ਪਿੰਡ, ਪੰਜਾਬ ਦੀ ਚਿੱਠੀ (203)

ਠੀਕ-ਠਾਕ ਹੋ ਭਾਈ ਸਾਰੇ? ਅਸੀਂ ਵੀ ਰਾਜ਼ੀ-ਖੁਸ਼ੀ ਹਾਂ। ਅੱਗੇ ਸਮਾਚਾਰ ਇਹ ਹੈ ਕਿ ਹਰਸੰਤ ਕੁਰ ਉਰਫ ਮਾਈ ਸੰਤੀ ਚੱਲ ਵੱਸੀ ਹੈ। ਭੋਗ ਤੋਂ ਪਹਿਲਾਂ ਮਿੱਠੇ ਦਾ ਮੁੰਡਾ ਅਤੇ ਉਸਦੀ ਵਿਆਹੀ ਕੁੜੀ ਫੁੱਲ ਪਾਉਣ ਗਏ। ਪਾਠੀ ਸਿੰਘ ਰੋਟੀ ਖਾ ਚਾਲੇ ਪਾਗੇ। ਕੁਰਨ-ਕੁਰਨ ਕਰਨ ਵਾਲਾ ਕੁੰਨਣ ਸਿੰਹੁ, ‘ਬੋਲਾ ਬਾਬਾਪਰਾਂਹ ਹੋ ਅੜਿੰਗ-ਬੜਿੰਗ ਹੋ ਗਿਆ। ਵੇਹਲ ਵੇਖ ਮਾਸਟਰ ਅਮਰ ਸਿੰਹੁ, ਮਿੱਠੇ ਦੇ ਨੇੜੇ ਹੁੰਦਾ, ਹੌਲੀ ਦੇਣੇ ਪੁੱਛਣ ਲੱਗਾ, “ਕੋਈ ਗੱਲ ਬਣੀ ਫੇਰ?" “ਨਹੀਂ, ਨੂੰਹ-ਪੁੱਤ, ਇੱਕੋ ਲੱਤਤੇ ਈ ਐ, ‘ਸ਼ਹਿਰ ਚੱਲ ਭੋਗ ਮਗਰੋਂ ਸਾਡੇ ਨਾਲ, ਏਥੇ ਕੀ ਕਰੇਂਗਾ? ਹੁਣ ਤਾਂ ਕੁੜੀ ਵੀ ਉਨ੍ਹਾਂ ਦੀ ਬੋਲੀ ਬੋਲਦੀ ਐ।” ਮਿੱਠਣ ਸਿੰਹੁ ਉਰਫ ਮਿੱਠੇ ਨੇ ਮਰੇ ਜਿਹੇ ਬੋਲ ਕੱਢੇ, “ਨਾ ਕੁੜੀ ਨੂੰ ਕੀ ਲਾਲਚ ਐ ਭਲਾ?” ਅਮਰ ਸਿੰਹੁ ਨੇ ਪੁੱਛਿਆ। “ਆਂਹਦੀ, ਸ਼ਹਿਰ ਮੈਨੂੰ ਵੀ ਨੇੜੇ ਐ, ਮਿਲਣਾ ਸੌਖੈ, ਬਾਕੀ ਉਹਦੇ ਢਿੱਡ ਦਾ ਕੀ ਪਤਾ?” ਟੁੱਟੇ ਦਿਲ ਨਾਲ ਮਿੱਠਾ ਉਭਾਸਰਿਆ। “ਤੂੰ ਫੇਰ ਕੀ ਨਿਰਣਾਂ ਕੀਤਾ?” ਮਾਸਟਰ ਨੇ ਫਰੋਲਿਆ।

“ਮੇਰੀ ਤਾਂ ਵੱਢੀ ਰੂਹ ਨੀਂ ਮੰਨਦੀ, ਜੇ ਧੱਕਾ ਕੀਤਾ ਤਾਂ ਕੌਰੇ ਤੇ ਲੱਖੇ ਵਾਂਗੂੰ ਸਾਲ-ਛੀ ਮੀਹਨਿਆਂ ਨੂੰ ਮੇਰਾ ਵੀ ਭੋਗ ਪੈਜੂ – ਵੇਖਲੀਂ।” ਮਿੱਠਾ ਸਿੰਹੁ ਨੇ ਠੰਡਾ ਸਾਹ ਭਰਿਆ ਹੀ ਸੀ ਕਿ ਕੋਈ ਹਿਰਖ ਕਰਨ ਆ ਗਿਆ। ਗੱਲਾਂ ਹੋਰ ਚੱਲ ਪੀਆਂ। ਮਾਸਟਰ ਸੋਚਦਾ-ਸੋਚਦਾ ਡੂੰਘਾ ਲਹਿ ਗਿਆ। ਟੂਲੇ ਜੇ ਲੈਂਦਾ ਰਿਹਾ। ਹਿਰਖ ਆਲੇ ਤੁਰਗੇ ਤਾਂ ਆਸੇ-ਪਾਸੇ ਬਿੜਕ ਲਈ। ਬੋਲਾ ਬਾਬਾ ਘੁਰਾੜੇ ਦੱਬੀ ਆਂਉਂਦਾ ਸੀ। ਮਾਸਟਰ ਨੇ ਉੱਠ ਕੇ ਪਾਣੀ ਪੀਤਾ, ਮਿੱਠੇ ਨੂੰ ਪਿਆਇਆ। ਬਾਹਰ ਜਾ ਮੁੰਡਿਆਂ ਨੂੰ ਚਾਹ ਬਣਾ ਕੇ ਲਿਆਉਣ ਲਈ ਵਾਜ ਮਾਰੀ ਅਤੇ ਛੇਤੀ ਅੰਦਰ ਆ ਬੋਲਿਆ, “ਬਾਈ, ਮੈਨੂੰ ਇੱਕ ਹੱਲ ਲੱਭਾ ਤੇਰਾ", “ਕੀ?" ਆਸ ਨਾਲ ਮਿੱਠਾ ਝਾਕਿਆ। “ਜੇ ਤੂੰ ਨਾਂ ਜਾਵੇਂ ਸ਼ਹਿਰ, ਮੇਰੇ ਕੋਲ ਰਹਿਜੇਂ ਤਾਂ?" ਮਿੱਠੂ ਵੱਲ ਝਾਕਦਾ ਮਾਸਟਰ ਉੱਤਰ ਉਡੀਕਣ ਲੱਗਾ। “ਓਹ ਭਲਾ ਕਿਵੇਂ?" ਆਸ ਨਾਲ ਮਿੱਠੂ ਦੀਆਂ ਅੱਖਾਂ ਚਮਕੀਆਂ। “ਦੇਖ! ਤੇਰੀ ਭਰਜਾਈ ਵੀ ਹੈ ਨੀਂ, ਮੈਂ ਕੱਲਾਂ, ਇੱਕੋ ਟਿੰਡ ਮੇਰੀ ਕਨੇਡੇ ਐ।

ਉੱਥੇ ਵੀ ਮੈਂ ਜਾ ਕੇ ਵੇਖ ਆਇਆਂ ਪੰਜੀ ਦਾ ਭੌਣ। ਪਿਲਸਨ ਮੈਨੂੰ ਆਂਉਂਦੀ ਐ, ਸਫ਼ਾਈ ਆਲੀ ਗੁੱਲੀਆਂ ਵੀ ਲਾਹ ਜਾਂਦੀਐ। ਜੇ ਘਰ ਵੇਚਣਗੇ, ਤਾਂ ਨਾਲ ਲੱਗਦਾ, ਮੈਂ ਲੈ ਲੂੰ, ਸਣੇ, ਸਮਾਨ, ਪੇਟੀਆਂ, ਖੇਸ ਤੇ ਬਾਕੀ ਸਾਰਾ ਕੁਸ। ਬਾਰੀ ਪਹਿਲਾਂ ਈ ਐ, ਬਾਰ ਭੰਨ ਲਾਂ ਗੇ। ਰਲਕੇ ਦਿਨ ਤੋੜ-ਲਾਂਗੇ। ਖਰਚੇ ਦਾ ਫਿਕਰ ਨਾ ਕਰੀਂ, ਮੈਂ ਤੇਰਾ ਨਿੱਕਾ ਭਰਾ ਆਂ। ਆਪਣਾ ਭਾਈਚਾਰਾ ਵੀ ਐ। ਅੱਗੇ ਤੇਰੀ ਮਰਜੀ ਐ, ਮੈਂ ਪਿੱਠ ਨੀਂ ਦਿੰਦਾ ਤੈਨੂੰ, ਵੇਖ ਲਾ।" “ਪੱਕਾ ਫੇਰ" ਆਖ ਮਿੱਠੂ ਆਈ ਚਾਹ ਦੇ ਸੁੜਾਕੇ ਜੋਰ-ਜੋਰ ਦੀ ਮਾਰਨ ਲੱਗਾ। ਹੋਰ, ਰੱਬ ਡੋਬੇ-ਸੋਕੇ ਕਰ ਰਿਹੈ। ਕਈ ਥਾਂ ਮੀਂਹ ਲਈ ਯੱਗ ਅਤੇ ਲੰਗਰ ਲਾਏ ਹਨ। ਸੁਣਿਐਂ, ਥੋਡੇ ਵੀ ਵੋਟਾਂ ਦੀ ਹਲਚਲ ਹੋ ਰਹੀ ਹੈ। ਚਿੱਬੜ ਅਤੇ ਪੁਦੀਨੇ ਦੀ ਚਟਨੀ ਤਿਆਰ ਹੈ। ਦਹੀਂ, ਲੱਸੀ, ਮੱਖਣੀ ਦਾ ਜੋਰ ਹੈ। ਝੋਨੇ ਲਈ ਮੀਂਹ ਨੇ ਆਸਰਾ ਕਰ ਦਿੱਤਾ ਹੈ। ਸੱਚ, ਕਾਲਜਾਂ ਮਗਰੋਂ ਆਈਲੈਟਸ ਵਾਲੇ ਵੀ ਮੰਦੇਚ ਹਨ। ਰਾਜਸੀ ਭੰਬਲ-ਭੂਸਾ ਅਜੇ ਵੀ ਭਾਰੂ ਹੈ। ਚੰਗਾ, ਡਾਇਰੀ ਲਿਖ ਕੇ ਭੇਜਦੇ ਰਹੋ, ਸਾਨੂੰ ਵੀ। ਜਾਣਕਾਰੀ ਚੰਗੀ ਲੱਗਦੀ ਐ। ਮਿਲਦੇ ਆਂ, ਅਗਲੇ ਐਤਵਾਰ,

ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061