ਕਿਸੇ ਸਮੇਂ ਵੀ ਡਿੱਗ ਸਕਦੀ ਹੈ ਕੈਨੇਡਾ ‘ਚ ਟਰੂਡੋ ਦੀ ਸਰਕਾਰ, ਜਗਮੀਤ ਸਿੰਘ ਨੇ ਲਿਬਰਲ ਸਰਕਾਰ ਤੋਂ ਵਾਪਸ ਲਈ ਹਮਾਇਤ

ਕੈਨੇਡਾ: ਕੈਨੇਡਾ ਵਿੱਚ ਕਿਸੇ ਵੀ ਸਮੇਂ ਟਰੂਡੋ ਦੀ ਸਰਕਾਰ ਡਿੱਗ ਸਕਦੀ ਹੈ ਕਿਉਂਕਿ ਐਨਡੀਪੀ ਦੇ ਨੇਤਾ ਜਗਮੀਤ ਸਿੰਘ ਨੇ ਲਿਬਰਲ ਸਰਕਾਰ ਨਾਲ ਸਮਝੌਤਾ ਰੱਦ ਕਰ ਦਿੱਤਾ ਹੈ ਅਤੇ ਹਮਾਇਤ ਵਾਪਸ ਲੈ ਲਈ ਹੈ। ਕੈਨੇਡਾ ’ਚ ਇਸ ਵੇਲੇ ਲਿਬਰਲ ਦੀ ਘੱਟ ਗਿਣਤੀ ਸਰਕਾਰ ਹੈ ਜੋ ਐੱਨਡੀਪੀ ਦੀ ਮਦਦ ਨਾਲ ਚੱਲ ਰਹੀ ਹੈ।

ਐੱਨਡੀਪੀ ਨੇ ਕੁਝ ਸ਼ਰਤਾਂ ਦੇ ਆਧਾਰ ’ਤੇ ਲਿਬਰਲ ਪਾਰਟੀ ਨਾਲ ਸਮਝੌਤਾ ਕੀਤਾ ਸੀ। ਇਸ ਸਮਝੌਤੇ ਤਹਿਤ ਫਾਰਮਾ ਕੇਅਰ, ਡੈਂਟਲ ਪ੍ਰੋਗਰਾਮ ਜਿਹੇ ਐੱਨਡੀਪੀ ਦੇ ਮੁੱਖ ਮੁੱਦੇ ਸ਼ਾਮਲ ਸਨ। ਇਹ ਸਮਝੌਤਾ ਲਿਬਰਲ ਪਾਰਟੀ ਤੇ ਐੱਨਡੀਪੀ ’ਚ ਮਾਰਚ 2022 ਨੂੰ ਸਾਇਨ ਹੋਇਆ ਸੀ ਜੋ ਜੂਨ 2025 ਤੱਕ ਸੀ। ਆਮ ਚੋਣਾਂ ਅਕਤੂਬਰ 2025 ’ਚ ਹੋਣੀਆਂ ਸਨ ਪਰ ਜਗਮੀਤ ਸਿੰਘ ਨੇ ਇਸ ਤੋਂ ਪਹਿਲਾਂ ਹੀ ਹਮਾਇਤ ਵਾਪਸ ਲੈਣ ਦਾ ਐਲਾਨ ਕਰਦਿਆਂ ਕਿਹਾ ਕਿ ਲਿਬਰਲਾਂ ਨੇ ਲੋਕਾਂ ਦੇ ਹਿੱਤਾਂ ਨੂੰ ਢਾਹ ਲਾਈ ਹੈ। ਇਸ ਲਈ ਉਹ ਲਿਬਰਲ ਪਾਰਟੀ ਤੋਂ ਹਮਾਇਤ ਵਾਪਸ ਲੈ ਰਹੇ ਹਨ। ਇਸ ਸਬੰਧੀ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਸਰਦ ਰੁੱਤ ਸੈਸ਼ਨ ’ਚ ਕੋਈ ਅਜਿਹਾ ਵਿੱਤੀ ਬਿੱਲ ਲਿਆਂਦਾ ਜਾਵੇਗਾ ਜਿਸ ’ਚ ਵੋਟਿੰਗ ਦੌਰਾਨ ਲਿਬਰਲਾਂ ਨੂੰ ਢਾਹ ਲੱਗ ਸਕਦੀ ਹੈ। ਸਿੱਟੇ ਵਜੋਂ ਸਰਕਾਰ ਮੂੰਹ ਦੇ ਭਾਰ ਡਿੱਗ ਸਕਦੀ ਹੈ।