ਨਿਊਯਾਰਕ,19 ਅਪ੍ਰੈਲ (ਰਾਜ ਗੋਗਨਾ)—ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਗੁਰਜਤਿੰਦਰ ਸਿੰਘ ਰੰਧਾਵਾ ਦੇ ਗ੍ਰਹਿ ਵਿਖੇ ਹੋਈ। ਮੀਟਿੰਗ ਵਿਚ ਐਗਜ਼ੈਕਟਿਵ ਕਮੇਟੀ ਦੇ ਮੈਂਬਰਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ ਪ੍ਰਧਾਨ ਦਲਵੀਰ ਦਿਲ ਨਿੱਜਰ, ਜਨਰਲ ਸਕੱਤਰ ਗੁਰਜਤਿੰਦਰ ਸਿੰਘ ਰੰਧਾਵਾ, ਡਾ. ਪਰਗਟ ਸਿੰਘ ਹੁੰਦਲ, ਹਰਭਜਨ ਸਿੰਘ ਢੇਰੀ, ਜੋਤੀ ਸਿੰਘ, ਰਾਠੇਸ਼ਵਰ ਸਿੰਘ ਸੂਰਾਪੁਰੀ, ਮੇਜਰ ਭੁਪਿੰਦਰ ਦਲੇਰ, ਮਨਜੀਤ ਕੌਰ ਸੇਖੋਂ, ਜੀਵਨ ਰੱਤੂ, ਗੁਰਦੀਪ ਕੌਰ ਤੇ ਫਕੀਰ ਸਿੰਘ ਮੱਲ੍ਹੀ ਸ਼ਾਮਲ ਸਨ।
ਮੀਟਿੰਗ ਦੌਰਾਨ ਸਭਾ ਦੀ 19 ਮਈ, 2024 ਨੂੰ ਹੋਣ ਵਾਲੀ 20ਵੀਂ ਕਾਨਫਰੰਸ ਬਾਰੇ ਖੁੱਲ੍ਹ ਕੇ ਵਿਚਾਰ-ਵਟਾਂਦਰੇ ਕੀਤੇ ਗਏ। ਇਸ ਦੌਰਾਨ ਫੈਸਲਾ ਕੀਤਾ ਗਿਆ ਕਿ ਅਮਰ ਸੂਫੀ (ਇੰਡੀਆ), ਦਲਬੀਰ ਕਥੂਰੀਆ (ਟੋਰਾਂਟੋ) ਤੇ ਪ੍ਰੀਤਮ ਸਿੰਘ ਭਰੋਵਾਲ (ਇੰਡੀਆ) ਕਾਨਫਰੰਸ ਦੀ ਪ੍ਰਧਾਨਗੀ ਕਰਨਗੇ। ਇਸ ਮੌਕੇ ਇਕ ਸੋਵੀਨੀਰ ਰਿਲੀਜ਼ ਕੀਤਾ ਜਾਵੇਗਾ, ਜਿਸ ਵਿਚ ਸਭਾ ਦੇ ਮੈਂਬਰਾਂ ਦੀਆਂ ਲਿਖਤਾਂ ਪੇਸ਼ ਕੀਤੀਆਂ ਜਾਣਗੀਆਂ। ਗੁਲਾਟੀ ਪਬਲੀਕੇਸ਼ਨਜ਼ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ।ਪੂਜਾ ਭਾਰਤੀ ਰੈਸਟੋਰੈਂਟ, ਵੈਸਟ ਸੈਕਰਾਮੈਂਟੋ ਵਿਖੇ ਹੋਣ ਵਾਲੀ ਇਸ ਕਾਨਫਰੰਸ ਵਿਚ ਜਿੱਥੇ ਪੰਜਾਬੀ ਭਾਸ਼ਾ ਬਾਰੇ ਵਿਚਾਰ-ਵਟਾਂਦਰੇ ਹੋਣਗੇ, ਉਥੇ ਕਵੀ ਸੰਮੇਲਨ ਵੀ ਹੋਵੇਗਾ। ਛੋਟੇ ਬੱਚਿਆਂ ਦੇ ਪੰਜਾਬੀ ਭਾਸ਼ਾ ਬਾਰੇ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਪ੍ਰਸਿੱਧ ਗਾਇਕ ਪੰਮੀ ਬਾਈ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਜਾਵੇਗਾ।
ਕਾਨਫਰੰਸ ਨੂੰ ਲੈ ਕੇ ਮੈਂਬਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਦਿਲ ਨਿੱਜਰ ਨੂੰ ਫੋਨ ਨੰਬਰ : 916-628-2210 ਜਾਂ ਜਨਰਲ ਸਕੱਤਰ ਗੁਰਜਤਿੰਦਰ ਸਿੰਘ ਰੰਧਾਵਾ ਨੂੰ 916-320-9444 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।