ਯੌਰਪ ਦਾ ਸਭ ਤੋਂ ਉੱਚਾ ਪਰਬਤ (ਮੋਂਟ ਬਲਾਂਅ)

ਫਰਾਂਸ ਦੇ ਸਾਊਥ ਈਸਟ ਇਲਾਕੇ ਵਿੱਚ ਇੱਟਲੀ ਬਾਡਰ ਦੇ ਨਜ਼ਦੀਕ ਕਈ ਕਿਲੋਮੀਟਰ ਵਿੱਚ ਫੈਲੇ ਹੋਏ ਉਚੇ ਉਚੇ ਪਰਬਤਾਂ ਦੀ ਇੱਕ ਲੰਬੀ ਚੈਨ ਹੈ।ਜਿਸ ਨੂੰ ਐਲਪਸ ਦੇ ਨਾਂਮ ਨਾਲ ਜਾਣਿਆਂ ਜਾਂਦਾ ਹੈ।ਇਥੋਂ ਸਵਿਟਜ਼ਰਲੈਂਡ ਦਾ ਬਾਡਰ ਵੀ ਥੋੜ੍ਹੀ ਦੂਰੀ ਉਪਰ ਹੀ ਪੈਂਦਾਂ ਹੈ।ਇਹਨਾਂ ਐਲਪਸ ਪਰਬਤਾਂ ਦੇ ਕੋਲ ਹੀ ਫਰਾਂਸ ਦਾ ਖੂਬਸੂਰਤ ਛਾਮੂਨਿਕਸ ਨਾਂ ਦਾ ਮਸ਼ਹੂਰ ਕਸਬਾ ਹੈ।ਜਿਥੇ ਸਾਲ 1924 ਵਿੱਚ ਭਾਵ ਸੌ ਸਾਲ ਪਹਿਲਾਂ ਸਰਦੀਆਂ ਦੀਆਂ ਓਲੰਪਿੰਕ ਖੇਡਾਂ ਦੀ ਸ਼ੁਰੂਆਤ ਹੋਈ ਸੀ।

ਕੁਦਰਤੀ ਸੋਮਿਆ ਨਾਲ ਭਰਪੂਰ ਇਹ ਕਸਬਾ ਸੁੰਦਰਤਾ ਅਤੇ ਸਾਫ ਸਫਾਈ ਪੱਖੋਂ ਆਪਣੀ ਮਿਸਾਲ ਆਪ ਹੈ।ਇਥੋਂ ਸੱਤ ਕਿ.ਮੀ. ਦੀ ਦੂਰੀ ਉਪਰ 4807 ਮੀਟਰ ਉਚਾ “ਮੋਂਟ ਬਲਾਂਨ” ਨਾਂ ਦਾ ਪਰਬਤ ਸਥਿੱਤ ਹੈ।ਜਿਸ ਨੂੰ ਯੌਰਪ ਦਾ ਸਭ ਤੋਂ ਉਚਾ ਪਰਬਤ ਮੰਨਿਆ ਜਾਂਦਾ ਹੈ।ਚੜ੍ਹਦੀ ਸਵੇਰ ਦੀ ਧੁੱਪ ਵਿੱਚ ਸੁਨਿਹਰੀ ਭਾਅ ਮਾਰਦੀ ਪਰਬਤ ਦੀ ਚੋਟੀ ਦੇ ਅਦਭੁੱਤ ਨਜ਼ਾਰੇ ਦਾ ਦ੍ਰਿਸ਼ ਵੇਖਣ ਯੋਗ ਹੈ।ਦੇਸ਼ਾਂ ਵਿਦੇਸ਼ਾਂ ਦੇ ਲੋਕੀਂ ਇਸ ਦਾ ਖੂਬ ਅਨੰਦ ਮਾਣਦੇ ਹਨ।ਸਰਦੀਆਂ ਵਿੱਚ ਇਸ ਦੀ ਚੋਟੀ ਉਪਰ ਚਿੱਟੀ ਚਾਦਰ ਵਾਂਗ ਬਰਫ਼ ਦੀ ਤਹਿ 15 ਤੋ 30 ਮੀਟਰ ਤੱਕ ਜੰਮ ਜਾਂਦੀ ਹੈ।ਇਸ ਦੇ ਉਪਰ ਜਾਣ ਲਈ ਕੈਬਿਨਲਿੱਫਟ ਲੱਗੀ ਹੋਈ ਹੈ।ਜਿਸ ਨੂੰ “ਟੈਲੀਫੈਰਿੱਕ ਆਗਿਉ ਦੀ ਮਿੱਦੀ” ਦੇ ਨਾਂਮ ਜਾਣਿਆ ਜਾਂਦਾ ਹੈ।ਇਹ ਵੀਹ ਮਿੰਟਾਂ ਵਿੱਚ ਸਾਰੇ ਰਸਤੇ ਨੂੰ ਤਹਿ ਕਰਕੇ 3806 ਮੀਟਰ ਦੀ ਉਚਾਈ ਤੱਕ ਲੈ ਜਾਂਦੀ ਹੈ।ਬੱਚੇ,ਔਰਤਾਂ, ਆਦਮੀ ਤੇ ਬਜ਼ੁਰਗ ਪਹਾੜ੍ਹ ਉਪਰ ਜਾਣ ਲਈ ਸਰਦੀਆਂ ਵਾਲੇ ਕੋਟ ਪਹਿਨੀ ਲਾਈਨਾਂ ਬਣਾਈ ਖੜ੍ਹੇ ਵੇਖੇ ਜਾ ਸਕਦੇ ਹਨ।

ਉਪਰ ਆਕਸੀਜ਼ਨ ਦੀ ਕਮੀ ਹੋਣ ਕਾਰਨ ਇੱਕ ਸਾਲ ਦੇ ਬੱਚੇ ਅਤੇ ਦਮੇ ਦੇ ਮਰੀਜ਼ਾਂ ਲਈ ਜਾਣ ਤੋਂ ਮਨ੍ਹਾਂ ਕੀਤਾ ਜਾਦਾਂ ਹੈ।ਲੋਕਾਂ ਨੂੰ ਹੋਲੀ ਤੁਰਨ ਦੀ ਅਤੇ ਪਾਣੀ ਪੀਣ ਦੀ ਨਸੀਹਤ ਦਿੱਤੀ ਜਾਂਦੀ ਹੈ।ਉਪਰ ਰਾਤ ਬਤਾਉਣ ਦੀ ਮਨਾਹ੍ਹੀ ਹੈ।ਇਥੇ ਦੀ ਵਸਨੀਕ ਜਿਆਦਾ ਕਰਕੇ ਟੂਰਿਸਟ ਲੋਕਾਂ ਤੇ ਹੀ ਨਿਰਭਰ ਕਰਦੇ ਹਨ।ਇਸ ਦੀ ਚੋਟੀ ਉਪਰ 8 ਅਗਸਤ 1786 ਨੂੰ ਹੋਰੋਸ ਦਾ ਸੋਸੂਓਰ ਨਾਂ ਦਾ ਪਹਿਲੇ ਆਦਮੀ ਨੇ ਆਪਣੇ ਗਾਈਡ ਨਾਲ ਸ਼ਾਮ ਛੇ ਵਜ਼ੇ ਕੇ 23 ਮਿੰਟ ਤੇ ਪਹੁੰਚਣ ਦੀ ਜਿੱਤ ਹਾਸਲ ਕੀਤੀ ਸੀ।ਉਹ ਇੱਕ ਪਰਬਤ ਰੋਹੀ ਅਤੇ ਸਵਿਟਜ਼ਰਲੈਂਡ ਦੇ ਜਨੇਵਾ ਸ਼ਹਿਰ ਦਾ ਵਸਨੀਕ ਸੀ।ਕੁਦਰਤੀ ਸੋਮਿਆ ਨਾਲ ਭਰਪੂਰ ਇਥੋਂ ਲੋਕਾਂ ਵਿੱਚ ਕਿਤਾਬਾਂ ਪੜ੍ਹਣ ਦੀ ਰੁੱਚੀ ਵੀ ਵੇਖਣ ਯੋਗ ਹੈ।ਜਿਸ ਦਾ ਅੰਦਾਜ਼ਾ ਇਸ ਤੋਂ ਲਇਆ ਜਾ ਸਕਦਾ ਹੈ,ਕਿ ਹਰ ਇੱਕ ਹੋਟਲ ਦੇ ਡਰਾਂਇਗ ਰੂਮ ਵਿੱਚ ਵੱਡੀ ਲਾਇਬਰੈ੍ਰਰੀ ਬਣੀ ਹੋਈ ਹੈ।ਹੋਟਲ ਦੇ ਕਮਰਿਆਂ ਵਿੱਚ ਵੀ ਫੱਟਿਆਂ ਉਪਰ ਕਿਤਾਬਾਂ ਦੀ ਲਾਈਨਾਂ ਲੱਗੀਆਂ ਹੋਈਆਂ ਹਨ।ਹੈਰਾਨੀ ਜਨਕ ਇਹ ਹੈ ਕਿ ਟਰੈਂਨ ਦੀ ਲਾਈਨ ਕੋਲ ਬੰਦ ਪਏ ਪਬਲਿੱਕ ਟੈਲੀਫੋਨ ਕੈਬਿਨ ਨੂੰ ਕਿਤਾਬਾਂ ਨਾਲ ਭਰ ਕੇ ਲਾਇਬਰੈ੍ਰਰੀ ਬਣਾਇਆ ਹੋਇਆ ਹੈ।

ਜਿਥੇ ਜਾ ਕੇ ਕੋਈ ਵੀ ਪੜ੍ਹ ਸਕਦਾ ਹੈ।ਇਸ ਪਰਬਤ ਦੇ ਨੇੜੇ ਹੀ 24 ਜਨਵਰੀ 1966 ਨੂੰ ਏਅਰ ਇੰਡੀਆ ਦਾ ਜ਼ਹਾਜ਼ ਹਾਦਸਾ ਗ੍ਰਹਿਸਤ ਹੋ ਗਿਆ ਸੀ।ਜਿਸ ਵਿੱਚ ਸਵਾਰ 117 ਬੇਗੁਨਾਹ ਲੋਕੀਂ ਮਾਰੇ ਗਏ ਸਨ।ਇੰਤਫ਼ਾਕ ਨਾਲ ਹੀ ਸੰਨ 1950 ਵਿੱਚ ਵੀ ਏਅਰ ਇੰਡੀਆ ਦਾ ਇੱਕ ਹੋਰ ਜਹਾਜ਼ ਇਥੇ ਹੀ ਡਿੱਗਿਆ ਸੀ ਜਿਸ ਵਿੱਚ 48 ਲੋਕਾਂ ਦੀ ਜਾਨ ਚਲੀ ਗਈ ਸੀ।ਪਰ ਇਸ ਸਭ ਕਾਸੇ ਦੇ ਬਾਵਯੂਦ ਪਹਾੜ੍ਹ ਉਪਰ ਚੜ੍ਹਣ ਲਈ ਲੋਕਾਂ ਦੀ ਕਤਾਰਾਂ ਸਵੇਰੇ ਹੀ ਲੱਗ ਜਾਂਦੀਆਂ ਹਨ।ਅੱਜ ਵੀ ਵਿਜ਼ਟਰਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। “

ਸੁਖਵੀਰ ਸਿੰਘ ਸੰਧੂ ਅਲਕੜਾ”(ਪੈਰਿਸ)