
ਪੰਜਾਬੀਆਂ ਨੂੰ ਸਤ ਸ਼੍ਰੀ ਅਕਾਲ। ਇੱਥੇ ਸਾਡੀ, ਪਟਾਕੇ, ਪਰਾਲੀ ਅਤੇ ਪ੍ਰਦੂਸ਼ਣ ਕਰਕੇ ਟੈਂ-ਟੈਂਅ ਫਿੱਸ ਹੋ ਗਈ ਹੈ। ਖ਼ਬਰ ਹੈ ਕਿ ਤੁਹਾਡੇ ਸਰਕਾਰੀ ਨਿਯਮਾਂ ਨੂੰ ਲਾਗੂ ਕਰਨ ਨਾਲ ਅਜੇਹਾ ਨਹੀਂ ਹੁੰਦਾ। ਚੰਗੀ ਗੱਲ ਹੈ। ਸਿਆਣੀ ਚਾਚੀ ਚਰਨਜੀਤ ਕੌਰ ਕਹਿੰਦੀ, “ਭਾਈ, ਪੂਜਾ-ਪਾਠ ਕਰ ਲੋ, ਪੁੰਨ-ਦਾਨ ਕਰ ਲੋ, ਚੰਗਾ ਖਾ-ਪੀ ਲੋ, ਸਿਹਤ ਤਾਂ ਖ਼ਰਾਬ ਨਾ ਕਰੋ।” ਬਾਰ ਅੱਗੇ ‘ਦੋ ਦੀਵੇਜਗਾਉਣ ਦੀ ਭਾਵਨਾ ਅਜੇ ਵੀ ਕਾਇਮ ਹੈ। ਹਾਂ, ਹੁਣ ਮੜੀਆਂ-ਸਮਾਧਾਂ ਉੱਤੇ ਦੀਵਾ ਕਰਨ ਦੀ ਪਰੰਪਰਾ ਘੱਟ ਰਹੀ ਹੈ। ਅੱਗੇ ਸਮਾਚਾਰ ਇਹ ਹੈ ਕਿ ਦੀਵਿਆਂ ਤੋਂ ‘ਆਵੇ ਆਲਾ ਆਤੂ ਘੁਮਿਆਰ ਚੇਤੇ ਆ ਗਿਆ। ਆਤੂ ਦਾ ਪਿਓ-ਦਾਦਾ ਘਰ ਦੇ ਖੁੱਲ੍ਹੇ ਵਿਹੜੇ ਚ ਇੱਕ ਪਾਸੇ ਆਵੀ ਲਾਂਉਂਦਾ ਸੀ। ਮੀਂਹਾਂ ਦੇ ਚੁਮਾਸੇ ਤੋਂ ਬਿਨਾਂ ਅੱਠ ਮਹੀਨੇ ਆਵੀਚ ਦੀਵੇ, ਦੀਵੱਟੀ, ਹੱਥੜੀਆਂ, ਮਿੱਟੀ ਦੇ ਭਾਂਡੇ, ਕੁਨਾਲੀਆਂ, ਤੌੜੇ, ਮੱਟੀਆਂ, ਗੋਹਲੜੀਏ, ਕੂੰਡੇ, ਗਮਲੇ, ਚਾਟੀਆਂ, ਤੌੜੀਆਂ, ਮੰਦਰ-ਘਰ, ਫੁੱਲਦਾਨ, ਖਿਡੌਣੇ, ਚੌਮੁਖੀਏ, ਕੁੱਜੇ, ਬਠਲੇ, ਚੂਕੜੇ, ਘਰੂੰਡੀਆਂ ਅਤੇ ਹੋਰ ਕਈ ਕੁੱਝ ਬਣਦਾ ਰਹਿੰਦਾ। ਘੁਮਿਆਰ ਮਿੱਟੀ ਲਿਆਉਣ, ਛਾਨਣ, ਗੁੰਨ੍ਹਣ, ਚੱਕ ਉੱਤੇ ਚੜ੍ਹਾ ‘ਗਹੀਰੇ ਵਰਗੀ ਆਵੀਚ ਅੱਗ ਬਾਲ ਪਕਾਂਉਂਦੇ ਰਹਿੰਦੇ। ਆਵੀ ਨੂੰ ਅੱਗ ਦੇਣ ਅਤੇ ਭਾਂਡੇ ਚਿਣਨ ਦਾ ਵੀ ਖਾਸ ਤਰੀਕਾ ਸੀ। ਅੱਗ ਦੇਣ ਸਮੇਂ, ਪੂਜਾ-ਪਾਠ ਕਰ, ਅਰਦਾਸ ਕੀਤੀ ਜਾਂਦੀ। ਪ੍ਰਸ਼ਾਦ ਵੰਡਿਆ ਜਾਂਦਾ। ਭਾਂਡੇ ਪੱਕਣ ਮਗਰੋਂ ਆਵੀ ਖੋਲ੍ਹਣ ਸਮੇਂ ਰੱਬ ਦਾ ਨਾਂ ਲੈ ਹੱਥ ਪਾਇਆ ਜਾਂਦਾ। ਇੱਕ ਕੋਠੇ ਵਿੱਚ ਰੱਖੇ ਭਾਂਡਿਆਂ ਨੂੰ ਉਸ ਦੀ ਘਰ ਵਾਲੀ ਕਮਲਾ, ਆਏ ਗ੍ਰਾਹਕਾਂ ਨੂੰ ਵੇਚਦੀ ਰਹਿੰਦੀ। ਦਾਣਿਆਂ ਵੱਟੇ ਜਾਂ ਸਾਲ ਦੀ ਸੇਪੀ ਦੇ ਹਿਸਾਬ ਨਾਲ। ਆਤੂ ਨੇ ਇਸ ਵਿੱਚ ਵਾਧਾ ਇਹ ਕੀਤਾ ਕਿ ਉਹ ਕਦੇ-ਕਦੇ, ਗੱਡੀ ਉੱਤੇ ਰੱਖ, ਪੱਕੇ-ਭਾਂਡੇ, ਲੈ ਕੇ ਨੇੜੇ-ਪਿੰਡਾਂ ਚ ਵੇਚਣ ਲੱਗਾ। ਦੀਵਾਲੀ ਤੋਂ ਪਹਿਲਾਂ ਉਹ ਸ਼ਹਿਰੋਂ ਆਰਡਰ ਲਿਆਂਉਂਦਾ। ਦੀਵਾਲੀ ਦੇ ਦਿਨਾਂਚ ਉਹ ਸਪੈਸ਼ਲ ਸੇਲ, ਲਾ ਥਾਂ-ਥਾਂ, ਗਲੀ-ਗਲੀ, ਘਰ-ਘਰ ਵਪਾਰ ਵਧਾਂਉਂਦਾ। ਫੇਰ ਭੱਜ-ਨੱਠ ਕਰਕੇ ਆਤੂ ਨੇ ਸਾਲੇ ਨੂੰ ਨਾਲ ਰਲਾ, ਨਿਆਂਈਂ ਚ ਆਵਾ (ਇੱਟਾਂ ਦਾ) ਲਾ ਲਿਆ। ਲਾਲ ਪੱਗਾਂ ਆਲੇ ਗਡੋਡੂ ਰਾਜਸਥਾਨ ਤੋਂ ਲਿਆਂਦੇ। ਉਹ ਟੱਬਰਾਂ ਨਾਲ, ਇੱਟਾਂ ਪੱਥਦੇ, ਸੁਕਾਂਉਂਦੇ, ਚਿਣਦੇ, ਪਕਾਂਉਂਦੇ, ਰਾਤ ਨੂੰ ਢੋਲਕੀ ਉੱਤੇ ਗੀਤ ਗਾਂਉਂਦੇ। ਨੇੜੇ ਪਿੰਡਚ ਇੱਟਾਂ ਦਾ ਕੋਈ ਭੱਠਾ ਨਹੀਂ ਸੀ, ਉਸਦੀਆਂ ਪੱਕੀਆਂ, ਅੱਧ-ਪੱਕੀਆਂ, ਪਿੱਲੀਆਂ, ਕੱਚੀਆਂ ਇੱਟਾਂ ਸਮੇਤ ਖੰਗਰੀ-ਸੁਰਖੀ ਵਿਕ ਜਾਂਦਾ। ਪਿੰਡ ਚ ਉਸਨੇ ਮੁੰਡੇ ਨੂੰ ਦੁਕਾਨ ਬਣਾ ਤੀ। ਉੱਥੇ, ਭੱਠੇ ਦਾ ਦਫਤਰ ਆਪੇ ਬਣ ਗਿਆ। ਮਿੱਟੀ ਦਾ ਸਾਮਾਨ, ਪਰਚੂਨ ਦਾ ਸੌਦਾ ਅਤੇ ਹੋਰ ਨਿੱਕ-ਸੁੱਕ ਵਿਕਦਾ। ਹੌਲੀ-ਹੋਲੀ ਕੱਪੜਾ, ਲੋਹਾ ਅਤੇ ਖਲ-ਵੜੇਂਵੇਂ ਵੀ ਆ ਗਏ। ਲੋਕੀਂ ਆਖਦੇ ‘ਆਤੂ ਦੀ ਮਿੱਟੀ ਸੋਨਾ ਬਣ ਗਈ ਹੈ। ਅਮੀਰ ਬਣ ਕੇ ਵੀ ਆਤੂ ਸਾਦਾ ਰਿਹਾ। ਸਭ ਨੂੰ ਮਿੱਠਤ ਨਾਲ ਹੱਥ ਜੋੜਦਾ। ‘ਪਰਮੇਸਰ ਕੀ ਕਿਰਪਾਉਹਦਾ ਤਕੀਆ ਕਲਾਮ ਸੀ। ਉਹ ਹਰ ਸਾਲ ਜਗਰਾਤਾ ਕਰਾਂਉਂਦਾ, ਪਾਠ ਰੱਖਦਾ, ਨਿਮਰਤਾ ਨਾਲ ਹੱਥੀਂ ਸੇਵਾ ਕਰਦਾ। ਉਹਦਾ ਟੱਬਰ ਵੱਧਦਾ, ਪੜ੍ਹਦਾ, ਕਾਰਾਂ, ਕੋਠੀਆਂ ਅਤੇ ਜ਼ਮੀਨਾਂ ਵਾਲਾ ਹੋ ਗਿਆ ਪਰ ਉਨ੍ਹਾਂ ਪਹਿਲੀ (ਬੈਠਣ ਵਾਲੀ) ਗੱਦੀ ਨਾ ਢਾਹੀ ਨਾ ਹਿਲਾਈ। ਉਨ੍ਹਾਂ ਨੂੰ ‘ਵਹਿਮ ਵਰਗਾ ਵਿਸ਼ਵਾਸ ਸੀ ਕਿ ਇਹ ਥਾਂ ‘ਕਰਮਾਂ ਵਾਲੀਹੈ। ਆਤੂ ਤੁਰ ਗਿਆ ਭਾਂਡੇ ਵਾਂਗੂੰ ਪੱਕ ਕੇ, ਪਰਿਵਾਰ ਨੂੰ ਪਕਾ ਕੇ, ਕਈਆਂ ਦੇ ਘਰ ਪੱਕੇ ਕਰ ਕੇ..... ਬਾਕੀ ਅਗਲੇ ਐਤਵਾਰ.....
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061
