ਸਿੱਖ ਜਗਤ ਦੀ ਮਹਾਨ ਸਖਸ਼ੀਅਤ ਸ: ਇੰਦਰਜੀਤ ਸਿੰਘ ਰੇਖੀ ਨਹੀਂ ਰਹੇ!

ਵਾਸ਼ਿੰਗਟਨ, 9 ਅਕਤੂਬਰ ( ਰਾਜ ਗੋਗਨਾ )- ਸਿੱਖ ਜਗਤ ਦੀ ਮਹਾਨ ਸਖਸ਼ੀਅਤ ਸ੍ਰ. ਇੰਦਰਜੀਤ ਸਿੰਘ ਰੇਖੀ ਬੀਤੀ 6 ਅਕਤੂਬਰ 2024 ਸ਼ਾਮ 4:05 ਵਜੇ ਆਪਣੇ ਗ੍ਰਹਿ ਵਿਖੇ ਪਰਿਵਾਰ ਦੀ ਹਾਜ਼ਰੀ ’ਚ ਆਖਰੀ ਸਾਹ ਲੈਂਦੇ ਹੋਏ ਅਕਾਲ ਪੁਰਖ ਦੇ ਚਰਨਾ ’ਚ ਜਾ ਬਿਰਾਜੇ। ਉਹ ਇਕ ਮਹਾਨ ਗਤੀਸ਼ੀਲ ਸਖਸ਼ੀਅਤ ਸਨ ਅਤੇ ਉਹ ਸਿੱਖ ਜਗਤ ਅਤੇ ਰੇਖੀ ਪਰਿਵਾਰ ਦੇ ਥੰਮ੍ਹ ਮੰਨੇ ਜਾਂਦੇ ਸਨ। ਉਹਨਾਂ ਦਾ ਭਾਰਤ ਵਿਚ ਹੀ ਨਹੀਂ ਅਮਰੀਕਾ ਵਿਚ ਵੀ ਹਰ ਭਾਈਚਾਰੇ ਵਿਚ ਵੱਡਾ ਸਤਿਕਾਰ ਸੀ। ਅਮਰੀਕਾ ਵਿਚ ਉਹਨਾਂ ਸਿੱਖੀ ਅਤੇ ਗੁਰਬਾਣੀ ਦੇ ਪ੍ਰਚਾਰ ਲਈ ਜ਼ਿਕਰਯੋਗ ਯਤਨ ਕੀਤੇ। ਉਹਨਾਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਕੁਰਬਾਨੀਆਂ ਦੇ ਪ੍ਰਚਾਰ ਲਈ ਆਪਣੇ ਜੀਵਨ ਦਾ ਵੱਡਾ ਹਿੱਸਾ ਲਾਇਆ। ਇਸੇ ਟੀਚੇ ਲਈ ਉਹਨਾਂ ਗੁਰੂ ਨਾਨਕ ਫਾਊਂਡੇਸ਼ਨ ਆਫ ਅਮਰੀਕਾ ਦੇ ਚੇਅਰਮੈਨ ਅਤੇ ਜਨਰਲ ਸਕੱਤਰ ਵਜੋਂ ਲੰਮਾਂ ਸਮਾਂ ਸੇਵਾ ਕੀਤੀ। ਉਹਨਾਂ ਟੀ.ਵੀ. ਪ੍ਰੋਗਰਾਮਾਂ ਅਤੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿੱਚ ਬੋਲ ਕੇ ਸਾਡੇ ਗੁਰੂਆਂ ਲਈ ਆਪਣੇ ਪਿਆਰ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਪ੍ਰਚਾਰ ਵੀ ਕੀਤਾ।

ਉਹਨਾਂ ਦਿੱਲੀ ’ਚ 80 ਦੇ ਦਹਾਕੇ ਵਿਚ ਇਕ ‘ਰਾਜਨੀਤੀ ਸੰਸਾਰ’ ਨਾਮ ਦਾ ਪੰਜਾਬੀ ਅਖ਼ਬਾਰ ਵੀ ਪ੍ਰਕਾਸ਼ਿਤ ਕੀਤਾ ਸੀ। ਇਸ ਅਖਬਾਰ ਨੇ ਤਹਿਲਕਾ ਮਚਾਉਂਦਿਆਂ ਇੰਦਰਾ ਗਾਂਧੀ ਦੇ ਸਿੰਘਾਸਣ ਨੂੰ ਹਿਲਾ ਦਿੱਤਾ ਸੀ ਪਰ ਇਸ ਦਾ ਖ਼ਮਿਆਜ਼ਾ ਉਹਨਾਂ ਨੂੰ 1984 ਦੇ ਦਿੱਲੀ ਦੇ ਸਿੱਖ ਕਤਲੇਆਮ ਵਿਚ ਭੁਗਤਣਾ ਪਿਆ ਜਦੋਂ ਹਮਲਾਵਰਾਂ ਨੇ ਉਹਨਾਂ ਦੇ ਬਿਜ਼ਨਸ ਅਤੇ ਅਖਬਾਰ ਨੂੰ ਤਬਾਹ ਕਰ ਦਿੱਤਾ। ਇਸ ਤੋਂ ਉਪਰੰਤ ਉਹ ਅਮਰੀਕਾ ਪ੍ਰਵਾਸ ਕਰ ਗਏ ਸਨ।

ਜਾਣਨਯੋਗ ਹੈ ਕਿ ਉਹ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਸ: ਜਸਦੀਪ ਸਿੰਘ ਜੱਸੀ ਦੇ ਮਾਮਾ ਜੀ ਸਨ। ਸ: ਜੱਸੀ ਨੇ ਕਿਹਾ ਕਿ ਸ: . ਇੰਦਰਜੀਤ ਸਿੰਘ ਰੇਖੀ ਦਾ ਅਕਾਲ ਚਲਾਣਾ ਸਿਰਫ ਪਰਿਵਾਰ ਲਈ ਹੀ ਘਾਟਾ ਨਹੀਂ ਸਗੋਂ ਸਮੁੱਚੇ ਸਿੱਖ ਜਗਤ ਵਿਚ ਇਕ ਖਲਾਅ ਪੈਦਾ ਹੋ ਗਿਆ। ਸ: ਜੱਸੀ ਨੇ ਦੱਸਿਆ ਕਿ ਉਹਨਾਂ ਦੇ ਮਾਮਾ ਜੀ ਸ੍ਰ. ਇੰਦਰਜੀਤ ਸਿੰਘ ਰੇਖੀ ਉਹਨਾਂ ਦੇ ਪ੍ਰੇਰਨਾਸ੍ਰੋਤ ਸਨ ਅਤੇ ਉਹਨਾਂ ਵੱਲ ਵੇਖ ਕੇ ਹੀ ਉਹ ਸਿੱਖ ਧਰਮ ਅਤੇ ਸੇਵਾ ਕਾਰਜਾਂ ਦੇ ਨਾਲ ਜੁੜੇ। ਉਹਨਾਂ ਕਿਹਾ ਕਿ ਸ: . ਰੇਖੀ ਹਮੇਸ਼ਾ ਹੀ ਉਹਨਾਂ ਦੇ ਦਿਲ ਵਿਚ ਵਸਦੇ ਰਹਿਣਗੇ।

ਸ: ਇੰਦਰਜੀਤ ਸਿੰਘ ਰੇਖੀ ਸੱਚੇ ਸੁੱਚੇ ਚਰਿੱਤਰ, ਇਮਾਨਦਾਰੀ, ਅਤਿਅੰਤ ਸਿਆਣਪ, ਪਰਉਪਕਾਰੀ, ਅਦਭੁੱਤ ਬੁੱਧੀ, ਪਿਆਰ ਕਰਨ ਅਤੇ ਮੁਆਫ ਕਰਨ ਵਾਲੇ ਸੁਭਾਅ ਦੇ ਵਿਅਕਤੀ ਸਨ ਅਤੇ ਸਭ ਤੋਂ ਵੱਧ, ਉਨ੍ਹਾਂ ਦੀ ਸਿੱਖ ਧਰਮ ਅਤੇ ਗੁਰਸਿੱਖੀ ਪ੍ਰਤੀ ਵਚਨਬੱਧਤਾ ਬੇਮਿਸਾਲ ਸੀ। ਸ: ਰੇਖੀ ਦੇ ਅਕਾਲ ਚਲਾਣੇ ’ਤੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸਿਆਸੀ ਸੰਸਥਾਵਾਂ ਦੇ ਆਗੂਆਂ ਵਲੋਂ ਸ਼ੋਕ ਸੰਦੇਸ਼ ਭੇਜੇ ਜਾ ਰਹੇ ਹਨ ਜਿਨ੍ਹਾਂ ਵਿਚ ਮੈਰੀਡਲੈਂਡ ਦੇ ਗਵਰਨਰ ਵੈੱਸਮੋਰ ਨੇ ਸ਼ੋਕ ਸੰਦੇਸ਼ ਭੇਜਿਆ। ਦਿੱਲੀ ਦੇ ਉੱਘੇ ਸਿੱਖ ਆਗੂ ਸ੍ਰ. ਮਨਜੀਤ ਸਿੰਘ ਜੀ.ਕੇ. ਨੇ ਦੱਸਿਆ ਕਿ ਸ੍ਰ. ਇੰਦਰਜੀਤ ਸਿੰਘ ਰੇਖੀ ਦੀ ਉਹਨਾਂ ਦੇ ਪਿਤਾ ਜੀ ਜਥੇਦਾਰ ਸੰਤੋਖ ਸਿੰਘ ਨਾਲ ਬਹੁਤ ਨੇੜਤਾ ਸੀ ਤੇ ਦੋਵਾਂ ਨੇ ਸਾਂਝੇ ਤੌਰ ’ਤੇ ਕਈ ਪੰਥਕ ਕਾਰਜਾਂ ਵਿਚ ਹਿੱਸਾ ਪਾਇਆ ਸੀ। ਜਿਸ ਕਾਰਨ ਉਹਨਾਂ ਨੂੰ ਵੀ ਸ੍ਰ. ਰੇਖੀ ਦੇ ਅਕਾਲ ਚਲਾਣੇ ਦਾ ਬਹੁਤ ਦੁੱਖ ਹੋਇਆ ਹੈ। ਸਿੱਖਸ ਆਫ਼ ਅਮੈਰਿਕਾ ਵਲੋਂ ਪ੍ਰਧਾਨ ਕੰਵਲਜੀਤ ਸਿੰਘ ਸੋਨੀ, ਵਾਈਸ ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ ਅਤੇ ਸਮੱੁਚੇ ਡਾਇਰਕੈਟਰ, ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਦੇ ਚੇਅਰਮੈਨ ਸ੍ਰ. ਚਰਨਜੀਤ ਸਿੰਘ ਸਰਪੰਚ, ਨਿਊਯਾਰਕ ਲੌਂਗ ਆਈਲੈਂਡ ਗੁਰਦੁਆਰਾ ਸਾਹਿਬ ਤੋਂ ਵਿਕਾਸ ਢੱਲ ਨੇ ਵੀ ਸ਼ੋਕ ਸੰਦੇਸ਼ ਭੇਜੇ। ਅੰਤਿਮ ਸਸਕਾਰ ਅਤੇ ਭੋਗ (ਅੰਤਿਮ ਅਰਦਾਸ) ਦੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।