ਅੱਜ ਦੀ ਨੌਜਵਾਨ ਪੀੜੀ ਨੂੰ ਸਾਡੀ ਮਰਿਆਦਾ, ਇਤਿਹਾਸ ‘ਤੇ ਸੱਭਿਆਚਾਰ ਦੇ ਨਾਲ ਜਰੂਰ ਜੁੜਨਾ ਚਾਹੀਦਾ ਹੈ, ਜਿਸਦੇ ਲਈ ਨਾਟਿਅਮ ਪੰਜਾਬ ਵਰਗੀਆਂ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਉਪਰਾਲੇ ਬੇਹੱਦ ਸ਼ਲਾਂਘਾਯੋਗ ਹਨ। ਇਹ ਵਿਚਾਰ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਇਹ ਨਾਟਿਅਮ ਪੰਜਾਬ ਵੱਲੋਂ ਕਰਵਾਏ ਗਏ 15 ਦਿਨਾਂ 12ਵੇਂ ਕੌਮੀ ਨਾਟਕ ਮੇਲੇ ਦੇ ਆਖਰੀ ਦਿਨ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਣ ਦੌਰਾਨ ਸਾਂਝੇ ਕੀਤੇ। ਇਸ ਮੌਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਨਾਟਿਅਮ ਪੰਜਾਬ ਨੂੰ ਆਪਣੇ ਮਹਿਕਮੇ ਵੱਲੋਂ 50 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਮੁਹਈਆ ਕਰਵਾਉਣ ਦਾ ਵੀ ਐਲਾਨ ਕੀਤਾ।
ਜਿਕਰਯੋਗ ਹੈ ਕਿ ਬਠਿੰਡਾ ਦੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਖੇ ਨਾਟਿਅਮ ਪੰਜਾਬ ਵੱਲੋਂ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਅਤੇ ਡਰੀਮ ਹਾਈਟਸ ਦੇ ਸਾਂਝੇ ਸਹਿਯੋਗ ਨਾਲ ਕਰਵਾਏ ਗਏ 12ਵੇਂ ਰਾਸ਼ਟਰੀ ਥਿਏਟਰ ਫੈਸਟੀਵਲ ਦੇ ਸਮਾਪਤੀ ਸਮਾਰੋਹ ਦੌਰਾਨ ਰੰਗ ਕਰਮੀ ਕੀਰਤੀ ਕਿਰਪਾਲ ਦੀ ਆਪਣੀ ਟੀਮ ਵੱਲੋਂ ਨਾਟਕ ‘ਡੈਡ’ਜ਼ ਗਰਲਫ੍ਰੈਂਡ’ ਪੇਸ਼ ਕੀਤਾ ਗਿਆ। ਇਹ ਨਾਟਕ ਮੂਲ ਰੂਪ ਵਿੱਚ ਅਤੁਲ ਸਤਿਆ ਕੌਸ਼ਿਕ ਵੱਲੋਂ ਲਿਖਿਆ ਗਿਆ ਹੈ।
ਨਾਟਕ ਦਾ ਮੁੱਖ ਪਾਤਰ ਇੱਕ ਨਾਮੀ ਲੇਖਕ ਹੈ, ਜੋ ਦੌਲਤ ਸ਼ੋਹਰਤ ਕਮਾਉਣ ਦੀ ਖਾਤਿਰ ਵਿਦੇਸ਼ ਵਿੱਚ ਰਹਿੰਦਾ ਹੋਇਆ ਆਪਣੇ ਪਰਿਵਾਰ ਤੋਂ ਦੂਰ ਹੁੰਦਾ ਹੈ। ਜਿਸ ਕਾਰਨ ਉਸ ਦੀ ਧੀ ਸ਼ੁਰੂ ਤੋਂ ਹੀ ਇਕੱਲੇਪਨ ਦਾ ਸ਼ਿਕਾਰ ਹੋ ਰਹੀ ਹੁੰਦੀ ਹੈ। ਪਰ ਭਾਰਤ ਵਾਪਸ ਆਉਣ ‘ਤੇ ਉਹ ਵਿਅਕਤੀ ਆਪਣੀ ਧੀ ਦੀ ਉਮਰ ਦੀ ਇੱਕ ਔਰਤ ਦੇ ਨਾਲ ਨੇੜਤਾ ਬਣਾ ਲੈਂਦਾ ਹੈ ਜੋ ਕਿ ਉਸ ਦੀ ਧੀ ਨੂੰ ਮਨਜ਼ੂਰ ਨਹੀਂ ਹੋ ਰਿਹਾ ਹੁੰਦਾ। ਇਸ ਸਭ ਕਾਰਨ ਉਸਦੀ ਧੀ ਨੂੰ ਆਪਣੇ ਪਿਤਾ ਦਾ ਪਿਆਰ ਨਹੀਂ ਮਿਲ ਪਾ ਰਿਹਾ ਜੋਕਿ ਦੋਵਾਂ ਲਈ ਇੱਕ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ।
ਨਾਟਕ ਮੇਲੇ ਦੀ ਅਖੀਰਲੀ ਸ਼ਾਮ ਦੌਰਾਨ ਬਠਿੰਡਾ ਸ਼ਹਿਰੀ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ, ਐਸਬੀਆਈ ਤੋ ਰੀਜਨਲ ਮੈਨੇਜਰ ਹਰਪ੍ਰੀਤ ਸਿੰਘ ਦੇ ਨਾਲ ਨਾਲ ਹੋਰਨਾਂ ਪਤਵੰਤੇ ਸੱਜਣਾਂ ਨੇ ਵੀ ਆਪਣੀ ਹਾਜ਼ਰੀ ਲਵਾਈ। ਪ੍ਰਬੰਧਕਾਂ ਵਿਚੋਂ ਸਰਪ੍ਰਸਤ ਸੁਧਰਸ਼ਨ ਗੁਪਤਾ ਅਤੇ ਡਾ ਕਸ਼ਿਸ਼ ਗੁਪਤਾ ਨੇ ਖਿੜੇ ਮੱਥੇ ਮਹਿਮਾਨਾਂ ਦਾ ਸਵਾਗਤ ਕੀਤਾ, ਉਨ੍ਹਾਂ ਦੇ ਨਾਲ ਸਹਿ-ਸਰਪ੍ਰਸਤ ਡਾ ਪੂਜਾ ਗੁਪਤਾ, ਪ੍ਰਧਾਨ ਸੁਰਿੰਦਰ ਕੌਰ, ਅਤੇ ਡਿਜ਼ਾਈਨਰ ਗੁਰਨੂਰ ਸਿੰਘ ਵੀ ਹਾਜ਼ਿਰ ਸਨ। ਆਖਰੀ ਸ਼ਾਮ ਮੌਕੇ ਖਚਾ-ਖੱਚ ਭਰੇ ਆਡ਼ੀਟੋਰੀਅਮ ਅਤੇ ਨੌਜਵਾਨਾਂ ਦੇ ਭਾਰੀ ਉਤਸਾਹ ਦੇ ਨਾਲ ਇਹ ਨਾਟਕ ਮੇਲਾ ਯਾਦਗਾਰੀ ਹੋ ਨਿਬੜਿਆ।