ਪਿੰਡ, ਪੰਜਾਬ ਦੀ ਚਿੱਠੀ (247)

ਪਿੰਡ, ਪੰਜਾਬ ਦੀ ਚਿੱਠੀ (247)

ਅਮਨ-ਪਸੰਦ ਪੰਜਾਬੀਓ, ਸਤ ਸ਼੍ਰੀ ਅਕਾਲ। ਇੱਥੇ ਅਸੀਂ ਰੌਲਿਆਂ-ਗੌਲਿਆਂ ਵਿੱਚ ਵੀ ਠੀਕ ਹਾਂ। ਤੁਹਾਡੀ ਰਾਜ਼ੀ-ਖੁਸ਼ੀ ਗੁਰੂ ਤੋਂ ਓ.ਕੇ. ਭਾਲਦੇ ਹਾਂ। ਅੱਗੇ ਸਮਾਚਾਰ ਇਹ ਹੈ ਕਈ ਦਿਨਾਂ ਦੇ ਸੰਸੇ, ਮਗਰੋਂ ਠੂ-ਠਾਅ ਹੋ ਗਈ ਹੈ। ਸਵੇਰੇ ਇੱਕਦਮ ਸਕੂਲਾਂ ਚ ਛੁੱਟੀਆਂ ਹੋਣ ਦੀ ਖ਼ਬਰ ਸੁਣਦਿਆਂ ਹੀ ਨਿਆਣੇਂ ਕੱਛਾਂ ਵਜਾਉਣ ਲੱਗ ਪਏ ਅਤੇ ਸਿਆਣੇ ਸਿਰ-ਜੋੜ ਕੇ ਫਿਕਰਚ ਡੂੰਘੇ ਡੁੱਬ ਗਏ। ਟੀ.ਵੀ., ਫ਼ੋਨ ਅਤੇ ਕੰਨੋਂ-ਕੰਨ ਕਈ ਖ਼ਬਰਾਂ/ਅਫਵਾਹਾਂ, ਡਾਰਾਂ ਬਣ ਉੱਡੀਆਂ। ਮਾੜਾ ਮੰਬਰ, ਰਿਸਕਦਾ-ਰਿਸਕਦਾ, ਬਿੜਕ ਜੀ ਲੈਂਦਾ ਬਾਰ ਚ ਹੀ ਅੱਪੜਿਆ ਸੀ ਕਿ ਪੇਲੀ ਕਾ ਪਾਲਾ ਕਹੀ ਚੱਕੀ, ਚੱਕਮੇਂ ਪੈਰੀਂ ਜਾਂਦਾ ਵੇਖਿਆ ਤਾਂ ਮੰਬਰ ਆਂਹਦਾ, “ਓਏ ਭਲਿਆ, ਬੰਬ ਡਿੱਗੀ ਜਾਂਦੇ ਐ ਤੂੰ ਕਿੱਧਰ ਢਾਹਣ ਪਿਆ ਜਾਂਨੈਂ?" “ਡਿੱਗੀ ਜਾਣ, ਸਾਡੇ ਕਿਸਾਨਾਂ ਉੱਤੇ ਤਾਂ ਰੋਜ ਈ, ਕੋਈ ਨਾ ਕੋਈ ਬਿੱਜ ਪੈਂਦੀ ਐ, ਮੈਂ ਤਾਂ ਪਾਣੀ ਲਾਉਣ ਚੱਲਿਐਂ।" ਪਾਲੇ ਨੇ ਤੁਰੇ ਜਾਂਦਿਆਂ ਹੀ ਜਵਾਬ ਦਿੱਤਾ। “ਇਹਦੀ ਤਾਂ ਓਹ ਗੱਲ ਐ, ਅਕੇ, ‘ਪਿੰਡ ਭੱਜਿਆ ਜਾਵੇ ਤੇ ਕੰਵਲੀ ਨੂੰ ਕੱਤਣ ਦੀ ਬਣੀਂ, ਕਿਹੜਾ ਜਲੂਆ ਲਾਏਂਗਾ, ਪਾਣੀ ਤਾਂ ਝਾਰਾ ਜਾ ਈ ਵਗਦੈ, ਓਹ ਵੀ ਕਾਲਾ-ਬੀਮਾਰੀ ਦਾ ਘਰ।” ਮੰਬਰ ਨੇ ਗੱਲ ਹਵਾ ਚ ਈ ਆਖ ਕੇ ਗੁੱਭ-ਗਲਾਹਟ ਕੱਢਿਆ ਤਾਂ ਗਵਾਂਢੋ ਖਿਸਕਦਾ ਬੋਲਾ ਲੁੱਢਣ ਆ ਅਹੁਲਿਆ, “ਕੀਹਦੇ ਨਾਲ ਗੱਲਾਂ ਕਰੀ ਜਾਂਨੈਂ ਬੰਬਰਾ?" “ਓਹ ਆ ਨੀ ਰੋਡੇ ਲੱਗੇ ਐ ਮੀਣੇ ਜੇ, ਅਕੇ ਮੈਂ ਪਾਣੀ ਲਾਉਣਾ ਐ।" ਲੁੱਡਣ ਦੇ ਗੱਲ, ਪਿੜ-ਪੱਲੇ ਨਾ ਪਈ, “ਰੋਡੇ ਲੱਗਿਆਂ ਦਾ ਕੇਰਾਂ-ਈ-ਨੀਂ ਫਸਤਾ ਵੱਢਦੇ, ਤੀਏ ਸਾਲ ਆ ਬਾਡਰ ਆਲਿਆਂ ਨੂੰ ਉਠਾਉਂਦੇ ਐ, ਢਾਈ-ਫੱਟ ਜੰਗ ਦੇ, ਫ਼ਤਹਿ ਕਰਨ ਮੋਰਚਾ।" “ਬਾਬਾ ਜੀ, ਅੱਜ-ਕੱਲ੍ਹ ਲੜਾਈਆਂ ਕਰਨੀਆਂ ਏਨੀਆਂ ਸੌਖੀਆਂ ਨੀਂ, ਬੜੀ ਤਬਾਹੀ ਹੁੰਦੀ ਐ, ਲੋਕਾਈ ਅਤੇ ਧਨ ਦਾ ਹਰਜਾ ਹੁੰਦੈ, ਬੜਾ ਸੋਚ-ਸਮਝ ਕੇ ਚੱਲਣਾ ਪੈਂਦੈ, ਕਈ ਅਪਣੇ ਦੇਸ ਦੇ ਦੋਖੀ, ਅੰਦਰਖਾਤੇ, ਦੁਸ਼ਮਣ ਦੀ ਮੱਦਦ ਕਰਦੇ ਐ।", ਲੱਖੇ ਪਾੜੇ ਨੇ ਕਿਹਾ। “ਨਹੀਂ ਤੇ ਫਿਰ ਤਾਂ ਇਹ ਘੈਂਸ-ਘੈਂਸ ਕਦੇ ਮੁੱਕਣੀ ਹੀ ਨਹੀਂ, ਕੋਈ ਸਿਆਣੀ ਗੱਲ-ਬਾਤ ਕਰਕੇ ਮੁਕਾ ਲੈਣ ਟੰਟਾ, ਨਿੱਤ ਦਾ, ਚੈਨ ਨਾਲ ਸੌਣ ਸਾਰੇ।" ਬੋਲਾ ਲੁੱਢਣ ਅਜੇ ਵੀ ਆਪਣੀ ਦਲੀਲ ਦੇ ਕੇ ਗੱਲ ਵਧਾ ਰਿਹਾ ਸੀ। “ਮਾੜਾ ਗਵਾਂਢੀ, ਸਾਰੀ ਉਮਰ ਦਾ ਨਰਕ ਹੁੰਦੈ ਲੁੱਢਿਆ, ਇਹ ਤਾਂ ਰੱਬ ਈ ਅਕਲ ਦੇਵੇ, ਤਾਂਈਂ ਆਂ।" ਮਾੜਾ-ਮੰਬਰ ਨੀਤੀ-ਸ਼ਤਕ ਦਾ ਵਾਕ ਸੁਣਾ ਗਿਆ। “ਮੈਂ ਤਾਂ ਆਪ ਆਹਨਾਂ, ਨੱਕ-ਮੂੰਹ ਉੱਤੇ ਵੱਜ-ਜੂ, ਰਾਤ ਨੂੰ, ਦਿਨੇ ਚਲਾ ਲਿਆ ਕਰੋ।" ਪਤਾ ਨਹੀਂ ਕਿੱਧਰੋਂ ਆਏ ਆਤੇ ਅਮਲੀ ਨੇ ਆਖਿਆ ਤਾਂ ਗਮਗੀਨ ਮਾਹੌਲਚ ਵੀ ਸਾਰੇ ਹੱਸ ਪੇ।

ਹੋਰ, ਕਣਕ ਦੇ ਵਾਹਣ ਚ ਹੁਣ ਤਾਂ ਕਰਚੇ, ਘਾੜਾਂ ਅਤੇ ਵਰੋਲੇ ਹੀ ਬਾਕੀ ਹਨ। ਭੱਠੇ ਦੀ ਚਿਮਨੀ ਅਜੇ ਵੀ ਕਾਲਾ ਧੂੰਆਂ ਵੰਡ ਰਹੀ ਹੈ। ਸ਼ਹਿਰਾਂਚ ਜਾ ਵੱਸਣ ਦਾ ਮੁਹਾੜ ਅਜੇ ਓਵੇਂ ਹੀ ਜਾਰੀ ਹੈ। ਵਿਦੇਸ਼ ਜਾਣ ਲਈ ਲੋਕ, ਖਵੀਆਂ ਖਾ ਰਹੇ ਹਨ। ਮੀਂਹ ਨੇ ਕੇਰਾਂ ਤਾਂ ਸਬਜ਼ੀ-ਭਾਜੀ ਬਚਾ ਦਿੱਤੀ ਹੈ। ਨਵੀਆਂ ਕਲੋਨੀਆਂ ਚ ਵੱਡੀ ਉਮਰ ਆਲਿਆਂ ਦਾ ਹਾਲ ਕੈਨੇਡਾ ਵਾਲਾ ਹੀ ਹੈ। ਸੱਚ-ਸਰਬੱਤ ਦੇ ਭਲੇ ਲਈ ਅਰਦਾਸ ਕਰੋ। ਅਮਨ ਚੈਨ ਹੋਵੇ। ਆਮੀਨ। ਚੰਗਾ, ਬਾਕੀ ਅਗਲੇ ਐਤਵਾਰ।

ਤੁਹਾਡਾ ਆਪਣਾ, (ਡਾ.) ਸਰਵਜੀਤ ਸਿੰਘ ‘ਕੁੰਡਲ
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061