ਕੈਨੇਡਾ ਪੁਲੀਸ ਨੇ ਵਾਹਨ ਚੋਰੀ ਦੇ ਵੱਡੇ ਗਰੋਹ ਦਾ ਪਰਦਾਫਾਸ਼ ਕਰਦਿਆਂ ਭਾਰਤੀ ਮੂਲ ਦੇ 15 ਜਣਿਆਂ ਨੂੰ ਕੀਤਾ ਗ੍ਰਿਫ਼ਤਾਰ

ਕੈਨੇਡਾ ਪੁਲੀਸ ਨੇ ਵਾਹਨ ਚੋਰੀ ਦੇ ਇੱਕ ਵੱਡੇ ਗਰੋਹ ਦਾ ਪਰਦਾਫਾਸ਼ ਕਰਦਿਆਂ ਭਾਰਤੀ ਮੂਲ ਦੇ 15 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਚੋਰੀ ਦੇ ਸਾਮਾਨ ਸਮੇਤ 90 ਲੱਖ ਡਾਲਰ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਹੈ। ਇਹ ਸਾਰੇ ਮੁਲਜ਼ਮ ਪੰਜਾਬ ਨਾਲ ਸਬੰਧਤ ਹਨ।

ਪੀਲ ਰਿਜਨਲ ਪੁਲੀਸ ਨੇ ਦੱਸਿਆ ਕਿ ਪੀਲ ਰਿਜਨਲ ਨਗਰਪਾਲਿਕਾ ਖੇਤਰ ਅਤੇ ਗਰੇਟਰ ਟੋਰਾਂਟੋ ਏਰੀਆ (ਜੀਟੀਏ) ਵਿੱਚ ਕਈ ਟਰੈਕਟਰ-ਟਰੇਲਰ ਅਤੇ ਵਾਹਨਾਂ ਦੀ ਚੋਰੀ ਦੀਆਂ ਘਟਨਾਵਾਂ ਦੀ ਜਾਂਚ ਲਈ ਮਾਰਚ ਵਿੱਚ ਇੱਕ ਸਾਂਝੀ ਟਾਸਕ ਫੋਰਸ ਦਾ ਗਠਨ ਕੀਤਾ ਸੀ। ਜਾਂਚ ਵਿੱਚ ਇਸ ਨੂੰ ‘ਪ੍ਰਾਜੈਕਟ ਬਿੱਗ ਰਿਗ’ ਦਾ ਨਾਂ ਦਿੱਤਾ ਗਿਆ ਅਤੇ ਇਸ ਗਰੋਹ ਦਾ ਪਰਦਾਫਾਸ਼ ਕਰਕੇ ਜੀਟੀਏ ਵਿੱਚ ਵੱਖ ਵੱਖ ਸ਼ਹਿਰਾਂ ਤੋਂ ਭਾਰਤੀ ਮੂੁਲ ਦੇ 15 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਪੁਲੀਸ ਅਧਿਕਾਰੀ ਮਾਰਕ ਹੇਅਵੁੱਡ ਨੇ ਦੱਸਿਆ ਕਿ ਮੁਲਜ਼ਮ ਸੜਕ ਕਿਨਾਰਿਓਂ ਟਰੱਕ ਚੋਰੀ ਕਰਦੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। –