‘ਤੁਹਾਡੇ ਖ਼ਤ’ ਪ੍ਰੋਗਰਾਮ ਦੇ ਖ਼ਤਾਂ ਦਾ ਮਜ਼ਮੂਨ

‘ਤੁਹਾਡੇ ਖ਼ਤ’ ਪ੍ਰੋਗਰਾਮ ਦੇ ਖ਼ਤਾਂ ਦਾ ਮਜ਼ਮੂਨ

ਪੰਜਾਬੀ ਟ੍ਰਿਬਿਊਨ ਦੇ ਚੈਨਲ ਨੇ ਜਦ ‘ਤੁਹਾਡੇ ਖ਼ਤ’ ਪ੍ਰੋਗਰਾਮ ਆਰੰਭ ਕੀਤਾ ਅਤੇ ਖ਼ਤਾਂ ਦੇ ਜਵਾਬ ਦੇਣ ਲਈ ਅਖ਼ਬਾਰ ਦੇ ਸੰਪਾਦਕ ਅਰਵਿੰਦਰ ਜੌਹਲ ਪਾਠਕਾਂ-ਦਰਸ਼ਕਾਂ ਦੇ ਰੂਬਰੂ ਸਨ ਤਾਂ ਪ੍ਰੋਗਰਾਮ ਨੇ ਯਕਦਮ ਪਾਠਕਾਂ ਦਾ ਧਿਆਨ ਖਿੱਚਿਆ।

ਮੈਂ ਇਹ ਜਾਣਨ ਲਈ ਉਤਸਕ ਸਾਂ ਕਿ ਪਾਠਕ-ਦਰਸ਼ਕ ਪੰਜਾਬੀ ਟ੍ਰਿਬਿਊਨ ਦੇ ਪ੍ਰੋਗਰਾਮ ‘ਤੁਹਾਡੇ ਖ਼ਤ’ ਲਈ ਖ਼ਤ ਲਿਖਦੇ ਵੇਲੇ ਕਿਹੜੀਆਂ ਗੱਲਾਂ, ਕਿਹੜੇ ਨੁਕਤੇ, ਕਿਹੜੇ ਸਵਾਲ ਉਭਾਰਦੇ ਹਨ ਅਤੇ ਬਤੌਰ ਸੰਪਾਦਕ ਮੈਡਮ ਅਰਵਿੰਦਰ ਜੌਹਲ ਉਨ੍ਹਾਂ ਦੇ ਕੀ ਜਵਾਬ ਦਿੰਦੇ ਹਨ।

ਮੇਰੇ ਲਈ ਦੋਵੇਂ ਗੱਲਾਂ ਮਹੱਤਵਪੂਰਨ ਸਨ। ਖ਼ਤਾਂ ਦੀ ਸਮੱਗਰੀ, ਖ਼ਤਾਂ ਦਾ ਮਜ਼ਮੂਨ ਅਤੇ ਉਨ੍ਹਾਂ ਦੇ ਜਵਾਬ। ਵੱਖ ਵੱਖ ਅਖ਼ਬਾਰਾਂ ਵਿਚ 34-35 ਸਾਲਾਂ ਤੋਂ ਹਫ਼ਤਾਵਾਰ ਕਾਲਮ ‘ਟੈਲੀਵਿਜ਼ਨ ਸਮੀਖਿਆ’ ਲਿਖਦਿਆਂ ਬਤੌਰ ਮੀਡੀਆ ਆਲੋਚਕ ਅਜਿਹੇ ਟੀ.ਵੀ. ਪ੍ਰੋਗਰਾਮ ਮੇਰੇ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ ਹਨ। ਜਦ ਕਿਸੇ ਚੈਨਲ ਦੇ ਡਾਇਰੈਕਟਰ ਜਾਂ ਅਖ਼ਬਾਰ ਦੇ ਸੰਪਾਦਕ ਖ਼ੁਦ ਪਾਠਕਾਂ-ਦਰਸ਼ਕਾਂ ਦੇ ਖ਼ਤਾਂ ਦੇ ਜਵਾਬ ਦੇ ਰਹੇ ਹੋਣ ਤਾਂ ਇਹ ਹੋਰ ਆਕਰਸ਼ਨ ਦਾ ਸਬੱਬ ਬਣ ਜਾਂਦਾ ਹੈ।

‘ਤੁਹਾਡੇ ਖ਼ਤ’ ਪ੍ਰੋਗਰਾਮ ਸੰਬੰਧੀ ਜਦ ਮੈਂ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਇਹ ਪ੍ਰੋਗਰਾਮ ਹਫ਼ਤਾਵਾਰੀ ਹੈ ਅਤੇ ਹਰੇਕ ਐਤਵਾਰ ਸਵੇਰੇ 9 ਵਜੇ ਪੰਜਾਬੀ ਟ੍ਰਿਬਿਊਨ ਦੇ ਫੇਸਬੁਕ ਪੇਜ, ਯੂਟਿਊਬ ਚੈਨਲ ਅਤੇ ਇੰਸਟਾਗ੍ਰਾਮ ’ਤੇ ਵੇਖਿਆ ਜਾ ਸਕਦਾ ਹੈ। ਅਖ਼ਬਾਰ ਦੇ ਸੰਪਾਦਕ ਅਰਵਿੰਦਰ ਜੌਹਲ ਖ਼ਤਾਂ ਦੇ ਜਵਾਬ ਦੇਣ ਲਈ ਦਰਸ਼ਕਾਂ ਦੇ ਰੂਬਰੂ ਹੁੰਦੇ ਹਨ।

ਇਹ ਜ਼ਰੂਰੀ ਨਹੀਂ ਚੈਨਲ ਦਾ ਡਾਇਰੈਕਟਰ, ਅਖ਼ਬਾਰ ਦਾ ਸੰਪਾਦਕ ਜਾਂ ਲੇਖਕ ਵੋਕਲ ਵੀ ਹੋਵੇ ਅਤੇ ਟੈਲੀਵਿਜ਼ਨ ਪਰਦੇ ਦੀਆਂ ਲੋੜਾਂ ਅਨੁਸਾਰ ਉਸ ਕੋਲ ਬਣਦਾ ਫੱਬਦਾ ਚਿਹਰਾ-ਮੋਹਰਾ ਤੇ ਮੂੰਹ-ਮੁਹਾਂਦਰਾ ਵੀ ਹੋਵੇ। ਪਰ ਮੈ ਹੈਰਾਨ ਸਾਂ ਟੀ. ਵੀ. ਪਰਦੇ ਲਈ ਲੋੜੀਂਦੀਆਂ ਸਾਰੀਆਂ ਖ਼ੂਬੀਆਂ ਮੈਡਲ ਜੌਹਲ ਕੋਲ ਸਨ। ਉਹ ਕਾਬਲੀਅਤ, ਉਹ ਹੁਨਰ, ਉਹ ਦਿੱਖ-ਦਿਖਾਵਟ, ਉਹ ਪਕੜ, ਉਹ ਸਮਝ, ਉਹ ਸ਼ਬਦਾਵਲੀ, ਉਹ ਸ਼ੈਲੀ, ਉਹ ਮੁਹਾਰਤ ਜਿਸਦੀ ਟੀ.ਵੀ. ਸਕਰੀਨ ਲਈ ਲੋੜ ਹੁੰਦੀ ਹੈ।

ਖ਼ਤ ਪੜ੍ਹਨ ਲਈ ਬਤੌਰ ਐਂਕਰ ਪਰਮਜੀਤ ਕੌਰ ਮੌਜੂਦ ਸਨ ਜਿਹੜੇ ਹਰੇਕ ਪੱਖ ਤੋਂ ਸਹਿਯੋਗ ਲਈ, ਪ੍ਰੋਗਰਾਮ ਨੂੰ ਅੱਗੇ ਵਧਾਉਣ ਲਈ ਸਮਰੱਥ ਸਨ।

ਜਦ ਮੈਂ ‘ਤੁਹਾਡੇ ਖ਼ਤ’ ਪ੍ਰੋਗਰਾਮ ਦੀਆਂ ਵੱਖ ਵੱਖ ਕੜੀਆਂ ’ਤੇ ਨਜ਼ਰ ਮਾਰੀ ਤਾਂ ਦੱਸਿਆ ਜਾ ਰਿਹਾ ਸੀ ਕਿ ਪ੍ਰੋਗਰਾਮ ਨੂੰ ਦਰਸ਼ਕਾਂ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ ਅਤੇ ਸੁਧਾਰ ਲਈ ਲਗਾਤਾਰ ਸੁਝਾਅ ਆ ਰਹੇ ਹਨ।

ਪਾਠਕਾਂ-ਦਰਸ਼ਕਾਂ ਦੇ ਖ਼ਤ ਪੜ੍ਹਨ ਅਤੇ ਜਵਾਬ ਦੇਣ ਦਾ ਢੰਗ-ਤਰੀਕਾ ਅਤੇ ਆਪਸੀ ਤਾਲਮੇਲ ਅਜਿਹਾ ਸੀ ਕਿ ਜਿਨ੍ਹਾਂ ਨੇ ਅਖ਼ਬਾਰ ਦੇ ਉਹ ਅੰਕ, ਉਹ ਆਰਟੀਕਲ ਨਹੀਂ ਪੜ੍ਹੇ ਉਨ੍ਹਾਂ ਨੂੰ ਵੀ ਬਹੁਤ ਸਾਰੀ ਜਾਣਕਾਰੀ ਮਿਲਦੀ ਜਾ ਰਹੀ ਸੀ।

ਵਧੇਰੇ ਖ਼ਤਾਂ ਦਾ ਵਿਸ਼ਾ ਸਾਹਿਤਕ ਰਚਨਾਵਾਂ ਅਤੇ ਸਾਹਿਤਕਾਰਾਂ ਦੁਆਲੇ ਕੇਂਦਰਿਤ ਸੀ। ਵਿਸਾਖੀ ਦੀਆਂ ਰੌਣਕਾਂ, ਮੌਸਮ ਦੀ ਬੇਈਮਾਨੀ ਅਤੇ ਕਿਸਾਨੀ ਦੀਆਂ ਚਿੰਤਾਵਾਂ ਦੀ ਗੱਲ ਵੀ ਹੋ ਰਹੀ ਸੀ। ਸੱਚ ਬੋਲਣ ਦਾ ਮਹੱਤਵ ਸਮਝਾਇਆ ਜਾ ਰਿਹਾ ਸੀ। ਸਮੇਂ ਦੀ ਤੋਰ ਅਤੇ ਬਦਲਾਅ ਦੀ ਗੱਲ ਕਰਦਿਆਂ ਉਨ੍ਹਾਂ ਸਮਿਆਂ ਨੂੰ ਯਾਦ ਕੀਤਾ ਜਾ ਰਿਹਾ ਸੀ ਜਦੋਂ ਟੈਲੀਵਿਜ਼ਨ ਸੈੱਟ ਅਤੇ ਫੋਨ ਟਾਵੇਂ ਟਾਵੇਂ ਘਰਾਂ ਵਿਚ ਹੁੰਦੇ ਸਨ।

ਠੇਠ ਪੰਜਾਬੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਮੈਡਮ ਅਰਵਿੰਦਰ ਜੌਹਲ ਅਤੇ ਸੰਚਾਲਕ ਪਰਮਜੀਤ ਕੌਰ ਪ੍ਰੋਗਰਾਮ ਨੂੰ ਇਥੋਂ ਤੱਕ ਲੈ ਆਏ ਸਨ ਕਿ ਕੁਦਰਤ ਅੱਗੇ ਕਿਸੇ ਦਾ ਵੱਸ ਨਹੀਂ ਚੱਲਦਾ। ਕਿਸਾਨ ਜਾਵੇ ਤਾਂ ਕਿੱਥੇ ਜਾਵੇ? ਕੁਝ ਵੀ ਹੈ ਕਿਸਾਨ ਦੀ ਮਿਹਨਤ ਅਜਾਈਂ ਨਹੀਂ ਜਾਣੀ ਚਾਹੀਦੀ ਅਤੇ ਉਸਨੂੰ ਆਪਣੀ ਮਿਹਨਤ ਦਾ ਪੂਰਾ ਮੁੱਲ ਮਿਲਣਾ ਚਾਹੀਦਾ ਹੈ।

ਓਧਰ ਪਾਠਕਾਂ ਦੀਆਂ ਆਪਣੀਆਂ ਦਿੱਕਤਾਂ ਹਨ, ਦਰਸ਼ਕਾਂ ਦੀਆਂ ਆਪਣੀਆਂ ਸਮੱਸਿਆਵਾਂ ਹਨ। ਕਿਸੇ ਨੂੰ ਲੱਗਾ ਕਿ ਉਸਦਾ ਈਮੇਲ ਅਕਾਊਂਟ ਅਖ਼ਬਾਰ ਨੇ ਬਲੌਕ ਕਰ ਦਿੱਤਾ ਹੈ। ਮੈਡਮ ਜੌਹਲ ਨੇ ਨਿਮਰਤਾ ਸਹਿਤ ਸਮਝਾਇਆ ਕਿ ਇੰਝ ਨਹੀਂ ਹੋਇਆ। ਕੋਈ ਤਕਨੀਕੀ ਰੁਕਾਵਟ ਹੋ ਸਕਦੀ ਹੈ। ਸੰਚਾਰ ਦੇ ਦੂਸਰੇ ਮਾਧਿਅਮ ਵਰਤ ਕੇ ਸਥਿਤੀ ਸਪਸ਼ਟ ਕੀਤੀ ਜਾ ਸਕਦੀ ਹੈ।

ਦੂਸਰੀ ਕੜੀ ਵਿਚ ਪਾਠਕਾਂ ਨੇ ਆਪਣੇ ਖ਼ਤਾਂ ਰਾਹੀਂ ਮਾਂ ਬੋਲੀ ਦੇ ਮਹੱਤਵ ਦੇ ਪ੍ਰਸੰਗ ਵਿਚ, ਪੰਜਾਬੀ ਬੋਲੀ ਬਾਰੇ ਚਰਚਾ ਛੇੜੀ। ਭਾਸ਼ਾ ਵਿਭਾਗ ਦੀ ਗੱਲ ਕਰਦਿਆਂ ਦੱਸਿਆ ਗਿਆ ਕਿ 1967 ਵਿਚ ਭਾਸ਼ਾ ਕਾਨੂੰਨ ਬਣਿਆ ਸੀ ਪਰੰਤੂ ਅੱਜ ਵੀ ਪੰਜਾਬੀ ਬੋਲੀ ਪ੍ਰਤੀ ਪੰਜਾਬੀਆਂ ਅੰਦਰ ਉਹ ਲਗਾਅ, ਉਹ ਖਿੱਚ, ਉਹ ਮੋਹ-ਤੇਹ, ਉਹ ਜਨੂੰਨ ਨਹੀਂ ਜਿਹੜਾ ਦੱਖਣੀ ਸੂਬਿਆਂ ਦੇ ਲੋਕਾਂ ਅੰਦਰ ਆਪਣੀਆਂ ਮਾਂ-ਬੋਲੀਆਂ ਲਈ ਹੈ।

ਜ਼ੁਬਾਨ ਦੀ ਗੱਲ ਹੋਈ ਤਾਂ ਜਲ ਦੀ, ਜ਼ਮੀਨ ਦੀ ਸ਼ੁਰੂ ਹੋ ਗਈ। ਪਾਣੀ ਦਾ ਡਿੱਗਦਾ ਪੱਧਰ, ਪ੍ਰਦੂਸ਼ਿਤ ਹੁੰਦਾ ਪਾਣੀ, ਬੰਜਰ ਬਣਦੀ ਧਰਤੀ। ਇਸ ਖ਼ਤ ਦੇ ਹਵਾਲੇ ਨਾਲ ਪ੍ਰੋਗਰਾਮ ਪਾਣੀ ਬਚਾਉਣ ਦਾ ਹੋਕਾ ਵੀ ਦੇ ਗਿਆ।

ਘਰ ਦੀ ਰਸੋਈ, ਬੱਚਿਆਂ ਦੀ ਸਿਹਤ, ਮਾਂ ਦੀ ਚਿੰਤਾ, ਅਧਿਆਪਕ ਦੀ ਸਿੱਖਿਆ, ਪੰਜ ਰੰਗੀ ਖ਼ੁਰਾਕ। ਥੋੜ੍ਹੇ ਜਿਹੇ ਸ਼ਬਦਾਂ ’ਚ ਜ਼ਿੰਦਗੀ ਦਾ ਬਹੁਤ ਵੱਡਾ ਸਬਕ।

ਗੱਲਾਂ ਹੀ ਗੱਲਾਂ ’ਚ ਵੱਡੇ ਮੁੱਦੇ, ਵੱਡੇ ਮਸਲੇ, ਵੱਡੇ ਨੁਕਤੇ ਉਠਾਏ ਜਾ ਰਹੇ ਸਨ। ਫੌਜਾ ਸਿੰਘ ਦੀ ਸ਼ਖ਼ਸੀਅਤ ਤੇ ਸੋਚ ਦੀ ਗੱਲ ਕਰਦਿਆਂ, ਬਹਿਸ ਜਾਂ ਰਜ਼ਾਮੰਦੀ ਰਾਹੀਂ ਪਾਠਕਾਂ-ਦਰਸ਼ਕਾਂ ਨੂੰ ਮੁਲਵਾਨ ਸਨੇਹਾ ਦੇ ਦਿੱਤਾ ਗਿਆ।

ਗਰਮੀ ਦੇ ਮੌਸਮ ਅਤੇ ਵੱਧਦੇ ਤਾਪਮਾਨ ਮੌਕੇ ਕਣਕਾਂ ਨੂੰ ਅੱਗਾਂ ਤੋਂ ਬਚਾਉਣ ਲਈ ਸੰਜਮ ਤੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ। ਚੰਦ ਮਿੰਟਾਂ ਦਾ ਪ੍ਰੋਗਰਾਮ ਕੁੱਝੇ ਵਿਚ ਸਮੁੰਦਰ ਬੰਦ ਕਰਨ ਵਾਂਗ ਸੀ। ਪਾਠਕਾਂ-ਦਰਸ਼ਕਾਂ ਦੇ ਛੋਟੇ ਛੋਟੇ ਸਵਾਲ, ਉਨ੍ਹਾਂ ਲਈ ਵੱਡੇ ਵੱਡੇ ਸੁਨੇਹੇ ਛੱਡ ਗਏ।

ਪ੍ਰੋ. ਕੁਲਬੀਰ ਸਿੰਘ
ਮੀਡੀਆ ਆਲੋਚਕ
94171-53513