ਪਾਕਿ ਰੇਂਜਰਾਂ ਨੇ 6 ਪੰਜਾਬੀ ਨੌਜਵਾਨ ਕੀਤੇ ਗ੍ਰਿਫ਼ਤਾਰ, ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਲਾਏ ਦੋਸ਼

ਪਾਕਿ ਰੇਂਜਰਾਂ ਵੱਲੋਂ 29 ਜੁਲਾਈ ਤੋਂ 3 ਅਗਸਤ ਤਕ 6 ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਿਨ੍ਹਾਂ ‘ਚੋਂ 4 ਨਾਗਰਿਕ ਫ਼ਿਰੋਜ਼ਪੁਰ ਸਰਹੱਦੀ ਪਿੰਡਾਂ ਦੇ ਵਸਨੀਕ ਦੱਸੇ ਜਾਂਦੇ ਹਨ ਅਤੇ ਇਕ ਜਲੰਧਰ ਅਤੇ ਲੁਧਿਆਣਾ ਦਾ ਦੱਸਿਆ ਜਾਂਦਾ ਹੈ। ਇਹ ਖੁਲਾਸਾ ਕਰਦੇ ਹੋਏ ਪਾਕਿਸਤਾਨੀ ਇਲੈਕਟ੍ਰਾਨਿਕ ਮੀਡੀਆ ਨੇ ਇਨ੍ਹਾਂ 6 ਭਾਰਤੀ ਨਾਗਰਿਕਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ ਅਤੇ ਇਨ੍ਹਾਂ ‘ਤੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਲਗਾਏ ਜਾ ਰਹੇ ਹਨ।

ਪਾਕਿਸਤਾਨੀ ਮੀਡੀਆ ਵੱਲੋਂ ਜਿਨ੍ਹਾਂ 6 ਭਾਰਤੀ ਨਾਗਰਿਕਾਂ ਦੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਹਨ, ਉਨ੍ਹਾਂ ਵਿੱਚ ਗੁਰਮੇਲ ਸਿੰਘ, ਛਿੰਦਰ ਸਿੰਘ ਅਤੇ ਜੋਗਿੰਦਰ ਸਿੰਘ ਵਾਸੀ ਪਿੰਡ ਕਿਲਚੇ (ਫਿਰੋਜ਼ਪੁਰ), ਵਿਸ਼ਾਲ ਜੀਤ ਸਿੰਘ ਵਾਸੀ ਫਿਰੋਜ਼ਪੁਰ, ਮਹਿੰਦਰ ਸਿੰਘ ਵਾਸੀ ਜਲੰਧਰ ਅਤੇ ਗੁਰਵਿੰਦਰ ਸਿੰਘ ਵਾਸੀ ਲੁਧਿਆਣਾ ਦੇ ਰੂਪ ਵਿੱਚ ਦਿਖਾਇਆ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਖੁਫੀਆ ਏਜੰਸੀਆਂ ਵੱਲੋਂ ਇਨ੍ਹਾਂ ਨੌਜਵਾਨਾਂ ਦੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਦੇ ਪਰਿਵਾਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਇਸ ਸਬੰਧੀ ਕੋਈ ਵੀ ਅਧਿਕਾਰੀ ਜਾਂ ਏਜੰਸੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ।

ਜ਼ਿਕਰਯੋਗ ਹੈ ਕਿ ਇਹ ਪਿੰਡ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ਦੇ ਬਿਲਕੁਲ ਨਾਲ ਲੱਗਦਾ ਹੈ। ਪਾਕਿਸਤਾਨੀ ਮੀਡੀਆ ਵਿਚ ਇਨ੍ਹਾਂ ਭਾਰਤੀ ਨਾਗਰਿਕਾਂ ਨੂੰ ਹਥਿਆਰਾਂ ਅਤੇ ਨਸ਼ਿਆਂ ਦੇ ਵੱਡੇ ਤਸਕਰ ਦੱਸਿਆ ਜਾ ਰਿਹਾ ਹੈ।