ਸਾਲ 2020 ਵਿਚ ਕੈਲੀਫੋਰਨੀਆ ’ਚ 3 ਬੱਚਿਆਂ ਨੂੰ ਬਚਾਉਣ ਸਮੇਂ ਜਾਨ ਗਵਾਉਣ ਵਾਲੇ 31 ਸਾਲਾ ਪੰਜਾਬੀ ਨੂੰ ਕਾਰਨੇਗੀ ਹੀਰੋ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। 5 ਅਗਸਤ 2020 ਨੂੰ ਫਰਿਜ਼ਨੋ ਵਾਸੀ ਮਨਜੀਤ ਸਿੰਘ ਦੀ ਰੀਡਲੇ ਵਿਚ ਕਿੰਗਜ਼ ਰਿਵਰ ਵਿਚ ਡੁੱਬ ਰਹੇ ਤਿੰਨ ਬੱਚਿਆਂ ਨੂੰ ਬਚਾਉਂਦੇ ਸਮੇਂ ਮੌਤ ਹੋ ਗਈ ਸੀ।
ਦਰਅਸਲ ਜਦੋਂ ਮਨਜੀਤ ਸਿੰਘ ਨੇ ਦੋ 8 ਸਾਲਾ ਲੜਕੀਆਂ ਅਤੇ ਇਕ 10 ਸਾਲਾ ਦੇ ਲੜਕੇ ਨੂੰ ਕਿੰਗਜ਼ ਨਦੀ ਵਿਚ ਡੁੱਬਦੇ ਵੇਖਿਆ ਤਾਂ ਉਹ ਤੁਰਤ ਨਦੀ ਵਿਚ ਕੁੱਦ ਗਿਆ। ਮਨਜੀਤ ਉਥੇ ਖੜਾ ਸੀ। ਮਨਜੀਤ ਸਿੰਘ ਅਪਣੇ ਰਿਸ਼ਤੇਦਾਰ ਸਮੇਤ ਇਥੇ ਨਦੀ ‘ਤੇ ਜੈੱਟ ਸਕੀਸ ਡਰਾਈਵ ਕਰਨ ਗਿਆ ਸੀ। ਜਦੋਂ ਮਨਜੀਤ ਸਿੰਘ ਨੇ ਉਨ੍ਹਾਂ ਬੱਚਿਆਂ ਨੂੰ ਡੁੱਬਦੇ ਵੇਖਿਆ ਤਾਂ ਉਹ ਤੁਰਤ ਕਿਸੇ ਚੀਜ਼ ਦੀ ਪਰਵਾਹ ਕੀਤੇ ਬਗ਼ੈਰ ਨਦੀ ਵਿਚ ਛਾਲ ਮਾਰ ਦਿਤੀ।
ਮਿਲੀ ਜਾਣਕਾਰੀ ਅਨੁਸਾਰ ਮਨਜੀਤ ਸਿੰਘ ਨੂੰ ਤੈਰਨਾ ਨਹੀਂ ਆਉਂਦਾ ਸੀ, ਇਸ ਦੇ ਬਾਵਜੂਦ ਉਸ ਨੇ ਅਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਤਿੰਨ ਬੱਚਿਆਂ ਦੀ ਜਾਨ ਬਚਾਈ। ਇਸ ਘਟਨਾ ਤੋਂ ਬਾਅਦ ਦੁਨੀਆਂ ਭਰ ਦੇ ਲੋਕਾਂ ਨੇ ਮਨਜੀਤ ਸਿੰਘ ਦੀ ਸ਼ਲਾਘਾ ਵੀ ਕੀਤੀ ਸੀ।