ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਜਾਰੀ: 2 ਦਿਨਾਂ ਵਿਚ 1000 ਤੋਂ ਵੱਧ ਲੋਕਾਂ ਦੀ ਮੌਤ

ਬੀਬੀਸੀ ਦੀ ਰਿਪੋਰਟ ਮੁਤਾਬਕ ਹੁਣ ਤਕ 700 ਇਜ਼ਰਾਇਲੀ ਮਾਰੇ ਜਾ ਚੁੱਕੇ ਹਨ, ਜਦਕਿ 2100 ਲੋਕ ਜ਼ਖਮੀ ਹਨ। ਇਸ ਦੇ ਨਾਲ ਹੀ ਇਜ਼ਰਾਈਲ ਵਲੋਂ ਗਾਜ਼ਾ ਵਿਚ ਹਵਾਈ ਹਮਲੇ ਜਾਰੀ ਹਨ। ਇਸ ‘ਚ ਹੁਣ ਤਕ 413 ਫਲਸਤੀਨੀ ਮਾਰੇ ਜਾ ਚੁੱਕੇ ਹਨ, ਜਦਕਿ 2000 ਤੋਂ ਵੱਧ ਲੋਕ ਜ਼ਖਮੀ ਹਨ।

ਇਜ਼ਰਾਈਲ ਨੇ ਗਾਜ਼ਾ ਪੱਟੀ ਵਿਚ ਹਮਾਸ ਦੇ 426 ਟਿਕਾਣਿਆਂ ਨੂੰ ਤਬਾਹ ਕਰ ਦਿਤਾ ਹੈ। ਇਸ ਦੇ ਨਾਲ ਹੀ ਇਸ ਨੇ 29 ਤੋਂ ਵੱਧ ਇਲਾਕਿਆਂ ਨੂੰ ਹਮਾਸ ਲੜਾਕਿਆਂ ਦੇ ਕਬਜ਼ੇ ਤੋਂ ਮੁਕਤ ਕਰਵਾਇਆ ਹੈ। ਹਮਾਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਜ਼ਰਾਈਲ ਤੋਂ 163 ਲੋਕਾਂ ਨੂੰ ਅਗਵਾ ਕੀਤਾ ਹੈ। ਇਨ੍ਹਾਂ ਵਿਚ ਫੌਜੀ, ਔਰਤਾਂ, ਬੱਚੇ ਅਤੇ ਬਜ਼ੁਰਗ ਸ਼ਾਮਲ ਹਨ। ਹਮਾਸ ਉਨ੍ਹਾਂ ਨੂੰ ਗਾਜ਼ਾ ਪੱਟੀ ਦੇ ਨਾਲ ਲੱਗਦੀਆਂ ਸੁਰੰਗਾਂ ਵਿਚ ਰੱਖ ਰਿਹਾ ਹੈ। ਉਹ ਇਨ੍ਹਾਂ ਬੰਧਕਾਂ ਨੂੰ ਮਨੁੱਖੀ ਢਾਲ ਵਜੋਂ ਵਰਤੇਗਾ, ਤਾਂ ਜੋ ਜੇਕਰ ਇਜ਼ਰਾਈਲ ਹਮਲਾ ਕਰਦਾ ਹੈ, ਤਾਂ ਉਸ ਦੇ ਅਪਣੇ ਹੀ ਲੋਕ ਮਾਰੇ ਜਾਣ। ਇਸ ਦੇ ਨਾਲ ਹੀ ਅਮਰੀਕਾ ਦੇ ਰੱਖਿਆ ਸਕੱਤਰ ਲੋਇਡ ਆਸਟਿਨ ਨੇ ਜਲ ਸੈਨਾ ਦੇ ਜਹਾਜ਼ਾਂ ਅਤੇ ਲੜਾਕੂ ਜਹਾਜ਼ਾਂ ਨਾਲ ਇਜ਼ਰਾਈਲ ਦਾ ਸਮਰਥਨ ਕਰਨ ਦੀ ਗੱਲ ਕੀਤੀ ਹੈ।