ਭੁਲੱਥ ਦੇ ਨੌਜਵਾਨ ਦਾ ਮਨੀਲਾ ‘ਚ ਕਤਲ, 5 ਭੈਣਾਂ ਦਾ ਸੀ ਇਕਲੌਤਾ ਭਰਾ

ਰੋਜ਼ੀ-ਰੋਟੀ ਦੀ ਖਾਤਿਰ ਮਨੀਲਾ ਗਏ ਥਾਣਾ ਸੁਭਾਨਪੁਰ ਦੇ ਪਿੰਡ ਰੰਧਾਵਾ ਜ਼ਿਲ੍ਹਾ ਕਪੂਰਥਲਾ ਦੇ ਨੌਜਵਾਨ ਦੀ ਇਕ ਵਿਆਕਤੀ ਵੱਲੋਂ ਗੋਲ਼ੀ ਮਾਰ ਕੇ ਕਤਲ ਕਰ ਦੇਣ ਦੀ ਖ਼ਬਰ ਮਿਲੀ ਹੈ। ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ।

ਇਸ ਸਬੰਧੀ ਭਰੇ ਮਨ ਨਾਲ ਜਾਣਕਾਰੀ ਦਿੰਦੇ ਮ੍ਰਿਤਕ ਨੌਜਵਾਨ ਦੇ ਪਿਤਾ ਪ੍ਰੇਮ ਸਿੰਘ ਵਾਸੀ ਰੰਧਾਵਾ ਨੇ ਦੱਸਿਆ ਕਿ ਮੇਰਾ ਬੇਟਾ ਨਿਸ਼ਾਨ ਸਿੰਘ (27) ਚਾਰ ਸਾਲ ਤੋਂ ਮਨੀਲਾ ਰਹਿ ਰਿਹਾ ਸੀ ਅਤੇ ਬੀਤੇ ਕੱਲ੍ਹ ਉਥੋ ਫੋਨ ‘ਤੇ ਜਾਣਕਾਰੀ ਮਿਲੀ ਕਿ ਉਸ ਨਾਲ ਇਹ ਘਟਨਾ ਵਾਪਰੀ ਹੈ।

ਉਨ੍ਹਾਂ ਦੱਸਿਆ ਕਿ ਮੇਰਾ ਬੇਟਾ ਕੰਮਕਾਜ ਤੋਂ ਬਾਅਦ ਸ਼ਾਮ ਵੇਲੇ ਸ਼ਹਿਰ ਐਂਗਲਜ਼ ਵਿਖੇ ਆਪਣੇ ਦੋਸਤਾਂ ਨਾਲ ਕਿਸੇ ਢਾਬੇ ‘ਤੇ ਬੈਠਾ ਸੀ। ਇਸੇ ਦੌਰਾਨ ਇਕ ਵਿਆਕਤੀ ਮੋਟਰਸਾਈਕਲ ‘ਤੇ ਆਉਂਦਾ ਹੈ ਅਤੇ ਉਸ ਦੇ ਸਿਰ ਵਿੱਚ ਗੋਲ਼ੀ ਮਾਰ ਕੇ ਭੱਜ ਜਾਂਦਾ ਹੈ। ਇਸ ਦੌਰਾਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਜਾਂਦੀ ਹੈ। ਇਸ ਘਟਨਾ ਦੀ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਤਿੱਖੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਓਧਰ ਪਰਿਵਾਰਕ ਮੈਂਬਰਾ ਨੇ ਨੌਜਵਾਨ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਭਾਰਤ ਲਿਆਉਣ ਲਈ ਸਰਕਾਰ ਤੋਂ ਮੰਗ ਕੀਤੀ ਹੈ।