾਰਨੀ ਜਸਪ੍ਰੀਤ ਸਿੰਘ ਦੇ ਦਫਤਰ ਪਹੁੰਚੇ। ਇਸ ਮੌਕੇ ਸਿੱਖ ਭਾਈਚਾਰੇ ਦੇ ਹੋਰ ਵੀ ਬਹੁਤ ਸਾਰੇ ਆਗੂ ਡੈਮੋਕ੍ਰੇਟ ਪਾਰਟੀ ਦੀ ਹਿਮਾਇਤ ਲਈ ਪਹੁੰਚੇ ਹੋਏ ਸਨ।

ਇਸ ਦੌਰਾਨ ਅਟਾਰਨੀ ਜਸਪ੍ਰੀਤ ਸਿੰਘ ਅਟਾਰਨੀ ਨੇ ਲਤੀਫਾ ਸਾਈਮਨ ਅਤੇ ਜੈਸਿਕਾ ਮੋਰਸ ਦਾ ਭਰਵਾਂ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਜਿੱਥੇ ਸਿੱਖ ਕੌਮ ਨੂੰ ਅਮਰੀਕਾ ਵਿੱਚ ਆਉਂਦੀਆਂ ਦਰਪੇਸ਼ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ, ਉਸ ਦੇ ਨਾਲ-ਨਾਲ ਇਥੇ ਇਮੀਗ੍ਰੇਸ਼ਨ ਸੰਬੰਧੀ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਉਨ੍ਹਾਂ ਬਾਰਡਰ ‘ਤੇ ਰੁਲ਼ ਰਹੇ ਪ੍ਰਵਾਸੀਆਂ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਆਏ ਹੋਏ ਆਗੂਆਂ ਨੇ ਕਿਹਾ ਕਿ ਉਹ ਚੋਣਾਂ ਜਿੱਤਣ ਤੋਂ ਬਾਅਦ ਇਨ੍ਹਾਂ ਮੁਸ਼ਕਿਲਾਂ ਨੂੰ ਹੱਲ ਕਰਾਉਣ ਲਈ ਆਵਾਜ਼ ਉਠਾਉਣਗੇ।ਇਸ ਦੌਰਾਨ ਹੋਰਨਾਂ ਤੋਂ ਇਲਾਵਾ ਭਾਈਚਾਰੇ ਦੇ ਉੱਘੇ ਸਿੱਖ ਆਗੂ ਗੁਰਜਤਿੰਦਰ ਸਿੰਘ ਰੰਧਾਵਾ, ਜੱਸੀ ਸ਼ੇਰਗਿੱਲ, ਦਵਿੰਦਰ ਸਿੰਘ ਝਾਵਰ, ਗੁਰਮੀਤ ਸਿੰਘ ਵੜੈਚ, ਬਲਜੀਤ ਸਿੰਘ ਬਾਸੀ, ਬਲਵਿੰਦਰ ਸਿੰਘ ਸੰਧੂ, ਮਲਕੀਤ ਬੋਪਾਰਾਏ, ਬਲਵੰਤ ਸਿੰਘ ਵਿਰਕ ਅਤੇ ਅਮਰੀਕ ਸਿੰਘ ਕੈਲੇ ਵੀ ਹਾਜ਼ਰ ਸਨ। ਇਸ ਮੌਕੇ ਜਸਪ੍ਰੀਤ ਸਿੰਘ ਅਟਾਰਨੀ ਵੱਲੋਂ ਇਨ੍ਹਾਂ ਉਮੀਦਵਾਰਾਂ ਲਈ ਫੰਡ ਰੇਜ਼ਿੰਗ ਦਾ ਵੀ ਆਯੋਜਨ ਕੀਤਾ ਗਿਆ।