ਜੇਕਰ ਮੋਜੂਦਾ ਸਮੇਂ ਟੈਨਿਸ ਵਿੱਚ ਪਰਵਾਸੀ ਪੰਜਾਬੀ ਭਾਈਚਾਰੇ ਵਲੋਂ ਉਲੀਕੇ ਕਿਸੇ ਸਾਰਥਕ ਕਦਮ ਦੀ ਚਰਚਾ ਕੀਤੀ ਜਾਵੇਗੀ ਤਾਂ ਯਕੀਨਨ ਨਿਊਟਨ ਟੈਨਿਸ ਕਲੱਬ, ਸਰੀ ਦਾ ਨਾਮ ਸਭ ਤੋਂ ਪਹਿਲਾਂ ਹਰ ਕਿਸੇ ਦੀ ਜੁਬਾਨ ਤੇ ਆਵੇਗਾ। ਨਿਊਟਨ ਟੈਨਿਸ ਕਲੱਬ, ਸਰੀ ਉਂਝ ਤਾਂ 2015 ਤੋਂ ਕਾਰਜਸ਼ੀਲ ਹੈ ਪਰ ਅਧਿਕਾਰਤ ਤੌਰ ਤੇ ਇਹ 2019 ਵਿੱਚ ਹੋਂਦ ਵਿੱਚ ਆਇਆ ਤੇ ਹੁਣ ਦੂਜੇ ਸਰੀ ਓਪਨ 2023 ਦਾ ਸਫ਼ਲ ਅਯੋਜਨ ਕਰਕੇ ਇਸ ਨੇ ਇਕ ਹੋਰ ਮੀਲ ਪੱਥਰ ਆਪਣੇ ਨਾਮ ਕਰ ਲਿਆ। “ਮੈਂ ਕਦੇ ਪਿੱਛੇ ਮੁੜ ਕੇ ਨਹੀਂ ਵੇਖਦੀ, ਮੈਂ ਅੱਗੇ ਵੱਲ ਹੀ ਵੇਖਦੀ ਹਾਂ । ” ਪ੍ਰਸਿੱਧ ਟੈਨਿਸ ਖਿਡਾਰਨ ਸਟੈਫੀ ਗ੍ਰਾਫ ਦੇ ਉਪਰੋਕਤ ਕਥਨ ਤੇ ਪਹਿਰਾ ਦਿੰਦੇ ਹੋਏ ਨਿਊਟਨ ਕਲੱਬ ਮੈਂਬਰ ਵੀ ਤਨ-ਮਨ-ਧਨ ਨਾਲ ਇਕਜੁੱਟ ਹੋ ਕੇ ਕਾਰਜ ਕਰ ਰਹੇ ਹਨ। ਦੱਸ ਦੇਵਾਂ ਕਿ ਨਿਊਟਨ ਟੈਨਿਸ ਕਲੱਬ ਪਰਵਾਸੀ ਪੰਜਾਬੀਆਂ ਵਲੋਂ ਲੀਕ ਤੋਂ ਹੱਟ ਕੇ ਟੈਨਿਸ ਖੇਡ ਨਾਲ ਨੌਜਵਾਨਾਂ ਨੂੰ ਜੋੜਨ ਦਾ ਇਕ ਵਿਲੱਖਣ ਉਪਰਾਲਾ ਹੈ ਕਿਉਂਕਿ ਪੰਜਾਬੀਆਂ ਦੀ ਜਿਆਦਾਤਰ ਮਨਭਾਉਂਦੀਆਂ ਖੇਡਾਂ ਹਾਕੀ, ਕਬੱਡੀ, ਫੁੱਟਬਾਲ ਜਾਂ ਕ੍ਰਿਕਟ ਹੀ ਰਹੀਆਂ ਹਨ। ਇਸ ਹੀ ਸੰਦਰਭ ਵਿੱਚ ਨਿਊਟਨ-ਸਰੀ ਪੰਜਾਬੀ ਭਾਈਚਾਰੇ ਨੇ ਆਪਸੀ ਸਹਿਯੋਗ ਨਾਲ ਨਿਊਟਨ ਟੈਨਿਸ ਕਲੱਬ ਦਾ ਗਠਨ ਕਰ ਕੇ ਵੱਡਾ ਉੱਦਮ ਕੀਤਾ ਹੈ ਤਾਂ ਜੋ ਟੈਨਿਸ ਵਰਗੀ ਵੱਕਾਰੀ ਖੇਡ ਵਿੱਚ ਵੀ ਪੰਜਾਬੀ ਮੂਲ ਦੇ ਖਿਡਾਰੀਆਂ ਨੂੰ ਖੇਡਣ ਲਈ ਉਤਸ਼ਾਹਿਤ ਕੀਤਾ ਜਾ ਸਕੇ।
ਨਿਊਟਨ ਟੈਨਿਸ ਕਲੱਬ ਹੋਰ ਭਾਈਵਾਲ ਕਲੱਬਾਂ ਨਾਲ ਮਿਲ ਕੇ ਟੈਨਿਸ ਖੇਡ ਨੂੰ ਪ੍ਰਫ਼ੁੱਲਤ ਕਰਨ ਲਈ ਯਤਨਸ਼ੀਲ ਹੈ। ਇਸ ਹੀ ਲੜੀ ਵਿੱਚ ਇਸ ਨੂੰ ਸਨਸ਼ਾਈਨ ਕਲੱਬ ਡੇਲਟਾ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ। ਨਿਊਟਨ ਕਲੱਬ, ਟੈਨਿਸ ਬੀ.ਸੀ ਤੋਂ ਮਾਨਤਾ ਪ੍ਰਾਪਤ ਹੈ ਅਤੇ ਅਗਾਂਹ ਨਿਊਟਨ ਕਲੱਬ ਨੂੰ ਟੈਨਿਸ ਕੈਨੇਡਾ ਦਾ ਮੈਂਬਰ ਹੋਣ ਦਾ ਵੀ ਮਾਣ ਪ੍ਰਾਪਤ ਹੈ। ਇਸ ਕਲੱਬ ਦੇ ਮੌਜੂਦਾ ਸਮੇਂ 150 ਮੈਂਬਰ ਹਨ। ਨਿਊਟਨ, ਇੱਕ ਗੈਰ ਮੁਨਾਫ਼ਾ ਸੰਸਥਾ ਹੈ ਜਿਸ ਦਾ ਮੁੱਖ ਮਕਸਦ ਟੈਨਿਸ ਖੇਡ ਨੂੰ ਆਮ ਲੋਕਾਂ ਵਿੱਚ ਹੋਰ ਪ੍ਰਫੁਲਿਤ ਕਰਨ ਤੋਂ ਹੈ। ਕਲੱਬ ਮੁੱਖ ਤੌਰ ਤੇ ਬੱਚਿਆਂ ਅਤੇ ਨੌਜਵਾਨਾ ਨੂੰ ਖੇਡਾਂ ਰਾਹੀ ਇੱਕ ਯੋਗ ਅਤੇ ਨਰੋਈ ਸੇਧ ਦੇਣ ਲਈ ਵਚਨਬੱਧ ਹੈ। ਨਿਊਟਨ ਟੈਨਿਸ ਕਲੱਬ, ਟੈਨਿਸ ਖੇਡ ਨਾਲ ਸਬੰਧਿਤ ਬੱਚਿਆਂ ਦੇ ਕੈਂਪ, ਟੈਨਿਸ ਲੀਗ ਅਤੇ ਸਾਲਾਨਾ ਡਬਲਜ਼ ਟੈਨਿਸ ਟੂਰਨਾਮੈਂਟ ਵਰਗੀਆਂ ਗਤੀਵਿਧੀਆਂ ਵਿੱਚ ਆਪਣੀ ਸ਼ਮੂਲੀਅਤ ਸਫਲਤਾ ਨਾਲ ਦਰਜ ਕਰਵਾ ਚੁੱਕਾ ਹੈ। ਇਸ ਹੀ ਲੜੀ ਅਧੀਨ ਪਿਛਲੇ ਮਹੀਨੇ ਅਗਸਤ ਵਿੱਚ ਟੈਨਿਸ ਬੀ. ਸੀ. ਦੁਆਰਾ ਮਾਨਤਾ ਪ੍ਰਾਪਤ ਦੂਜਾ ‘ਸਰੀ ਓਪਨ ਟੈਨਿਸ ਟੂਰਨਾਮੈਂਟ 2023’ ਮਿਤੀ 4 ਤੋਂ ਅਗਸਤ ਤੋਂ 13 ਅਗਸਤ ਤੱਕ ਨਿਊਟਨ ਟੈਨਿਸ ਕੋਰਟ ਵਿੱਚ ਸਫਲਤਾਪੂਰਵਕ ਕਰਵਾਇਆ ਗਿਆ ਜਿਸ ਵਿੱਚ ਟੈਨਿਸ ਦੇ ਵੱਖ-ਵੱਖ ਪੱਧਰ ਜਿਵੇਂ 2.5, 3.0, 3.5, 4.0, 4.5 ਅਤੇ ਓਪਨ ਵਰਗ ਅਧੀਨ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਬ੍ਰਿਟਿਸ਼ ਕੋਲੰਬੀਆ ਅਤੇ ਹੋਰ ਪ੍ਰੋਵਿੰਸ ਦੇ ਵੱਖ-ਵੱਖ ਸ਼ਹਿਰਾਂ ਤੋਂ 526 ਖਿਡਾਰੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਸ਼ਮੂਲੀਅਤ ਕੀਤੀ। ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਕੁਲ ਖਿਡਾਰੀਆਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋਇਆ ਕਿਉਂਕਿ ਪਿਛਲੇ ਸਾਲ ਇਹ ਗਿਣਤੀ 340 ਹੀ ਸੀ। ਇਨਾਮਾਂ ਦੀ ਰਾਸ਼ੀ ਵੀ ਇਸ ਵਾਰ ਪਹਿਲਾਂ ਨਾਲੋਂ ਦੁੱਗਣੀ ਭਾਵ ਵੀਹ ਹਜ਼ਾਰ ਕੈਨੇਡੀਅਨ ਡਾਲਰ ਰੱਖੀ ਗਈ ਸੀ।
ਸਰੀ ਉਪਨ ਦਾ ਸਫਲ ਆਯੋਜਨ ਕਰਨ ਲਈ 520 ਮੁਕਾਬਲਿਆਂ ਲਈ 20 ਟੈਨਿਸ ਕੋਰਟਾਂ ਦੀ ਵਰਤੋਂ ਕੀਤੀ ਗਈ। ਇਸ ਵਿੱਚ ਸਨਸ਼ਾਈਨ ਕਲੱਬ ਨੇ ਵੀ ਆਪਣੇ ਕੋਰਟ ਮੁਹੱਈਆ ਕਰਵਾਏ ਸਨ। ਖਿਡਾਰੀਆਂ ਦੀ ਹੌਸਲਾ ਅਫਜਾਈ ਕਰਨ ਲਈ ਵੱਡੀ ਗਿਣਤੀ ਵਿੱਚ ਦਰਸ਼ਕਾਂ ਦਾ ਵੀ ਭਰਪੂਰ ਸਾਥ ਮਿਲਿਆ। ਸਰੀ-ਨਿਊਟਨ ਪ੍ਰਸ਼ਾਸਨਿਕ ਅਧਿਕਾਰੀਆਂ, ਸਪਾਂਸਰਜ, ਵਲੰਟੀਅਰਾਂ ਅਤੇ ਕਮਿਊਨਿਟੀ ਮੈਂਬਰਾਂ ਨੇ ਵੀ ਇਸ ਕੱਪ ਦੀ ਸਫਲਤਾ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਇਆ। ਇਸ ਵਾਰ ਟੈਨਿਸ ਬੀ.ਸੀ ਅਤੇ ਸਿਟੀ ਆਫ਼ ਸਰੀ ਵਲੋਂ ਨਿਊਟਨ ਕਲੱਬ ਦੀ ਵਿਤੀ ਸਹਾਇਤਾ ਲਈ ਫੰਡ ਵੀ ਜਾਰੀ ਕੀਤੇ ਜਾ ਰਹੇ ਹਨ। ਸਰੀ ਸਿਟੀ ਮੇਅਰ ਬ੍ਰੈਂਡਾ ਲੌਕ ਨੇ ਫਾਈਨਲ ਮੁਕਾਬਲੇ ਵਾਲੇ ਦਿਨ ਕਲੱਬ ਪ੍ਰਬੰਧਕਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਜੈਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਵੀ ਕੀਤੇ। ਨਿਊਟਨ ਕਲੱਬ ਦੀ ਸਮੁੱਚੀ ਟੀਮ ਵੱਲੋਂ ਆਏ ਹੋਏ ਦਰਸ਼ਕਾਂ ਅਤੇ ਪਹੁੰਚੀਆਂ ਸਮੁੱਚੀਆਂ ਸ਼ਖਸੀਅਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਡਾਇਰੈਕਟਰ ਗੈਰੀ ਡੇਹਲੋ ਇਸ ਟੂਰਨਾਮੈਂਟ ਦਾ ਸਫਲ ਅਯੋਜਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਟੂਰਨਾਮੈਂਟ ਦੇ ਡਰਾਅ ਤਿਆਰ ਕਰਨ ਵਿੱਚ ਸੋਫੀਆ ਪਾਈਲੀਪੈਂਕੋ, ਜੈ ਵਿਲਾਨੁਏਵਾ ਅਤੇ ਪਵਨ ਬ੍ਰੈਚ ਨੇ ਬਾਖੂਬੀ ਡਿਊਟੀ ਨਿਭਾਈ। ਰਾਜਦੀਪ ਝੱਲੀ ਅਤੇ ਅਮਰਜੀਤ ਸੰਧੂ ਦੀ ਸੁਚੱਜੀ ਅਗਵਾਈ ਵੀ ਸਰੀ ਉਪਨ ਦੀ ਸਫਲਤਾ ਵਿੱਚ ਖਾਸ ਸਥਾਨ ਰੱਖਦੀ ਹੈ। ਡਾਇਰੈਕਟਰ ਆਫ ਅਪਰੈਨਸ਼ਨਜ ਗੁਰਮੁੱਖ ਝੂਟੀ ਦੇ ਅਣਥੱਕ ਯਤਨਾਂ ਨਾਲ ਨਿਊਟਨ ਟੈਨਿਸ ਕਲੱਬ ਨਿੱਤ ਨਵੀਆਂ ਮੰਜਿਲਾਂ ਸਰ ਕਰ ਰਿਹਾ ਹੈ ਅਤੇ ਸਰੀ ਓਪਨ ਨੂੰ ਸਫ਼ਲ ਬਣਾਉਣ ਵਿੱਚ ਵੀ ਉਨ੍ਹਾਂ ਦਾ ਵਿਸ਼ੇਸ਼ ਯੋਗਦਾਨ ਹੈ। ਬੱਚਿਆਂ ਦੀ ਕੋਚਿੰਗ (ਯੰਗ ਏਸਸ) ਦੀ ਜਿੰਮੇਵਾਰੀ ਕੋਆਰਡੀਨੇਟਰ ਪਵਨਦੀਪ ਸਾਹਨੀ ਦੇਖ-ਰੇਖ ਹੇਠਾਂ ਲਗਾਤਾਰ ਚਲ ਰਹੀ ਹੈ। ਕੋਚ ਦੀ ਜ਼ਿੰਮੇਵਾਰੀ ਬੀ.ਸੀ ਟੈਨਿਸ ਦੇ ਮਾਪਦੰਡਾਂ ਅਨੁਸਾਰ ਹੀ ਸਬੰਧਿਤ ਕੋਚ ਨੂੰ ਦਿੱਤੀ ਜਾਂਦੀ ਹੈ। ਨਿਊਟਨ ਟੈਨਿਸ ਹਫਤੇ ਵਿੱਚ ਦੋ ਦਿਨ ਨੌਜਵਾਨ ਖਿਡਾਰੀਆਂ ਦੀਆਂ ਕੋਚਿੰਗ ਕਲਾਸਾਂ ਦਾ ਵੀ ਪ੍ਰਬੰਧ ਕਰਦਾ ਹੈ।
ਇਸ ਵਾਰ ਹੋਏ ਮੁਕਾਬਲਿਆਂ ਵਿੱਚ ਪੁਰਸ਼ਾ ਦੇ ਸਿੰਗਲਜ਼ ਵਰਗ ਵਿੱਚ ਪਿਛਲੇ ਸਾਲ ਦੇ ‘ਰਿਆਨ ਡੂ ਟੋਇਟ’ ਇਕ ਵਾਰ ਫਿਰ ਤੋਂ ਜੈਤੂ ਬਣੇ ਅਤੇ ਫਾਈਨਲਿਸਟ ਰਹੇ ‘ਹੈਨਰੀ ਰੇਨ’। ਮਹਿਲਾ ਸਿੰਗਲਜ਼ ਓਪਨ ਚੈਂਪੀਅਨ ਬਣਨ ਦਾ ਮਾਣ ‘ਅਨਾ ਮਾਰੀਆ’ ਦੇ ਹਿੱਸੇ ਆਇਆ, ਅਨਾ ਮਾਰੀਆ ਨੇ ਫਾਈਨਲ ਵਿੱਚ ‘ਹਾਨਾ ਚੋ’ ਨੂੰ ਹਰਾ ਕੇ ਸਰੀ ਕੱਪ ਆਪਣੇ ਨਾਮ ਕੀਤਾ। ਪੁਰਸ਼ਾਂ ਦਾ ਓਪਨ ਡਬਲਜ਼ ਵਿੱਚ ‘ਰਿਆਨ ਡੂਟੋਇਟ’ ਅਤੇ ‘ਅਵੀ ਸ਼ੁਗਰ’ ਜੈਤੂ ਰਹੇ ਜਦ ਕਿ ਫਾਈਨਲਿਸਟ ਰਹੇ ‘ਬੈਨ ਕਿਰਸ਼’ ਅਤੇ ‘ਪਾਲ ਰੈਚਫੋਰਡ’। ਇਸ ਤਰ੍ਹਾਂ ਹੀ ਮਹਿਲਾ ਓਪਨ ਡਬਲਜ਼ ਵਿੱਚ ‘ਜੂਲੀਅਟ ਜੀਆ ਵੇਨ ਝਾਂਗ’ ਅਤੇ ‘ਵੈਂਡੀ ਕਿਊ ਵੇਨ ਝਾਂਗ’ ਨੇ ‘ਹਾਨਾ ਚੋ’ ਅਤੇ ‘ਰੇਨਾਟਾ ਗਾਬੂਜ਼ਯਾਨ’ ਨੂੰ ਹਰਾ ਕੇ ਸਰੀ ਓਪਨ ਆਪਣੇ ਨਾਮ ਕੀਤਾ। ਇਸ ਦੇ ਨਾਲ ਹੀ ਮਿਕਸਡ ਓਪਨ ਡਬਲਜ਼ ਵਿੱਚ ‘ਮਨਦੀਪ ਯਾਦਵ’ ਅਤੇ ‘ਵੈਂਡੀ ਕਿਊ ਵੇਨ ਝਾਂਗ’ ਜੈਤੂ ਅਤੇ ‘ਸੇਬੇਸਟਿਅਨ ਡੀ’ ਅਤੇ ‘ਰੇਬੇਕਾ ਜੌਜ਼ੀ’ ਉਪਜੈਤੂ ਰਹੇ।
ਪੰਜਾਬੀ ਜਿੱਥੇ ਵੀ ਜਾਂਦੇ ਹਨ ਆਪਣੇ ਕਾਰਜਾਂ ਦੁਆਰਾ ਗੁਰੂ ਸਾਹਿਬਾਨ ਦੇ ਸਿਧਾਂਤ ਦਾ ਵੀ ਨਾਲ-ਨਾਲ ਪ੍ਰਚਾਰ ਕਰਦੇ ਰਹਿੰਦੇ ਹਨ। ਇਸ ਹੀ ਲੜੀ ਵਿੱਚ ਸਰੀ ਓਪਨ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਿਆ। ਇਸ ਵਿੱਚ ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਦਾ ਵਿਸ਼ੇਸ਼ ਸਹਿਯੋਗ ਸੀ। ਕੰਨਵਲ ਸ਼ੋਕਰ ਜੀ ਨੇ ਇਨ੍ਹਾਂ ਕਾਰਜਾਂ ਵਿੱਚ ਵੱਧ-ਚੜ ਕੇ ਹਿੱਸਾ ਲਿਆ। ਖਿਡਾਰੀਆਂ ਲਈ ਵੀ ਇਹ ਇਕ ਨਵਾਂ ਤਜਰਬਾ ਸੀ। ਇਸ ਤੋਂ ਪਹਿਲਾ ਨਿਊਟਨ ਟੈਨਿਸ ਕਲੱਬ ਨੇ ਅੰਡਰ-14 ਅਤੇ ਅੰਡਰ-16 ਦੇ ਟੈਨਿਸ ਮੁਕਾਬਲਿਆਂ ਦਾ ਜੁਲਾਈ ਵਿੱਚ ਸਫ਼ਲ ਅਯੋਜਨ ਕੀਤਾ। ‘ਸਰੀ ਪ੍ਰੋਵੀਜਨਲ ਲੀਗ’ ਦੀ ਵੀ ਮੇਜ਼ਬਾਨੀ ਪਿਛਲੇ ਸਮਿਆਂ ਵਿੱਚ ਨਿਊਟਨ ਦੁਆਰਾ ਸਫ਼ਲਤਾ ਪੂਰਵਕ ਕੀਤੀ ਗਈ। ਹੁਣ ਅਗਲੇ ਮਹੀਨੇ ਨਿਊਟਨ ਕਲੱਬ ‘ਟਰੂ ਸਟਾਰ’ ਟੂਰਨਾਮੈਂਟ ਅੰਡਰ-12 ਅਤੇ ਅੰਡਰ-14 ਦੀ ਵੀ ਮੇਜ਼ਬਾਨੀ ਸਤੰਬਰ ਵਿੱਚ ਕਰਨ ਜਾ ਰਿਹਾ ਹੈ। ਜੇਕਰ ਇਵੇਂ ਹੀ ਸਾਰਾ ਕੁੱਝ ਸਹੀ ਦਿਸ਼ਾ ਵਿੱਚ ਚੱਲਦਾ ਰਿਹਾ ਤਾਂ ਹੋ ਸਕਦਾ ਹੈ ਕਿ ਜਸਵੀਰ ਸਿੰਘ ਪੰਧੇਰ ਅਤੇ ਰਾਜਦੀਪ ਸਿੰਘ ਝੱਲੀ ਵੱਲੋਂ ਲਏ ਗਏ ਸੁਪਨੇ ਦੇ ਨਤੀਜੇ ਵਜੋਂ ਆਉਂਦੇ ਪੰਜ-ਦਸ ਸਾਲਾਂ ਵਿੱਚ ਹੋ ਸਕਦਾ ਹੈ ਕਿ ਕੋਈ ਪੰਜਾਬੀ ਖਿਡਾਰੀ ਕਿਸੇ ਗਰੇਡ ਸਲੇਮ ਟੂਰਨਾਮੈਂਟ ਵਿਚ ਕੈਨੇਡਾ ਦੇਸ਼ ਵੱਲੋਂ ਖੇਡਦਾ ਨਜ਼ਰ ਆਏ। ਜੇਕਰ ਇਸ ਕਲੱਬ ਦੀ ਪੂਰੀ ਕਾਰਜਸ਼ੈਲੀ ਉੱਪਰ ਝਾਤ ਮਾਰੀਏ ਤਾਂ ਜਸਵੀਰ ਸਿੰਘ ਪੰਧੇਰ, ਰਾਜਦੀਪ ਸਿੰਘ ਝੱਲੀ, ਗੁਰਿੰਦਰ ਡੇਹਲੋ, ਗੁਰਮੁੱਖ ਸਿੰਘ ਝੂਟੀ ਅਤੇ ਅਮਰਜੀਤ ਸਿੰਘ ਸੰਧੂ ਦੇ ਨਾਮ ਉਭਰ ਕੇ ਸਾਹਮਣੇ ਆਉਂਦੇ ਹਨ। ਗੁਰਿੰਦਰ ਡੇਹਲੋ ਜੋ ਆਪ ਫ਼ੀਲਡ ਹਾਕੀ ਦੇ ਬਹੁਤ ਵਧੀਆ ਖਿਡਾਰੀ ਰਹੇ ਹਨ, ਹੁਣ ਉਹ ਨਿਊਟਨ ਕਲੱਬ ਨਾਲ ਜੁੜ ਕੇ ਟੈਕਨੀਕਲ ਅਤੇ ਸੰਚਾਰ ਸਲਾਹਕਾਰ ਦੇ ਰੂਪ ਵਿੱਚ ਕਲੱਬ ਨੂੰ ਆਪਣੀ ਵੱਡਮੁਲੀਆ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਨਿਊਟਨ ਕਲੱਬ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਇਸ ਕਲੱਬ ਦੀ ਵੈੱਬਸਾਈਟ newtontennisclub.ca ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਉਪਰ ਫੋਲੋ ਕੀਤਾ ਜਾ ਸਕਦਾ ਹੈ। ਟੈਨਿਸ ਇੱਕ ਮਹਿੰਗੀ ਖੇਡ ਹੈ ਅਤੇ ਜੇਕਰ ਨਿਊਟਨ ਕਲੱਬ ਨੂੰ ਆਪਣੇ ਭਾਈਚਾਰੇ, ਖੇਡ ਪ੍ਰੇਮੀਆ ਅਤੇ ਹੋਰ ਅਧਿਕਾਰਤ ਸੰਸਥਾਵਾਂ ਦਾ ਇੰਝ ਹੀ ਸਹਿਯੋਗ ਮਿਲਦਾ ਰਿਹਾ ਤਾਂ ਇਸ ਪੇਸ਼ੇਵਾਰ ਖੇਡ ਵਿੱਚ ਵੀ ਕਾਮਯਾਬੀ ਦੀਆ ਮੰਜ਼ਿਲਾਂ ਸਰ ਕੀਤੀਆਂ ਜਾ ਸਕਦੀਆਂ ਹਨ। ਮਰਹੂਮ ਪ੍ਰਸਿੱਧ ਅਮਰੀਕੀ ਟੈਨਿਸ ਖਿਡਾਰੀ ਆਰਥਰ ਐਸ਼ ਦਾ ਇਹ ਕਥਨ ਨਿਊਟਨ ਟੈਨਿਸ ਕਲੱਬ, ਸਰੀ ਦੇ ਮੈਂਬਰਾਂ ਤੇ ਬਿਲਕੁਲ ਢੁੱਕਵਾਂ ਬੈਠਦਾ ਹੈ ਕਿ: “ਜਿੱਥੇ ਤੁਸੀਂ ਹੋ ਉੱਥੋ ਸ਼ੁਰੂ ਕਰੋ। ਜੋ ਤੁਹਾਡੇ ਕੋਲ ਹੈ ਉਸ ਦੀ ਵਰਤੋਂ ਕਰੋ। ਤੁਸੀਂ ਜੋ ਕਰ ਸਕਦੇ ਹੋ ਕਰੋ।” ਉਮੀਦ ਇਹੀ ਕੀਤੀ ਜਾ ਸਕਦੀ ਹੈ ਕਿ ਨਿਊਟਨ ਕਲੱਬ ਮੈਬਰਾਂ ਦੀਆਂ ਅਣਥੱਕ ਕੋਸ਼ਿਸ਼ਾਂ ਨੂੰ ਇਕ ਨਾ ਇਕ ਦਿਨ ਸਫਲਤਾ ਦਾ ਬੂਰ ਜਰੂਰ ਪਾਵੇਗਾ… ਆਮੀਨ!
ਜਗਜੀਤ ਸਿੰਘ ਗਣੇਸ਼ਪੁਰ,
ਵਟਸਐਪ: 94655-76022
ਈਮੇਲ: jsganeshpur@gmail.com