ਬੇਚੈਨ ਹੋਣਾ ਸਿੱਖੋ

ਲੇਖਕ : ਜਸਵਿੰਦਰ ਸੁਰਗੀਤ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਪੰਨੇ : 102 ਮੁੱਲ : 225 ਰੁਪਏ


ਪੁਸਤਕ ‘ਬੇਚੈਨ ਹੋਣਾ ਸਿੱਖੋ’ ਜਸਵਿੰਦਰ ਸੁਰਗੀਤ ਦਾ ਲੇਖ ਸੰਗ੍ਰਹਿ ਹੈ, ਜਿਸ ਵਿੱਚ 21 ਲੇਖ ਹਨ। ਇਹਨਾਂ ਚੋਂ ਵਧੇਰੇ ਅਖ਼ਬਾਰਾਂ ਦੇ ਮਿਡਲ ਕਾਲਮ ਵਿੱਚ ਛਪ ਚੁੱਕੇ ਹਨ। ਲੇਖਕ ਸਕੂਲ ਅਧਿਆਪਕ ਹੈ, ਸਰਕਾਰੀ ਸਕੂਲਾਂ ਵਿੱਚ ਆਮ ਤੌਰ ਤੇ ਗਰੀਬ, ਦੱਬੇ ਕੁਚਲੇ, ਮਜਦੂਰ ਪਰਿਵਾਰਾਂ ਦੇ ਬੱਚੇ ਹੀ ਪੜਦੇ ਹਨ ਜਿਹਨਾਂ ਨੂੰ ਦੁਸ਼ਵਾਰੀਆਂ, ਮੁਸਕਿਲਾਂ, ਔਕੜਾਂ, ਮਜਬੂਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੁਰਗੀਤ ਨੇ ਸਕੂਲਾਂ ’ਚ ਵਾਪਰਦੀਆਂ ਛੋਟੀਆਂ ਛੋਟੀਆਂ ਘਟਨਾਵਾਂ ਨੂੰ ਵੇਖਿਆ ਹੰਢਾਇਆ ਅਤੇ ਫੇਰ ਕਲਮਬੱਧ ਕੀਤਾ ਹੈ। ਉਸ ਦੀਆਂ ਰਚਨਾਵਾਂ ਗਰੀਬ ਲੋਕਾਂ ਦੀ ਬਾਤ ਪਾਉਂਦੀਆਂ ਹਨ ਅਤੇ ਸੱਚ ਦੇ ਬਿਲਕੁੱਲ ਨੇੜੇ ਹਨ।

ਲੇਖ ‘ਸਰ ਛੁੱਟੀ ਚਾਹੀਦੀ ਹੈ’ ਵਿੱਚ ਬੱਚਿਆਂ ਵੱਲੋਂ ਛੁੱਟੀ ਮੰਗਣ ਦੇ ਕਾਰਨ ਪਿਤਾ ਜੇਲ ’ਚ ਹੈ ਮੁਲਾਕਾਤ ਤੇ ਜਾਣਾ, ਮਾਂ ਬਿਮਾਰ ਹੈ ਘਰ ’ਚ ਹੋਰ ਕੋਈ ਨਹੀਂ, ਚਮੜੀ ਰੋਗ ਹੈ, ਬੱਚੀ ਦੀ ਰਿਪੋਰਟ ’ਚ ਕੈਂਸਰ ਪਰਤੱਖ ਹੋ ਗਿਆ ਆਦਿ ਹਨ। ਇਲਾਜ ਤੋਂ ਅਸਮਰੱਥ ਪਰਿਵਾਰ ਧੌਲੇ ਤਵੀਤ ਦੇ ਚੱਕਰਾਂ ਵਿੱਚ ਪੈ ਜਾਂਦੇ ਹਨ। ਰਚਨਾ ‘ਸਾਡੇ ਗਰੀਬਾਂ ਵੱਲ ਕੌਣ ਝਾਕਦੈ’ ਵਿੱਚ ਲੇਖਕ ਨੇ ਗਰੀਬ ਬਸਤੀ ਦਾ ਨਕਸ਼ਾ ਖਿੱਚਿਆ ਹੈ, ਜਦੋਂ ਉਹ ਸਕੂਲ ਦਾਖ਼ਲੇ ਲਈ ਮਾਪਿਆਂ ਨੂੰ ਸੁਝਾਅ ਦੇਣ ਜਾਂਦੇ ਹਨ। ਲੋਕਾਂ ਦੇ ਘਰਾਂ ਦੀ ਹਾਲਤ ਭੀੜੀਆਂ ਗਲੀਆਂ, ਨਾਲੀਆਂ ’ਚ ਵਗਦਾ ਗੰਦਾ ਪਾਣੀ, ਚਿੱਕੜ, ਮੁਸ਼ਕ, ਟੁੱਟੇ ਫੁੱਟੇ ਘਰ, ਬੇਰੌਣਕੇ ਚਿਹਰੇ। ਬੱਚਿਆਂ ਨੂੰ ਪੜਾਉਣ ਤੋਂ ਅਸਮਰੱਥਤਾ ਤੇ ਮਨ ’ਚ ਵਸੀ ਧਾਰਨਾ ਕਿ ਪੜ ਕੇ ਕਿਹੜਾ ਨੌਕਰੀਆਂ ਧਰੀਆਂ ਪਈਆਂ ਹਨ, ਕਰਨੀ ਤਾਂ ਦਿਹਾੜੀ ਹੀ ਐ। ਦੇਸ਼ ਦੇ ਸਿਸਟਮ ਤੇ ਟਕੋਰ ਕਰਦਾ ਲੇਖ ਹੈ ਕਿ ਗਰੀਬੀ ਇਹਨਾਂ ਨੇ ਕਮਾਈ ਹੋਈ ਹੈ ਕਿ ਇਹਨਾਂ ਤੇ ਥੋਪੀ ਹੋਈ ਹੈ। ਇਹ ਵੱਡਾ ਸੁਆਲ ਹੈ। ‘ ਸਤਰੰਗੇ ਦਿਨ’ ਵਿੱਚ ਸਕੂਲ ਤੇ ਉੱਚ ਸਿੱਖਿਅਕ ਸੰਸਥਾਵਾਂ, ਯੂਨੀਵਰਸਟੀਆਂ, ਰਿਜਨਲ ਸੈਂਟਰਾਂ ਦੇ ਅੰਤਰ ਨੂੰ ਬਾਖੂਬੀ ਪੇਸ਼ ਕੀਤਾ ਹੈ। ‘ਸੇਵਾ ਤੇ ਸਨਮਾਨ’ ਰਚਨਾ ਵਿੱਚ ਵਿਦਿਆਰਥੀ ਮੁੰਡੇ ਕੁੜੀਆਂ ਵੱਲੋਂ ਪਿੰਡ ਦੇ ਸੁਧਾਰ ਲਈ ਲਗਾਏ ਕੈਂਪ ਨੂੰ ਅਨਪੜ ਪੇਂਡੂ ਲੋਕ ਕੰਜਰਖਾਨਾ ਹੀ ਦਸਦੇ ਹਨ, ਪਰ ਬਾਅਦ ’ਚ ਉਹਨਾਂ ਦਾ ਕੰਮ ਵੇਖ ਕੇ ਮੁੜ ਕੈਂਪ ਲਾਉਣ ਦਾ ਸੱਦਾ ਦਿੰਦੇ ਹਨ।
‘ਮੈਲਾ ਬੋਲ’ ਬਹੁਤ ਭਾਵਨਾਤਮਕ ਰਚਨਾ ਹੈ। ਇੱਕ ਪੋਤੀ ਆਪਣੇ ਬਜੁਰਗ ਦਾਦੇ ਦੀ ਬਹੁਤ ਸੇਵਾ ਸੰਭਾਲ ਕਰਦੀ ਹੈ। ਦਾਦੇ ਦੀ ਮੌਤ ਹੋਣ ਤੇ ਪਰਿਵਾਰ ਦੀ ਸਹਿਮਤੀ ਨਾਲ ਮਿ੍ਰਤਕ ਦੇਹ ਨੂੰ ਅਗਨੀ ਵਿਖਾਉਂਦੀ ਹੈ ਅਤੇ ਭੋਗ ਉਪਰੰਤ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਨੂੰ ਆਪਣੇ ਸਿਰ ਤੇ ਚੁੱਕ ਕੇ ਗੁਰਦੁਆਰਾ ਸਾਹਿਬ ਪਹੁੰਚਦੀ ਹੈ। ਇਸ ਮੌਕੇ ਇੱਕ ਵਿਅਕਤੀ ਦੇ ਬੋਲ ‘ਨਾ ਕੀ ਗੱਲ! ਬੰਦੇ ਮੁੱਕ ਗਏ ਸੀ, ਮਾਰਾਜ ਸਾਬ ਕੁੜੀ ਤੇ ਸਿਰ ਤੇ ਰਖਾ ਤਾ’’ ਸੁਣਨ ਵਾਲਿਆਂ ਨੂੰ ਗੁਰੂਆਂ ਦੇ ਬਰਾਬਰਤਾ ਦੇ ਉਪਦੇਸ ਤੇ ਕੀਤੀ ਚੋਟ ਉਦਾਸ ਕਰ ਦਿੰਦੀ ਹੈ। ‘ਵੇ ਮੁੰਡਿਆ ਕਿਸਾਨਾਂ ਦਾ ਕੀ ਬਣੂ?’ ਲੇਖ ’ਚ ਜਿੱਥੇ ਮਮਤਾ ਝਲਕਦੀ ਹੈ, ਉੱਥੇ ਬਜੁਰਗਾਂ ਉੱਪਰ ਕਿਸਾਨੀ ਅੰਦੋਲਨ ਦੇ ਪਏ ਪ੍ਰਭਾਵ ਅਤੇ ਚਿੰਤਾ ਦਾ ਅਸਰ ਵਿਖਾਈ ਦਿੰਦਾ ਹੈ। ‘ਬੇਚੈਨ ਹੋਣਾ ਸਿੱਖੋ’ ਗਰੀਬੀ ਦੀ ਮਿੱਥ ਤੋੜ ਕੇ ਲੀਹ ਦੀ ਦਿਸ਼ਾ ਬਦਲਣ ਦਾ ਖੂਬਸੂਰਤ ਸੁਨੇਹਾ ਹੈ। ‘ਉਹ ਵਾਸੀ ਹੈ ਸੁਖ ਮੰਦਰ ਦਾ’ ਇੱਕ ਦੁਖਿਆਰੇ ਪਰ ਦਲੇਰ ਵਿਅਕਤੀ ਦੀ ਕਹਾਣੀ ਹੈ, ਜਿਸਦਾ ਜਵਾਨ ਪੁੱਤ ਮਰ ਜਾਣ ਤੇ ਵੀ ਉਹ ਡੋਲਦਾ ਨਹੀਂ। ਸਾਰੀ ਜਿੰਦਗੀ ਹੱਸਦਾ ਖੇਡਦਾ, ਮੋਹ ਕਰਦਾ ਹੋਇਆ ਹੰਢਾਉਦਾ ਹੈ ਅਤੇ ਅਖ਼ੀਰ ’ਚ ਬੈਠਾ ਬੈਠਾ ਇਸ ਦੁਨੀਆਂ ਨੂੰ ਛੱਡ ਜਾਂਦਾ ਹੈ। ਇਹ ਰਚਨਾ ਦੁੱਖਾਂ ਕਲੇਸਾਂ ਦਾ ਤਿਆਗ ਕਰਕੇ ਹੌਂਸਲੇ ਨਾਲ ਜੀਵਨ ਜਿਉਣ ਦਾ ਚੰਗਾ ਸੁਨੇਹਾ ਹੈ।

‘ਉਜੜਣਾ ਮੁਬਾਰਕ’ ਇੱਕ ਅਪੰਗ ਮੁਲਾਜਮ ਕੁੜੀ ਦੀ ਵਿਥਿਆ ਹੈ, ਜੋ ਜੁਆਇਨਿੰਗ ਸਮੇਂ ਨਫ਼ਰਤ ਦੀ ਪਾਤਰ ਸੀ, ਪਰ ਉਸਨੇ ਮਿਹਨਤ ਨਾਲ ਕੰਮ ਕਰਕੇ ਮਾਣ ਸਨਮਾਨ ਹਾਸਲ ਕੀਤਾ। ‘ਚੋਣ ਡਿਉਟੀ ਬਨਾਮ ਬੇਬੇ ਦੇ ਬੋਲ’ ਪੋਲਿਗ ਬੂਥ ਤੇ ਕੀਤਾ ਹਮਲਾ ਲੋਕ ਰਾਜ ਦਾ ਮੂੰਹ ਚਿੜਉਦਾ ਨਜ਼ਰ ਆਉਂਦਾ ਹੈ। ‘ਧੁੰਨ ਦੇ ਪੱਕੇ ਧੀਰਜ ਵਾਲੇ’ ਗਰੀਬ ਦੀ ਧੀ ਨੂੰ ਪੜਾਉਣ ਤੋਂ ਅਸਮਰੱਥ ਪਰਿਵਾਰ ਦੀ ਮਜਬੂਰੀ ਪ੍ਰਗਟ ਕਰਦੀ ਹੈ, ਪਰ ਕੁੜੀ ਹੌਂਸਲੇ ਨਾਲ ਟੀਚਾ ਹਾਸਲ ਕਰ ਲੈਂਦੀ ਹੈ। ‘ਵਗਦੀ ਗੰਗਾ ਚ’ ਇਮਤਿਹਾਨ ਕੇਂਦਰਾਂ ਵਿੱਚ ਆਏ ਨਿਘਾਰ ਨੂੰ ਪਰਤੱਖ ਕਰਦੀ ਅਤੇ ਜੁਮੇਵਾਰੀ ਤੇ ਪਹਿਰਾ ਦੇਣ ਦਾ ਹੌਂਸਲਾ ਕਰਨ ਦੀ ਸ਼ਾਹਦੀ ਭਰਦੀ ਰਚਨਾ ਹੈ। ‘ਛਲੇਡਾ’ ਸੱਤਾ ਹਾਸਲ ਕਰਨ ਲਈ ਰਾਜਨੀਤਕ ਚਾਲਾਂ ਨੂੰ ਉਘੇੜਦੀ ਹੈ। ‘ਕਾਟੋ ਕਲੇਸ’ ਘਰੇਲੂ ਝਗੜੇ ਤੇ ਮਾਂ ਬਾਪ ਦੀ ਸੇਵਾ ਸੰਭਾਲ ਨਾ ਹੋਣ ਦੀ ਗਾਥਾ ਹੈ। ‘ਸੇਵਕ ਦਾ ਹਾਸਾ’ ਤੰਗੀਆਂ ਤਰੁਸੀਆਂ ਵਿੱਚ ਪਲੇ ਪੜੇ ਚੌਂਕੀਦਾਰ ਦਾ ਸਬਰ ਪਾਠਕ ਨੂੰ ਹਲੂਣਦਾ ਹੈ। ‘ਸਫ਼ਰ’ ਜਿੰਦਗੀ ਜਿਉਣ ਦਾ ਗੁਰ ਜਾਪਦਾ ਹੈ, ਅਜਨਵੀ ਦੇ ਬੋਲ ਹਨ, ਨਾ ਆਏ ਦੀ ਬਾਹਲੀ ਖੁਸ਼ੀ ਕਰੀਏ ਨਾ ਗਏ ਦਾ ਦੁੱਖ ਮਨਾਈਏ। ‘ਬੁਝਾਰਤ’ ਇਨਸਾਨ ਦੀ ਮੌਤ ਦੇ ਡਰ ਉੱਪਰ ਸੁਆਲ ਪੈਦਾ ਕਰਦਾ ਲੇਖ ਹੈ। ‘ਖੇਡ ਮੇਲਾ’ ਖਿਡਾਰਨਾਂ ਨੂੰ ਹੌਂਸਲਾ ਦੇਣ ਵਾਲੀ ਰਚਨਾ ਹੈ। ‘ਹਾਦਸਾ ਦਰ ਹਾਦਸਾ’ ਘਰੇਲੂ ਮਜਬੂਰੀਆਂ ਹੀ ਧੀਆਂ ਦੀ ਪੜਾਈ ਦੀਆਂ ਦੁਸਮਣ ਬਣ ਜਾਂਦੀਆਂ ਹਨ, ਇਸ ਲੇਖ ਦਾ ਸਾਰ ਤੱਤ ਹੈ। ‘ਸਾਂਝੀ ਵਿਥਿਆ’ ਚੋਣਵੇਂ ਵਿਸ਼ੇ ਬਾਰੇ ਵਿਦਿਆਰਥੀਆਂ ਦੀ ਆਜ਼ਾਦ ਮਰਜੀ ਤੇ ਸੁਆਲ ਖੜਾ ਕਰਦੀ ਰਚਨਾ ਹੈ।

ਰਚਨਾਵਾਂ ਬਹੁਤ ਭਾਵਨਾਤਮਕ, ਸਿੱਖਿਆਦਾਇਕ, ਹੌਂਸਲਾ ਦੇਣ ਵਾਲੀਆਂ ਹਨ ਅਤੇ ਵਿਅਕਤੀ ਦੇ ਭਵਿੱਖ ਨੂੰ ਪ੍ਰਭਾਵਿਤ ਕਰਦੀਆਂ ਹਨ। ਇਹ ਪੁਸਤਕ ਸਾਂਭਨਯੋਗ ਦਸਤਾਵੇਜ਼ ਹੈ। ਜਸਵਿੰਦਰ ਸੁਰਗੀਤ ਵਧਾਈ ਦਾ ਪਾਤਰ ਹੈ ਅਤੇ ਉਸਤੋਂ ਹੋਰ ਰਚਨਾਵਾਂ ਦੀ ਉਮੀਦ ਪ੍ਰਗਟ ਹੁੰਦੀ ਹੈ।

ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913