ਆਕਲੈਂਡ : ਨਿਊਜ਼ੀਲੈਂਡ ਵਿਚ ਆਪਣੀ ਸਾਬਕਾ ਪਤਨੀ ’ਤੇ ਕਾਤਲਾਨਾ ਹਮਲਾ ਕਰਨ ਵਾਲੇ ਭਾਰਤੀ ਮੂਲ ਦੇ ਮਿਤੇਸ਼ ਕੁਮਾਰ ਨੇ ਗੁਨਾਹ ਕਬੂਲ ਕਰ ਲਿਆ ਹੈ। ਆਪਣੇ ਕਬੂਲਨਾਮੇ ਵਿਚ ਮਿਤੇਸ਼ ਨੇ ਕਿਹਾ ਕਿ ਜੇ ਉਸ ਦੀ ਸਾਬਕਾ ਪਤਨੀ ਮਰ ਜਾਂਦੀ ਅਤੇ ਉਹ ਜੇਲ੍ਹ ਚਲਾ ਜਾਂਦਾ ਤਾਂ ਸਾਰੀ ਜਾਇਦਾਦ ਬੱਚਿਆਂ ਨੂੰ ਮਿਲਦੀ, ਬੱਸ ਇਹੀ ਉਸ ਦਾ ਮਕਸਦ ਸੀ। ਮੀਡੀਆ ਰਿਪੋਰਟਾਂ ਮੁਤਾਬਕ ਮਿਤੇਸ਼ ਕੁਮਾਰ 18 ਸਾਲ ਦੇ ਵਿਆਹ ਮਗਰੋਂ ਫਰਵਰੀ 2023 ਵਿਚ ਆਪਣੀ ਪਤਨੀ ਤੋਂ ਵੱਖ ਹੋਇਆ ਪਰ ਤਲਾਕ ਦੇ ਮਸਲੇ ’ਤੇ ਦੋਹਾਂ ਵਿਚਾਲੇ ਵਿਵਾਦ ਚੱਲ ਰਿਹਾ ਸੀ।
ਮਿਤੇਸ਼ ਦੀ ਪਤਨੀ ਤਲਾਕ ਦੇ ਇਵਜ਼ ਵਿਚ ਵਧੇਰੇ ਰਕਮ ਦੀ ਮੰਗ ਕਰ ਰਹੀ ਸੀ ਜਦਕਿ ਮਿਤੇਸ਼ ਘੱਟ ਰਕਮ ਅਦਾ ਕਰਨਾ ਚਾਹੁੰਦਾ ਸੀ। 11 ਜਨਵਰੀ ਨੂੰ ਵਾਪਰੀ ਵਾਰਦਾਤ ਤੋਂ ਪਹਿਲਾਂ ਮਿਤੇਸ਼ ਦੀ ਸਾਬਕਾ ਪਤਨੀ ਆਪਣੇ ਦੋਹਾਂ ਬੱਚਿਆਂ ਨੂੰ ਚਾਰ ਮਹੀਨੇ ਤੋਂ ਨਹੀਂ ਸੀ ਮਿਲੀ ਜਿਸ ਦੇ ਮੱਦੇਨਜ਼ਰ ਇਕ ਰੈਸਟੋਰੈਂਟ ਵਿਚ ਮੁਲਾਕਾਤ ਦਾ ਪ੍ਰਬੰਧ ਕੀਤਾ ਗਿਆ। ਪਰ ਮਿਤੇਸ਼ ਕੁਝ ਹੋਰ ਹੀ ਸੋਚ ਰਿਹਾ ਸੀ। ਮਿਤੇਸ਼ ਤੈਅ ਸਮੇਂ ’ਤੇ ਰੈਸਟੋਰੈਂਟ ਅੰਦਰ ਦਾਖਲ ਹੋਇਆ ਅਤੇ ਉਥੇ ਮੌਜੂਦ ਪਤਨੀ ਸਾਹਮਣੇ ਜਾ ਕੇ ਬੈਠ ਗਿਆ। ਪਤਨੀ ਨੇ ਬੱਚਿਆਂ ਬਾਰੇ ਪੁੱਛਿਆ ਤਾਂ ਉਸ ਨੇ ਕਹਿ ਦਿੱਤਾ ਕਿ ਬੱਚੇ ਸੜਕ ਦੇ ਪਾਰ ਖੜ੍ਹੇ ਹਨ ਅਤੇ ਜਲਦ ਹੀ ਅੰਦਰ ਆ ਜਾਣਗੇ।