ਪਾਕਿਸਤਾਨ: ਈਸ਼ਨਿੰਦਾ ਦੇ ਦੋਸ਼ਾਂ ਨੂੰ ਲੈ ਕੇ ਚਰਚਾਂ ਵਿਚ ਕੀਤੀ ਗਈ ਭੰਨਤੋੜ

ਪਾਕਿਸਤਾਨ ਸਥਿਤ ਡਾਨ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਰਿਪੋਰਟ ਕੀਤੀ ਹੈ ਕਿ ਪਾਕਿਸਤਾਨ ਦੇ ਫ਼ੈਸਲਾਬਾਦ ਦੇ ਜਾਰਾਂਵਾਲਾ ਜ਼ਿਲ੍ਹੇ ਵਿਚ ਅੱਜ ਈਸ਼ਨਿੰਦਾ ਦੇ ਦੋਸ਼ਾਂ ਨੂੰ ਲੈ ਕੇ ਕਈ ਚਰਚਾਂ ਵਿਚ ਭੰਨਤੋੜ ਕੀਤੀ ਗਈ ਹੈ। ਡਾਨ ਨਾਲ ਗੱਲ ਕਰਦਿਆਂ ਜੜਾਂਵਾਲਾ ਤਹਿਸੀਲ ਦੇ ਪਾਦਰੀ ਇਮਰਾਨ ਭੱਟੀ ਨੇ ਦੱਸਿਆ ਕਿ ਈਸਾ ਨਗਰੀ ਖੇਤਰ ਵਿਚ ਸਥਿਤ ਸੈਲਵੇਸ਼ਨ ਆਰਮੀ ਚਰਚ, ਯੂਨਾਈਟਿਡ ਪ੍ਰੈਸਬੀਟੇਰੀਅਨ ਚਰਚ, ਅਲਾਈਡ ਫਾਊਂਡੇਸ਼ਨ ਚਰਚ ਅਤੇ ਸ਼ੇਰੋਂਵਾਲਾ ਚਰਚ ਵਿਚ ਭੰਨ-ਤੋੜ ਕੀਤੀ ਗਈ। ਭੱਟੀ ਨੇ ਅੱਗੇ ਦੱਸਿਆ ਕਿ ਈਸ਼ਨਿੰਦਾ ਦੇ ਦੋਸ਼ੀ ਇਕ ਈਸਾਈ ਕਲੀਨਰ ਦਾ ਘਰ ਵੀ ਢਾਹ ਦਿੱਤਾ ਗਿਆ ਹੈ। ਲਹਿੰਦੇ ਪੰਜਾਬ ਦੇ ਪੁਲਿਸ ਮੁਖੀ ਉਸਮਾਨ ਅਨਵਰ ਨੇ ਕਿਹਾ ਕਿ ਪੁਲਿਸ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰ ਰਹੀ ਹੈ ਅਤੇ ਇਲਾਕੇ ਨੂੰ ਘੇਰ ਲਿਆ ਗਿਆ ਹੈ।