ਪੁਲਿਸ ਅਫ਼ਸਰ ਨੂੰ ਖਾਲਿਸਤਾਨੀ ਕਹਿਣਾ ਭਾਜਪਾ ਦੀ ਸੌੜੀ ਸੋਚ ਦਾ ਪ੍ਰਗਟਾਵਾ- ਕਾ: ਸੇਖੋਂ

ਬਠਿੰਡਾ, 23 ਫਰਵਰੀ, ਬਲਵਿੰਦਰ ਸਿੰਘ ਭੁੱਲਰ
ਭਾਜਪਾ ਆਗੂ ਵੱਲੋਂ ਦੇਸ਼ ਦੇ ਸੰਵਿਧਾਨ ਅਨੁਸਾਰ ਡਿਊਟੀ ਨਿਭਾ ਰਹੇ ਪੱਛਮੀ ਬੰਗਾਲ ਦੇ ਪਗੜੀਧਾਰੀ ਪੁਲਿਸ ਅਫ਼ਸਰ ਨੂੰ ਖਾਲਿਸਤਾਨੀ ਕਹਿਣਾ ਭਾਜਪਾ ਦੀ ਸੌੜੀ ਸੋਚ ਦਾ ਪ੍ਰਗਟਾਵਾ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਇਹ ਭਾਜਪਾ ਦੇ ਅੰਦਰ ਪੰਜਾਬੀਆਂ ਖਾਸ ਕਰਕੇ ਦਸਤਾਰਧਾਰੀਆਂ ਵਿਰੁੱਧ ਕੀਤੇ ਜਾ ਰਹੇ ਜ਼ਹਿਰੀ ਪ੍ਰਚਾਰ ਦਾ ਹੀ ਨਤੀਜਾ ਹੈ, ਜਿਸ ਵਿੱਚੋਂ ਫਿਰਕਾਪ੍ਰਸਤੀ ਦੀ ਬੋਅ ਆਉਂਦੀ ਹੈ।

ਕਾ: ਸੇਖੋਂ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਸੰਘਰਸ ਵਿੱਚ ਜੂਝਦਿਆਂ ਪੰਜਾਬੀਆਂ ਖਾਸਕਰ ਸਿੱਖਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਲੰਬੀ ਲੜਾਈ ਲੜਦੇ ਰਹੇ। ਅੱਜ ਉਸ ਪਾਰਟੀ ਭਾਜਪਾ ਦਾ ਇੱਕ ਆਗੂ ਸੁਵੇਂਦੂ ਪਗੜੀਧਾਰੀ ਨੂੰ ਖਾਲਿਸਤਾਨੀ ਭਾਵ ਵੱਖਵਾਦੀ ਕਹਿਣ ਤੱਕ ਚਲਾ ਗਿਆ, ਜਿਸ ਦੇ ਨੇਤਾ ਆਜ਼ਾਦੀ ਸੰਘਰਸ ਦੌਰਾਨ ਮਾਫ਼ੀਆਂ ਮੰਗ ਕੇ ਆਜ਼ਾਦੀ ਸੰਗਰਾਮ ਨੂੰ ਵੀ ਢਾਅ ਲਾਉਂਦੇ ਰਹੇ ਹਨ। ਉਹਨਾਂ ਕਿਹਾ ਕਿ ਪੁਲਿਸ ਅਫ਼ਸਰ ਜਸਪ੍ਰੀਤ ਸਿੰਘ ਦੇਸ਼ ਪ੍ਰਤੀ ਆਪਣੀ ਬਣਦੀ ਜੁਮੇਵਾਰੀ ਨਿਭਾ ਰਿਹਾ ਸੀ, ਜਿਸਨੂੰ ਭਾਜਪਾ ਆਗੂ ਨੇ ਖਾਲਿਸਤਾਨੀ ਕਹਿ ਕੇ ਇੱਕ ਤਰਾਂ ਵੱਖਵਾਦੀ ਹੋਣ ਦਾ ਦੋਸ਼ ਲਾਇਆ। ਅਜਿਹਾ ਕਹਿਣ ਤੇ ਕੇਵਲ ਜਸਪ੍ਰੀਤ ਸਿੰਘ ਦੇ ਹਿਰਦੇ ਨੂੰ ਦੁੱਖ ਨਹੀਂ ਪਹੁੰਚਿਆ ਬਲਕਿ ਸਮੁੱਚੇ ਪੰਜਾਬੀਆਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ।

ਸੂਬਾ ਸਕੱਤਰ ਨੇ ਕਿਹਾ ਕਿ ਭਾਜਪਾ ਆਗੂ ਸੁਵੇਂਦੂ ਦੀ ਇਹ ਕਾਰਵਾਈ ਭਾਜਪਾ ਦੀ ਉਸ ਸੌੜੀ ਸੋਚ ਦਾ ਨਤੀਜਾ ਹੈ, ਜਿਹੜੀ ਉਸਦੇ ਅੰਦਰੂਨੀ ਖੇਮਿਆਂ ਵਿੱਚ ਪ੍ਰਚਾਰੀ ਜਾ ਰਹੀ ਹੈ। ਇਹ ਵੰਡਪਾਊ ਤੇ ਫੁੱਟਪਾਊ ਸੋਚ ਦੇਸ਼ ਲਈ ਅਤੀ ਖਤਰਨਾਕ ਸਾਬਤ ਹੋਵੇਗੀ। ਉਹਨਾਂ ਕਿਹਾ ਕਿ ਦੇਸ਼ ਭਰ ਵਿੱਚ ਸੱਚ ਬੋਲਣ ਵਾਲੇ ਬੁੱਧੀਜੀਵੀਆਂ ਤੇ ਵਿਰੋਧੀ ਰਜਨੀਤੀਵਾਨਾਂ ਉੱਪਰ ਮਨਾਂ ਨੂੰ ਠੇਸ ਪਹੁੰਚਣ ਦੇ ਦੋਸ਼ ਅਧੀਨ ਝੂਠੇ ਮੁਕੱਦਮੇ ਦਰਜ਼ ਕੀਤੇ ਜਾ ਰਹੇ ਹਨ, ਪਰ ਸਵੇਂਦੂ ਦੀ ਕਾਰਵਾਈ ਤਾਂ ਮੀਡੀਆ ਰਾਹੀਂ ਪਰਤੱਖ ਹੋ ਚੁੱਕੀ ਹੈ, ਕੀ ਉਸ ਵਿਰੁੱਧ ਹੁਣ ਮੁਕੱਦਮਾ ਦਰਜ ਹੋਵੇਗਾ?
ਕਾ: ਸੇਖੋਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾ ਕੇ ਸਬੰਧਤ ਭਾਜਪਾ ਆਗੂ ਤੇ ਮੁਕੱਦਮਾ ਦਰਜ ਕੀਤਾ ਜਾਵੇ। ਇਸ ਅਤੀ ਸੰਵੇਦਨਸ਼ੀਲ ਮਾਮਲੇ ਸਬੰਧੀ ਪ੍ਰਧਾਨ ਮੰਤਰੀ ਸ੍ਰੀ ਮੋਦੀ ਅਤੇ ਭਾਜਪਾ ਦੇ ਪ੍ਰਧਾਨ ਜੇ ਪੀ ਨੱਢਾ ਦੇਸ਼ ਵਾਸੀਆਂ ਤੋਂ ਮੁਆਫ਼ੀ ਮੰਗਣ।