ਚਿੱਠੀ ਪੜ੍ਹਦੇ ਮਨ ਨੂੰ ਸਤ ਸ਼੍ਰੀ ਅਕਾਲ। ਅਸੀਂ ਇੱਥੇ, ਮਸਾਂ ਹੀ ਮਿਲੀ, ਧੁੱਪ ਦੇ ਸੀਹੇ ਦਾ, ਆਨੰਦ ਲੈ ਰਹੇ ਹਾਂ। ਪ੍ਰਮਾਤਮਾ ਤੁਹਾਨੂੰ ਵੀ ਬਦਲਦੇ ਮੌਸਮਾਂ ਅਤੇ ਰੁੱਤਾਂ ਦੇ ਹਾਣ ਦਾ ਹੋਣ ਦੀ ਹਿੰਮਤ ਬਖਸ਼ੇ। ਅੱਗੇ ਸਮਾਚਾਰ ਇਹ ਹੈ ਸਾਰੇ ਦਿਨ ਦੇ ਝੰਬੇ, ਅਜਮੇਰ ਸਿੰਹੁ ਨੇ ਜਿਉਂ ਹੀ ਘਰੇ ਅੱਪੜ ਕੇ ਝੋਲਾ ਕਿੱਲੇ ਉੱਤੇ ਟੰਗਿਆ ਤਾਂ ਹੱਥਲਾ ਕੰਮ ਛੱਡ ਗੇਲੋ ਨੇ ਨੇੜੇ ਹੁੰਦਿਆਂ, ਏਮਜ਼ ਤੋਂ ਦਵਾਈ ਲੈ ਕੇ ਆਏ ਘਰ ਵਾਲੇ ਨੂੰ ਪੁੱਛਿਆ, “ਮਖਾਂ, ਮਿਲ ਗੀ ਦਾਰੂ, ਕੀ ਆਂਹਦਾ ਡਾਕਟਰ?” “ਖਾਸ ਨੀਂ, ਬੱਸ ਆਹਦਾ ਦਵਾਈ ਲਈ ਚੱਲੋ, ਹੌਂਸਲਾ ਰੱਖੋ, ਠੀਕ ਹੋ ਜੋਂ ਗੇ!” ਜੇਰੋ ਨੇ ਪੱਗ ਲਾਹ ਸਿਰਹਾਣੇ ਵੱਲ ਰੱਖ, ਮੰਜੇ ਉੱਤੇ ਬੈਠਦਿਆਂ, ਸੰਖੇਪ ਚ ਗੱਲ ਨਿਬੇੜੀ। “ਆਪਣਾ ਕੈਪਟਨ ਮਿਲ ਗਿਆ ਸੀ?" ਪਿੰਡ ਦੇ ਰਿਟਾਇਰ ਫੌਜੀ ਬਾਰੇ, ਆਸਰਾ ਤੱਕਦਿਆਂ, ਗੇਲੋ ਚਾਹ ਵਾਲੇ ਧਾਮੇ ਨੂੰ ਔਹਲੀ। “ਕੈੜੀ ਜੀ ਬਣਾਈ ਚਾਹ, ਮਿਲ ਗਿਆ ਸੀ ਗੁਰਮੀਤ ਸਿੰਹੁ, ਉਸੇ ਨੇ ਪਰਚੀ ਬਣਾ ਕੇ ਟੈਸਟ ਕਰਾਉਣ ਨੂੰ ਦਿੱਤੇ, ਡਾਕਟਰ ਕੋਲੇ ਵੀ ਸਪਾਰਸ਼ ਕੀਤੀ, ਜਿਉਂਦਾ ਰਹੇ ਭਾਈ, ਰੱਬ ਅਰਗਾ ਉਹਦਾ ਹੰਮਾਂ ਤਾਂ, ਮੱਲੋ-ਮੱਲੀ ਚਾਹ ਪਿਆ ਕੇ ਤੋਰਿਆ।" ਲੰਮੇ ਪੈਦਿਆਂ ਜੇਰੋ ਨੂੰ ਅੰਤਾਂ ਦਾ ਸਕੂਨ ਮਿਲਿਆ। ਨਿੱਕੀ ਸਾਂਝੀ ਕੰਧ ਉੱਤੋਂ ਦੀ ਝਾਤੀ ਮਾਰ ਕੇ, ਸੱਖੂ ਨੇ ਵੀ ਇਹੀ ਸਵਾਲ ਕੀਤੇ। ਅਜੇ ਉਹ ਉਹਦੇ ਵੱਲ ਪਾਸਾ ਮਾਰ ਕੇ ਦੱਸ ਹੀ ਰਿਹਾ ਸੀ ਕਿ ਕਾਲਾ ਬਾਬਾ ਸੋਟੀ ਟੇਕਦਾ ਆ ਗਿਆ। ਸਰਸਰੀ ਹਾਲ-ਚਾਲ ਪੁੱਛ ਬੋਲਿਆ, “ਕੋਈ-ਕੋਈ ਹੁੰਦਾ ਸ਼ੇਰਾ, ਜੋ ਆਪਣੇ ਪਿੰਡ ਨੂੰ ਲੂਝਦੈ ਅਤੇ ਬਾਂਹ ਫੜਦੈ। ਸਾਡੇ ਟੇਪੂ ਦੇ ਗੋਲੀ ਨੂੰ ਫੌਜ-ਭਰਤੀ
ਚੋਂ, ਮਾੜਾ ਜਾ ਨੁਕਸ ਦੱਸ, ਪੁੱਠਾ ਮੋੜਤਾ। ਕਿਤੇ ਸਾਡੀ ਕਿਸਮਤ ਨੂੰ ਗੁਰਮੀਤ ਸਿੰਹੁ ਆਇਆ ਸੀ ਛੁੱਟੀ। ਅਗਲੇ ਦਿਨ ਗੋਲੀ ਦੀ ਬਾਂਹ ਫੜ ਕੇ ਲੈ ਗਿਆ। ਛਾਉਣੀ ਜਾ ਕੇ ਡਾਕਟਰ ਨੂੰ ਆਂਹਦਾ, ‘ਇਹਨੂੰ ਕੀ ਆਪਾਂ ਜੱਜ ਲਾਉਣ ਲੱਗੇ ਆਂ, ਮਰਨ ਲਈ ਹੀ ਚਾਹੀਦੈ। ਸਰੀਰ ਦਾ ਈ ਕਮਜ਼ੋਰ ਐ, ਲਾ ਦੇ, ਲਿਖ ਦੇ, ਇਹਦਾ ਅੱਗਾ ਸੌਰ ਜੂ। ਸਾਨੂੰ ਪਤਾ, ਪਿੰਡ ਆਲਿਆਂ ਦੀ ਕਿਵੇਂ ਜੂਨ ਐ? ਮੈਂ ਵੀ ਤਾਂ ਜਦੋਂ ਲੱਗਿਆਂ ਮਾੜਚੂ ਜਿਹਾ ਸੀ। ਹੁਣ ਵੇਖ ਲੌ, ਤਿੰਨਾਂ ਨੂੰ ਢਾਹ ਲੈਂਨਾਂ।ਮੁੱਕਦੀ ਗੱਲ ਡਾਕਟਰ ਨੇ ਲਿਖਤਾ ਤੇ ਆਹ ਵੇਖ ਲੈ ਗੋਲੀ ਹੌਲਦਾਰ ਵੀ ਬਣ ਗਿਐ। ਰੱਬ ਗੁਰਮੀਤ ਸਿੰਹੁ ਨੂੰ ਸੁੱਖ ਦੇਵੇ।" ਬਾਬੇ ਨੇ ਹੱਥ ਉਤਾਂਹ ਨੂੰ ਬੰਨ੍ਹ ਅਸੀਸ ਦਿੱਤੀ। ਬਾਬਾ ਮੁੜਨ ਲੱਗਿਆ ਤਾਂ ਗੇਲੋ ਬੋਲੀ, “ਬਾਬਾ ਜੀ ਬੈਠ ਜੋ, ਚਾਹ ਬਣਗੀਐ।" ਬਾਬਾ ਬੈਠ ਗਿਆ ਤਾਂ ਸੱਖੂ ਆਂਹਦਾ, “ਆਪਣੇ ਪਿੰਡ ਛੀ ਮੁੰਡੇ ਲਵਾਤੇ ਉਹਨੇ। ਹੁਣ ਵੀ ਏਮਜ਼
ਚ ਵੱਡਾ ਅਫਸਰ ਐ। ਆਪਣਾਂ ਲਾਕਾ ਤਾਂ ਉਹਦੇ ਕਰਕੇ ਬਚ ਗਿਐ।" ਏਨੇਂ ਨੂੰ ਚਾਹ ਆ ਗਈ ਤੇ.....। ਹੋਰ, ਨੁਸਰਾਲੀ, ਪਪਰਾਲੀ, ਕਕਰਾਲੀ ਅਤੇ ਸਰਹਾਲੀ ਆਲੇ ਠੀਕ ਐ। ਸ਼ੀਂਹ ਮਾਰਾਂ ਦੀ ਕੁੜੀ, ਰੇਨੂੰ ਬਾਲਾ ਅਤੇ ਅੱਡੇ ਆਲਿਆਂ ਦਾ ਮੁੁੰਡਾ ਜੀਵਨ ਸਰਕਾਰੀ ਨੌਕਰੀ ਲੱਗ ਗੇ। ਪਛੇਤੇ ਜੇ ਕਈ ਵਿਆਹ ਵੀ ਹੋਈ ਜਾਂਦੇ ਐ। ਹੁਣ ਅਖ਼ਬਾਰ ਵੀ ਫ਼ੋਨ
ਤੇ ਪੜ੍ਹਦੇ ਹਾਂ। ਲੋਨ, ਲਿਮਟ ਅਤੇ ਲਾਲਾ, ਲਾਹਣੇਦਾਰਾਂ ਦਾ ਅਜੇ ਵੀ ਆਸਰਾ ਹਨ। ਕਿਤੇ-ਕਿਤੇ ਚੌਰਸ ਕੋਠੀਆਂ ਅਜੇ ਵੀ ਉਸਰ ਰਹੀਆਂ। ਸੁੱਖੀ ਬਰਾੜ, ‘ਬੂਛਾ ਨਾਈ ਅਤੇ ਬਿਰਮਾ ਬਾਣੀਆਫ਼ਿਲਮ ਬਣਾ ਰਿਹੈ। ‘ਆਈ ਬਸੰਤ ਪਾਲਾ ਉਡੰਤ
ਹੋ ਰਿਹੈ। ਮਹਿਮੇ ਆਲਾ ਮਾਮਾ ਅਤੇ ਫਫੜਿਆਂ ਆਲਾ ਫੁੱਫੜ ਕਾਇਮ ਹਨ। ਭੂਰੀ ਮਜਦੂਰ ਅਨੁਸਾਰ, ‘ਮਹਿੰਗਾਈ ਨੇ ਬੁਰਾ ਹਾਲ ਕਰ ਦਿੱਤਾ ਹੈ। ਘਰਾਂ ਦੇ ਕਾਟੋ ਕਲੇਸ ਅਤੇ ਖੜਕੇ-ਦੜਕੇ ਜਾਰੀ ਹਨ। ਢਿੱਲੋਆਂ ਦਾ ਪ੍ਰੋਫੈਸਰ ਗੁਰਦਿਆਲ ਸਿੰਘ ਚੰਗੀ ਨਿਭਾਅ ਕੇ ਤੁਰ ਗਿਐ। ਸੱਚ, ਕਨੇਡਾ ਦੇ ਕਸੇ ਪੇਚਾਂ ਦੇ ਤਬਸਰੇ ਹੋ ਰਹੇ ਹਨ। ਚੰਗਾ, ਰੱਬ ਕਰੇ, ਪੰਜਾਬ ਤੁਹਾਡੇ ਸਾਹੀਂ ਵੱਸੇ। ਮਿਲਾਂਗੇ, ਅਗਲੇ ਐਤਵਾਰ ਦੇ ਮੋੜ ਤੇ, ਅੱਲਾ ਬੇਲੀ। ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061