ਠੰਡ-ਠੰਡੋਰੇ ਆਲੇ ਪੰਜਾਬੀਓ, ਸਤ ਸ਼੍ਰੀ ਅਕਾਲ। ਅਸੀਂ ਇੱਥੇ ਰਾਜ਼ੀ-ਖੁਸ਼ੀ ਹਾਂ। ਤੁਹਾਡੀ ਰਾਜ਼ੀ-ਖੁਸ਼ੀ ਸੱਚੇ-ਪਾਤਸ਼ਾਹ ਤੋਂ ਭਲੀ ਮੰਗਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਕਾਰੋ ਦੇ ਸਸਕਾਰ ਉੱਤੇ ਗਿਆ ਤਾਂ ਕਈ-ਕੁੱਝ, ਅੱਗੇ ਆ ਗਿਆ। ਓਹੀ ਥਾਂ, ਜਿਸ ਚ ਮੇਰੇ ਪਿੰਡ ਦੇ ਹਜ਼ਾਰਾਂ, ਆਦਮੀ-ਔਰਤਾਂ, ਬੱਚੇ-ਬੁੱਢੇ, ਅਮੀਰ-ਗਰੀਬ, ਪਤਲੇ-ਮੋਟੇ, ਸੁਖੀ-ਦੁਖੀ, ਬੀਮਾਰੀ, ਕਤਲ, ਕੁਦਰਤੀ ਅਤੇ ਆਪ ਹੀ ਆਪਣੀ ਜ਼ਿੰਦਗੀ ਨੂੰ ਖ਼ਤਮ ਕਰ ਗਏ, ਸਦਾ ਦੀ ਨੀਂਦ ਸੁੱਤੇ ਪਏ ਹਨ। ਬੱਚਿਆਂ ਨੂੰ ਪਿੰਡੋਂ ਦੂਰ ਇਸ ‘ਕੁਲਹਿਣੀ
ਥਾਂ ਤੋਂ ਡਰ ਲੱਗਦਾ ਹੈ। ਲੱਗੇ ਵੀ ਕਿਉਂ ਨਾਂਹ? ਇਸ ਵਿੱਚ ਵੱਡੇ-ਵੱਡੇ ਕਰੀਰ, ਮਲ੍ਹੇ, ਉਨ੍ਹਾਂ ਵਿੱਚ ਜੰਗਲੀ ਘਾਹ, ਮਿੱਟੀ ਦੀਆਂ ਧੋੜੀਆਂ, ਡਰਾਉਣੀਆਂ ਖੱਡਾਂ, ਜਿੰਨ੍ਹਾਂ ਵਿੱਚ ਸੱਪ, ਨਿਉਲੇ, ਕੋਹਲ-ਕਿਰਲੇ, ਗੋਹਾਂ ਅਤੇ ਕਿੰਨੇ ਹੀ ਕੀੜੇ-ਪਤੰਗਿਆਂ ਦਾ ਵਾਸਾ ਹੈ। ਕੋਈ-ਕੋਈ ਵਿਰਲੀ ਕਿੱਕਰ ਉੱਤੇ ਬੋਲਦੀਆਂ ਕੋਚਰੀਆਂ ਅਤੇ ਸਮੇਂ-ਸਮੇਂ ਉਸਾਰੇ ਪਰ ਖੋਲ੍ਹੇ ਬਣੇ ਕਈ ਬਰਾਂਡੇ, ਖਿੱਲਰੀਆਂ ਮੜ੍ਹੀ ਦੀਆਂ ਇੱਟਾਂ, ਭੰਨੇ ਘੜੇ ਦੀਆਂ ਡੀਕਰੀਆਂ, ਅੱਧਸੜੇ ਕਈ ਟੰਬੇ, ਨਿੱਕੀਆਂ ਫਹੁੜੀਆਂ ਅਤੇ ਕੰਡਿਆਂ ਚ ਅੜਿਆ ਲਾਲ ਕੱਪੜਾ, ਇਸ ਨੂੰ ਹੋਰ ਭਿਆਨਕ ਬਣਾਂਉਂਦੇ ਹਨ। ਭਾਂਵੇਂ ਹੁਣ ਕੁੱਝ ਕੁ ਸੁਧਾਰ ਹੋ ਰਿਹਾ ਹੈ। ਨਿੱਕੇ-ਨਿੱਕੇ ਭੁਰ ਗਏ ਬੱਚਿਆਂ ਦੇ ਦਬਾਏ ਸਰੀਰ, ਖੇਡਦੇ ਮਰੇ, ਬੱਚਿਆਂ ਦੀਆਂ ਮਾਂਵਾਂ ਦੇ, ਢਿੱਡ ਉੱਪਰ ਹੱਥ ਰੱਖ ਕੇ ਕੀਤਾ ਰੁਦਨ, ਜਵਾਨ ਮੌਤ ਉੱਪਰ ਬੇਹੋਸ਼ ਹੁੰਦੀਆਂ ਸਾਥਣਾਂ, ਲੱਕ-ਟੁੱਟੇ ਵਾਲੇ ਪਿਓ ਅਤੇ ਵਿਦੇਸ਼ ਵੱਲ ਉਡੀਕਦੀਆਂ ਮੀਟ ਗਈਆਂ ਅੱਖਾਂ ਅਤੇ ਹੋਰ ਹਜ਼ਾਰਾਂ ਤੁਰ ਗਿਆਂ ਦੀ ਅਜੇਹੀ ਤਸਵੀਰ, ‘ਸਿਵਿਆਂ
ਸ਼ਬਦ ਤੋਂ ਹੀ ਤ੍ਰਾਹ ਜਾਂਦੀ ਹੈ। ਵੱਡੀ ਉਮਰ ਵਾਲੇ ਲਾਈਨਾਂ ਦੁਹਰਾਂਉਂਦੇ ਹੌਂਸਲਾ ਦਿੰਦੇ ਹਨ, “ਸਬਰ ਕਰੋ ਭਾਈ, ਰਾਜਾ-ਰੰਕ, ਸਾਰੇ ਹੀ ਏਸੇ ਰਾਹ ਗਏ ਹਨ, ਬਹਾਨਾ ਬਣਾਂਉਂਦਾ ਹੈ, ਓਹਨੇ ਆਪਣੇ ਸਿਰ ਵਰਾ ਨਹੀਂ ਲੈਣਾਂ। ਨਾ ਦੇਹੀ ਗਾਲੋ, ਕੁਛ ਨੀ ਹੁੰਦਾ ਕਲਪਿਆਂ।” ਕਈਆਂ ਦੀ ਖਾਹਸ਼ ਹੁੰਦੀ ਹੈ, “ਮੈਨੂੰ ਪਿੰਡ ਦੀ ਮਿੱਟੀ ਹੀ ਮਿਲੇ।” ਬੜੀ ਖਿੱਚ ਵਾਲੀ ਹੈ ਇਹ ਮਿੱਟੀ, ਇਹ ਧਰਤੀ। ਸਭ ਨੂੰ ਆਪਣੇ ਚ ਮਿਲਾ, ਆਪਣਾ ਹੀ ਰੂਪ ਬਣਾ ਲੈਂਦੀ ਹੈ। ਸੁਰਜੀਤ ਪਾਤਰ ਦੀ ਗੱਲ ਠੀਕ ਹੈ- ‘ਦੁਨੀਆਂ ਨੇ ਚਲਦੇ ਜਾਣਾ ਤੇਰੇ ਬਗੈਰ ਵੀ। ਤੂੰ ਐਂਵੇਂ ਤਪਿਆ, ਤੜਪਿਆ ਅਤੇ ਉਲਝਿਆ ਨਾ ਕਰ।
ਹੋਰ, ਮਹਿੰਗਾਈ ਦੀ ਮਾਰ, ਜਾਰੀ ਹੈ। ਲੋਗ, ਰੋਗ, ਸੋਗ, ਭੋਗ, ਜੋਗ ਤੇ ਵਿਜੋਗ ਵਿੱਚ ਬੱਝੇ ਹਨ। ਮੁਫ਼ਤ ਦੀਆਂ ਰਿਉੜੀਆਂ ਦੀ ਚਰਚਾ ਹੈ। ਕਿਸਾਨਾਂ ਦੇ ਸੰਘਰਸ਼, ਪਾੜਿਆਂ ਦੀ ਪੜ੍ਹਾਈ ਅਤੇ ਵਿਆਹਾਂ ਦਾ ਜੋਰ ਹੈ। ਆਂਏ ਲੱਗਦੈ, ‘ਜਿਵੇਂ ਦੁਨੀਆਂਦਾਰੀ ਹੁਣ ਫੋਨ ਨਾਲ ਹੀ ਹੈ।‘ਲਗੌੜ ਅਤੇ ਵਢਾਂਗਾ
, ਆਖਣ ਵਾਲਾ ਪਾਲਾ, ਢਿੱਲਾ ਹੈ। ਹਰੀ ਚੰਦ, ਹੁਣ, ਹਰਸ਼ੇ ਦੀ ਸਮਾਧ ਉੱਤੇ, ਹਰੀ ਚਾਦਰ ਚੜ੍ਹਾ, ਹਰਾ ਝੰਡਾ ਲਾ ਅਤੇ ਹਰਾ ਚੋਲਾ ਪਾ, ਬਾਬਾ ਬਣ ਗਿਆ ਹੈ। ਨਰਮਾ ਨਰਮ ਰਿਹੈ, ਝੋਨਾ ਝੁਕਾਅ ਗਿਐ ਪਰ ਅਗੇਤਾ ਕਿੰਨੂ ਤੇਜੀ ਚ ਹੈ। ਬੋਹੜ, ਜੰਡ, ਪਿੱਪਲ, ਬੇਰੀ, ਵਣ, ਪੀਲੂ ਅਤੇ ਟਾਹਲੀ ਵਾਲੇ ਸਾਰੇ ਡੇਰੇ ਕੈਮ ਹਨ। ਤੁਸੀਂ ਭਾਈਬੰਦਾਂ ਨਾਲ ਮੇਲ-ਮਿਲਾਪ ਰੱਖਿਓ, ਚੜ੍ਹਦੀ ਕਲਾ ਵਿੱਚ ਰਹਿਓ। ਮਿਲਦੇ ਹੀ ਰਹਾਂਗੇ, ਤੁਸੀਂ ਠੰਡ-ਬਰਫ਼ ਤੋਂ ਬਚਾਅ ਰੱਖਿਓ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061