ਇਟਲੀ ਦੇ ਵੇਨਿਸ ਵਿਚ ਓਵਰਪਾਸ ਤੋਂ ਡਿੱਗੀ ਬੱਸ; 2 ਬੱਚਿਆਂ ਸਮੇਤ 21 ਦੀ ਮੌਤ

ਇਟਲੀ ਦੇ ਵੇਨਿਸ ਸ਼ਹਿਰ ਵਿਚ ਇਕ ਬੱਸ ਇਕ ਓਵਰਪਾਸ ਤੋਂ ਡਿੱਗ ਗਈ। ਇਸ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ। ਇਸ ਹਾਦਸੇ ‘ਚ 2 ਬੱਚਿਆਂ ਸਮੇਤ 21 ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿਚ 18 ਲੋਕ ਗੰਭੀਰ ਜ਼ਖਮੀ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਚਾਰ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਖ਼ਬਰਾਂ ਅਨੁਸਾਰ, ਬੱਸ ਵਿਚ ਕੁੱਲ 40 ਲੋਕ ਸਵਾਰ ਸਨ। ਇਨ੍ਹਾਂ ਵਿਚ ਯੂਕਰੇਨੀ ਸਮੇਤ ਵਿਦੇਸ਼ੀ ਸੈਲਾਨੀ ਵੀ ਸ਼ਾਮਲ ਸਨ। ਸਥਾਨਕ ਮੀਡੀਆ ਨੇ ਦਸਿਆ ਕਿ ਬੱਸ ਮੇਸਤਰੇ ਦੇ ਰੇਲਵੇ ਟ੍ਰੈਕ ਦੇ ਨੇੜੇ ਡਿੱਗ ਗਈ, ਜੋ ਪੁਲ ਜ਼ਰੀਏ ਵੇਨਿਸ ਨਾਲ ਜੁੜਿਆ ਹੋਇਆ ਹੈ। ਸਵੇਰੇ 7:45 ਵਜੇ ਬੱਸ ਕਰੀਬ 50 ਫੁੱਟ ਦੀ ਉਚਾਈ ਤੋਂ ਬਿਜਲੀ ਦੀਆਂ ਤਾਰਾਂ ‘ਤੇ ਡਿੱਗ ਪਈ ਅਤੇ ਅੱਗ ਲੱਗ ਗਈ।

ਵੇਨਿਸ ਸਿਟੀ ਕੌਂਸਲਰ ਰੇਨਾਟੋ ਬੋਰਾਸੋ ਨੇ ਕਿਹਾ ਕਿ ਹਾਦਸੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ। ਹਾਲਾਂਕਿ, ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ 40 ਸਾਲਾ ਇਟਾਲੀਅਨ ਬੱਸ ਡਰਾਈਵਰ ਬੱਸ ਹਾਦਸੇ ਤੋਂ ਪਹਿਲਾਂ ਬੀਮਾਰ ਸੀ।