ਪੰਜਾਬ ‘ਚ ਵਾਤਾਵਰਣ ਦਾ ਨਿਘਾਰ

ਪੰਜਾਬ ‘ਚ ਵਾਤਾਵਰਣ ਦਾ ਨਿਘਾਰ ਲਗਾਤਾਰ ਜਾਰੀ ਹੈ। ਜੰਗਲਾਂ ਦੀ ਅੰਨੇਵਾਹ ਕਟਾਈ ਇਸਦਾ ਵੱਡਾ ਕਾਰਣ ਹੈ। ਦੇਸ਼ ਦੀ ਵੰਡ ਵੇਲੇ ਪੰਜਾਬ ‘ਚ ਜੰਗਲਾਤ ਤਹਿਤ ਰਕਬਾ 40ਫੀਸਦੀ ਸੀ, ਜੋ ਹੁਣ ਘੱਟ ਕੇ 3.7 ਫੀਸਦੀ ਰਹਿ ਗਿਆ ਹੈ। ਮਾਹਿਰਾਂ ਦੀ ਰਾਇ ਅਨੁਸਾਰ ਵਸੋਂ ਲਈ ਵਧੀਆ ਵਾਤਾਵਰਣ ਵਾਸਤੇ ਧਰਤੀ ਦੇ 33ਫੀਸਦੀ ਹਿੱਸੇ ਉੱਪਰ ਜੰਗਲ ਹੋਣਾ ਜ਼ਰੂਰੀ ਹੈ। ਫ਼ਿਕਰ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬ ਦਾ ਜੋ ਜੰਗਲੀ ਰਕਬਾ ਬਚਿਆ-ਖੁਚਿਆ ਹੈ, ਉਹ ਮਕਾਨ ਉਸਾਰੀ ਅਤੇ ਉਦਯੋਗਿਕ ਪਸਾਰੇ ਦੀ ਮਾਰ ਹੇਠ ਹੈ।

ਪੰਜਾਬ ਦੀ ਆਬੋ-ਹਵਾ ਪਲੀਤ ਹੋ ਰਹੀ ਹੈ। ਸੂਬੇ ‘ਚ ਪੀਣ ਵਾਲੇ ਪਾਣੀ ਦੀ ਘਾਟ ਹੋ ਗਈ ਹੈ। ਗੰਦੇ ਪਾਣੀ ਨੇ ਸਾਡੇ ਸਾਫ਼-ਸੁਥਰੇ ਦਰਿਆਵਾਂ ਦਾ ਪਾਣੀ ਤੱਕ ਗਲੀਜ਼ ਕਰ ਦਿੱਤਾ ਹੈ। ਇਹ ਪਾਣੀ ਕੈਂਸਰ ਆਦਿ ਭਿਆਨਕ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ। ਕੋਇਲੇ ਨਾਲ ਚੱਲਣ ਵਾਲੇ ਬਿਜਲੀ ਕਾਰਖਾਨਿਆਂ ‘ਚੋਂ ਨਿਕਲਦੇ ਰਸਾਇਣ, ਵਿਕੀਰਨ ਕਿਰਨਾਂ ਤੇ ਬਦਬੂਦਾਰ ਹਵਾ ਨੇ ਨਵਜੰਮੇ ਬੱਚਿਆਂ ਦੇ ਦਿਮਾਗ਼ ਤੇ ਜਿਸਮਾਂ ਵਿੱਚ ਨਿਰਯੋਗਤਾ ਲੈ ਆਂਦੀ ਹੈ। ਪੰਜਾਬ ਦੀ ਹਵਾ ਦੂਸ਼ਿਤ ਹੈ, ਪੰਜਾਬ ਦਾ ਪਾਣੀ ਗੰਦਲਾ ਹੈ, ਪਾਣੀ ਦੀ ਥੁੜ ਪੰਜਾਬ ਨੂੰ ਚਿਤਾਵਨੀ ਦੇ ਰਹੀ ਹੈ। ਕੀ ਪੰਜਾਬ, ਹਵਾ, ਪਾਣੀ ਤੇ ਅੰਨ ਤੋਂ ਬਿਨਾਂ ਆਪਣੀ ਹੋਂਦ ਦੀ ਕਲਪਨਾ ਵੀ ਕਰ ਸਕਦਾ ਹੈ?

ਵੀਹਵੀ ਸਦੀ ਦੇ ਸ਼ੁਰੂ ਵਿਚ ਵਧਦੀ ਹੋਈ ਵਸੋਂ ਕਾਰਨ ਜਦੋਂ ਦੇਸ਼ ਭੁੱਖਮਰੀ ਦੇ ਕਿਨਾਰੇ ਸੀ, ਅੰਗਰੇਜ਼ੀ ਸਾਸ਼ਨ ਦੌਰਾਨ ਪੰਜਾਬ ਦੇ ਮਿਹਨਤਕਸ਼ ਕਿਸਾਨਾਂ-ਮਜ਼ਦੂਰਾਂ ਨੇ ਪਾਣੀ ਦੇ ਬਲਬੂਤੇ ਪੰਜਾਬ ‘ਚ ਅੰਨ ਉਗਾ ਕੇ ਦੇਸ਼ ਦੀ ਬਾਂਹ ਫੜੀ ਸੀ। ਅਜ਼ਾਦੀ ਤੋਂ ਬਾਅਦ ਫਿਰ ਇਕ ਵੇਰ ਹਰੇ ਇਨਕਲਾਬ ਦੌਰਾਨ ਪੰਜਾਬੀ ਕਿਸਾਨਾਂ ਨੇ ਧਰਤੀ ਦਾ ਸੀਨਾ ਪਾੜ ਕੇ ਤੇ ਪੰਜਾਬ ਦੀ ਧਰਤੀ ਹੇਠਲੇ ਪਾਣੀਆਂ ਦੀ ਇੰਤਹਾ ਵਰਤੋਂ ਕਰਕੇ ਦੇਸ਼ ਵਿਚ ਭੁੱਖੇ ਲੋਕਾਂ ਦੇ ਮੂੰਹ ਅਨਾਜ ਪਾਇਆ ਸੀ। ਪਰ ਪੰਜਾਬ ਨੂੰ ਇਸ ਦੀ ਕੀਮਤ ਹੁਣ ਚੁਕਾਉਣੀ ਪੈ ਰਹੀ ਹੈ। ਧਰਤੀ ਹੇਠਲਾ ਪਾਣੀ ਇਸ ਕਦਰ ਮੁਕਦਾ ਜਾ ਰਿਹਾ ਹੈ ਤੇ ਚਿਤਾਵਨੀ ਮਿਲ ਰਹੀ ਹੈ ਮਾਹਿਰਾਂ ਵੱਲੋਂ ਕਿ ਜੇਕਰ ਪੰਜਾਬ ਦੇ ਪੰਜ ਦਰਿਆਵਾਂ (ਢਾਈ ਦਰਿਆਵਾਂ) ਦੀ ਧਰਤੀ ਪੰਜਾਬ ਦੇ ਪਾਣੀ ਦੀ ਇੰਜ ਹੀ ਵਰਤੋਂ ਹੁੰਦੀ ਰਹੀ ਤਾਂ 21ਵੀਂ ਸਦੀ ਦੇ ਅੱਧ ਜਿਹੇ ਵਿਚ ਯਾਨਿ ਅਗਲੇ 20 ਵਰਿਆਂ ਵਿਚ ਹੀ ਪੰਜਾਬ ਦੀ ਧਰਤੀ ਮਾਰੂਥਲ ਬਣ ਜਾਏਗੀ।

ਉਂਞ ਪੰਜਾਬ ਹੀ ਨਹੀਂ ਪੂਰਾ ਦੇਸ਼ ਧਰਤੀ ਹੇਠਲੇ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਸੰਨ 2021 ਦੀ ਇਕ ਸਰਕਾਰੀ ਰਿਪੋਰਟ ਅਨੁਸਾਰ 2004 ਤੋਂ 2017 ਦੇ ਵਿਚਕਾਰ ਭਾਰਤ ਵਿਚ ਧਰਤੀ ਹੇਠਲੇ ਪਾਣੀ ਦੀ ਵਰਤੋਂ 58 ਤੋਂ 63 ਫੀਸਦੀ ਵਧੀ ਹੈ। ਜੇਕਰ ਧਰਤੀ ਹੇਠਲੇ ਪਾਣੀ ਦੀ ਸਥਿਤੀ ਇਹੋ ਜਿਹੀ ਹੀ ਰਹੀ ਤਾਂ ਪੀਣ ਵਾਲੇ ਪਾਣੀ ਦੀਆਂ ਪ੍ਰੇਸ਼ਾਨੀਆਂ 80ਫੀਸਦੀ ਤੱਕ ਵਧ ਜਾਣਗੀਆਂ। ਗਰਮੀਆਂ ਦੇ ਦਿਨਾਂ ‘ਚ ਦੇਸ਼ ਦੇ ਕਈ ਹਿੱਸਿਆਂ ‘ਚ ਪਾਣੀ ਦੀ ਕਿੱਲਤ ਆ ਜਾਂਦੀ ਹੈ। ਪਾਣੀ ਲਈ ਹਿੰਸਕ ਝਗੜੇ ਹੁੰਦੇ ਹਨ। ਅਜਮੇਰ/ਰਾਜਸਥਾਨ ਦੇ ਇਕ ਵਕੀਲ ਨੇ ਇਸ ਕਰਕੇ ਖੁਦਕੁਸ਼ੀ ਕਰ ਲਈ ਕਿ ਸਾਧਨ ਹੋਣ ਦੇ ਬਾਵਜੂਦ ਵੀ ਉਹ ਆਪਣੇ ਪਰਿਵਾਰ ਲਈ ਪਾਣੀ ਦਾ ਵਾਜਬ ਪ੍ਰਬੰਧ ਨਹੀਂ ਕਰ ਸਕਿਆ।

ਹਾਲਾਤ ਪੰਜਾਬ ‘ਚ ਵੀ ਚਿੰਤਾਜਨਕ ਹਨ। ਪੰਜਾਬ ‘ਚ ਸਿੰਚਾਈ ਦੇ ਸਾਧਨਾ ਦਾ ਮੁੱਖ ਸਰੋਤ ਧਰਤੀ ਹੇਠਲਾ ਪਾਣੀ ਹੈ। ਨਹਿਰੀ ਪਾਣੀ ਦੀ ਵਰਤੋਂ ਪੂਰੀ ਤਰ੍ਹਾਂ ਨਹੀਂ ਹੋ ਰਹੀ। ਬਰਸਾਤੀ ਪਾਣੀ ਨੂੰ ਸੰਭਾਲਿਆ ਨਹੀਂ ਜਾ ਰਿਹਾ। ਪੰਜਾਬ ਦੀਆਂ ਝੀਲਾਂ ਤੇ ਜਲਗਾਹ ਦਿਨ-ਬ-ਦਿਨ ਘਟ ਰਹੇ ਹਨ। ਵੰਡ ਤੋਂ ਬਾਅਦ ਇਹਨਾਂ ਦਾ ਰਕਬਾ ਅੱਧ ਫੀਸਦੀ ਤੋਂ ਵੀ ਘੱਟ ਹੈ। ਹਰੀਕੇ, ਰੋਪੜ, ਕਾਂਜਲੀ, ਰਣਜੀਤ ਸਾਗਰ ਅਤੇ ਨੰਗਲ ਦੀਆਂ ਝੀਲਾਂ ਵੱਲ ਤਾਂ ਥੋੜਾ ਧਿਆਨ ਦਿੱਤਾ ਜਾਂਦਾ ਹੈ ਪਰ ਕਾਹਨੂੰਵਾਨ ਛੰਭ, ਬਰੋਟਾ, ਲਹਿਲ ਕਲਾਂ ਵਰਗੀਆਂ ਝੀਲਾਂ ਨਜ਼ਰਅੰਦਾਜ਼ ਹਨ। ਪਿੰਡਾਂ ਵਿਚ ਛੱਪੜ, ਸ਼ਹਿਰਾਂ ‘ਚ ਤਲਾਅ ਲਗਭਗ ਪੱਧਰੇ ਕਰ ਦਿੱਤੇ ਗਏ ਹਨ।

ਅਜੋਕੇ ਪੰਜਾਬ ਦੇ ਹਾਲਾਤ ਇਹ ਹਨ ਕਿ ਅਸੀਂ ਜਿੰਨਾ ਪਾਣੀ ਧਰਤੀ ‘ਚੋਂ ਕੱਢਦੇ ਹਾਂ ਉਹਦਾ ਅੱਧਾ-ਕੁ ਹੀ ਧਰਤੀ ਨੂੰ ਵਾਪਿਸ ਕਰਦੇ ਹਾਂ। ਰੀ-ਚਾਰਜਿੰਗ ਕਰਨਾ ਤਾਂ ਅਸੀਂ ਭੁੱਲ ਹੀ ਗਏ ਹਾਂ। ਰੀ-ਚਾਰਜਿੰਗ ਤਾਂ ਮੀਂਹ ਜਾਂ ਦਰਿਆਵਾਂ ਦੇ ਪਾਣੀ ਦੇ ਜੀਰਣ ਨਾਲ ਹੁੰਦੀ ਹੈ, ਜਦੋਂ ਇਹ ਪਾਣੀ ਧਰਤੀ ਦੀਆਂ ਪਰਤਾਂ ਵਿਚ ਦੀ ਛਣਕੇ ਐਕੂਈਫ਼ਰਜ਼ ਨੂੰ ਫਿਰ ਤੋਂ ਲਬਰੇਜ ਕਰਦਾ ਹੈ, ਪਰ ਅਸੀਂ ਧਰਤੀ ਹੇਠਲੇ ਪਾਣੀ ਦੇ ਪੱਤਣਾਂ ਦੀ ਪ੍ਰਵਾਹ ਕਰਨੀ ਹੀ ਛੱਡ ਦਿੱਤੀ ਹੈ। ਸਿੱਟਾ ਖੂਹਾਂ ਦਾ ਮਿੱਠਾ ਪਾਣੀ ਜੋ ਤਿੰਨ-ਚਾਰ ਮੀਟਰ ਤੇ ਹੀ ਸਾਨੂੰ ਮਿਲ ਜਾਂਦਾ ਸੀ, ਹੁਣ ਉਸ ਲਈ ਤਾਂ ਅਸੀਂ ਜਿਵੇਂ ਤਰਸ ਹੀ ਗਏ ਹਾਂ।

ਪੰਜਾਬ ਦੇ ਖੇਤਾਂ ਦੀ 75ਫੀਸਦੀ ਸਿੰਚਾਈ ਦਰਿਆਵਾਂ ਜਾਂ ਨਹਿਰਾਂ ਦੀ ਬਜਾਇ ਧਰਤੀ ਹੇਠਲੇ ਪਾਣੀ ਜਾਂ ਟਿਊਬਵੈਲਾਂ ਰਾਹੀਂ ਹੋ ਰਹੀ ਹੈ। ਬੇਕਾਬੂ ਘਰੇਲੂ ਖਪਤ ਤੇ ਅੰਨੇਵਾਹ ਪਾਣੀ ਦੀ ਸਨਅਤੀ ਵਰਤੋਂ ਵੀ ਨਿਘਾਰ ਦਾ ਕਾਰਨ ਹੈ, ਉਪਰੋਂ ਆਲਮੀ ਤਪਸ਼ ਤੇ ਜੰਗਲਾਂ ਦੀ ਕਟਾਈ ਨੇ ਮੀਹਾਂ ਦੀ ਕਿੱਲਤ ਪੈਦਾ ਕੀਤੀ ਹੈ। ਹਾਲਾਤ ਇਹ ਹਨ ਕਿ 23 ਜ਼ਿਲਿਆਂ ਵਿਚੋਂ 18 ਜ਼ਿਲਿਆਂ ਵਿਚ ਧਰਤੀ ਹੇਠਲੇ ਪੀਣਯੋਗ ਪਾਣੀ ਦਾ ਪੱਧਰ ਹਰ ਸਾਲ ਇਕ ਮੀਟਰ ਦੇ ਕਰੀਬ ਘੱਟ ਰਿਹਾ ਹੈ।

ਜਿਥੇ ਜੰਗਲਾਂ ਦੀ ਕਟਾਈ ਨੇ ਪੰਜਾਬ ਪਲੀਤ ਕੀਤਾ ਹੈ, ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਤੇ ਗੰਦੇ ਪਾਣੀ ਨੇ ਪੰਜਾਬ ਲਈ ਚੈਲਿੰਜ ਖੜੇ ਕੀਤੇ ਹੋਏ ਹਨ, ਉਥੇ ਮਸ਼ੀਨੀ ਖੇਤੀ ਤੋਂ ਪੈਦਾ ਹੋਣ ਵਾਲਾ ਪ੍ਰਦੂਸ਼ਣ ਪੰਜਾਬ ਨੂੰ ਤਬਾਹੀ ਦੇ ਕੰਢੇ ਲੈ ਜਾ ਰਿਹਾ ਹੈ।

ਦੇਸ਼ ਵਿਚ ਕਣਕ ਦੀ ਪੈਦਾਵਾਰ ਦਾ 60ਫੀਸਦੀ ਤੇ ਚੋਲਾਂ ਦਾ 40ਫੀਸਦੀ ਪੰਜਾਬ ਵਿਚ ਰਿਸਾਇਣਾਂ ਦੀ ਖੁਰਾਕ ਨਾਲ ਪੈਦਾ ਹੁੰਦਾ ਹੈ। ਰਿਸਾਇਣਕ ਖਾਦਾਂ, ਨਦੀਨ ਨਾਸ਼ਕਾਂ ਤੇ ਕੀਟਨਾਸ਼ਕਾਂ ਦੀ ਹੱਦੋਂ ਵੱਧ ਵਰਤੋਂ ਨੇ ਮਿੱਟੀ ਤੇ ਪਾਣੀ ਦੋਵਾਂ ਨੂੰ ਜ਼ਹਿਰੀਲਾ ਬਨਾਉਣ ਦੇ ਨਾਲ-ਨਾਲ ਖੇਤੀ ਨੂੰ ਜੈਵਿਕ ਤੌਰ ਤੇ ਮਾਲਾ-ਮਾਲ ਕਰਨ ਵਾਲੇ ਜ਼ਰੂਰੀ ਤੱਤਾਂ ਤੋਂ ਮਹਿਰੂਮ ਕਰ ਦਿੱਤਾ ਹੈ। ਹੁਣ ਮਿੱਟੀ ਦੀ ਤਾਸੀਰ ਪੌਸ਼ਟਿਕਤਾ ਤੋਂ ਇਸ ਕਦਰ ਵਾਂਝੀ ਹੋ ਗਈ ਹੈ ਕਿ ਬਿਨਾਂ ਰਸਾਇਣਾਂ ਦੇ ਸਹਾਰੇ ਤੋਂ ਹੁਣ ਇਹ ਆਪਣੇ ਬਲਬੂਤੇ ਕੁਝ ਵੀ ਉਪਜਾਉਣ ਜੋਗੀ ਨਹੀਂ ਰਹੀ। ਫਸਲਾਂ ਦੀਆਂ ਬੀਮਾਰੀਆਂ ‘ਤੇ ਵੀ ਹੁਣ ਰਸਾਇਣ ਅਸਰ ਕਰਨੋਂ ਹੱਟ ਗਏ ਹਨ, ਜਿਸ ਕਰਕੇ ਹੋਰ ਵੀ ਮਹਿੰਗੇ ਨਵੇਂ ਕਿਸਮ ਦੇ ਰਸਾਇਣਾਂ ਦੀ ਵਰਤੋਂ ਕਰਨੀ ਪੈਂਦੀ ਹੈ। ਇਹਨਾਂ ਰਸਾਇਣਾਂ ਨੇ ਕਈ ਥਾਈਂ ਭੂਮੀਗਤ ਪਾਣੀ ਸਾਲੂਣਾ ਤੇ ਜ਼ਹਿਰੀਲਾ ਕਰ ਦਿੱਤਾ ਹੈ। ਸਿੱਟਾ ਇਹ ਹੈ ਕਿ ਰਸਾਇਣਕ ਖੇਤੀ ਨੇ ਪਾਣੀ ਤੇ ਹਵਾ-ਦੋਵਾਂ ਦੇ ਪ੍ਰਦੂਸ਼ਣ ਕਾਰਨ ਕੈਂਸਰ ਦੀ ਬਿਮਾਰੀ ਭਿਆਨਕ ਰੂਪ ‘ਚ ਪੰਜਾਬ ‘ਚ ਧਾਰਨ ਕਰ ਗਈ ਹੈ

ਪੰਜਾਬ ‘ਚ ਲੋਕਾਂ ਦੀ ਜੀਵਨ ਸ਼ੈਲੀ ਬਦਲੀ ਹੈ। ਗੱਡੀਆਂ ਦੀ ਗਿਣਤੀ ਵਧੀ ਹੈ, ਟਰੈਫਿਕ ਵਧੀ ਹੈ, ਹਾਦਸੇ ਵਧੇ ਹਨ, ਏਅਰ ਕੰਡੀਸ਼ਨਰ ਵਧੇ ਹਨ। ਪਲਾਸਟਿਕ ਦੇ ਲਫ਼ਾਫ਼ੇ, ਬੋਤਲਾਂ, ਥੇਲੈ ਦੀ ਵਰਤੋਂ ਖ਼ਤਰਨਾਕ ਹੱਦ ਤੱਕ ਹੋਈ ਹੈ। ਪੱਛਮੀ ਤਰਜ਼ ਦੀਆਂ ਪੁਸ਼ਾਕਾਂ, ਡੱਬਾਬੰਦ ਭੋਜਨ, ਵਾਸ਼ਿੰਗ ਮਸ਼ੀਨਾਂ, ਡਰਾਇਰ ਆਦਿ ਨੇ ਸਾਡਾ ਰਹਿਣ ਸਹਿਣ ਬਦਲ ਦਿੱਤਾ ਹੈ। ਕੋਠੀਆਂ ‘ਚ ਪੱਥਰ ਦੀ ਵਰਤੋਂ ਨੇ ਹਰੇ-ਭਰੇ ਪੰਜਾਬ ਨੂੰ ਰੇਗਿਸਤਾਨ ਬਨਾਉਣ ਦੇ ਰਾਹੇ ਤੋਰ ਦਿੱਤਾ ਹੈ।

ਕਦੇ ਅਸੀਂ ਖੁਰਾਕੀ ਤੌਰ ‘ਤੇ ਸਵੈ-ਨਿਰਭਰ ਸਾਂ। ਸਬਜ਼ੀਆਂ ਖੇਤਾਂ ‘ਚ ਉਗਾਉਂਦੇ ਸਾਂ। ਫਲ ਸਾਡੀ ਚੰਗੀ ਪੈਦਾਵਾਰ ਸੀ। ਅੰਬਾਂ ਦੇ ਬਾਗ ਸਾਡੀ ਵਿਰਾਸਤ ਦਾ ਹਿੱਸਾ ਸਨ। ਮੱਕੀ, ਜੌਂ, ਜਵਾਰ, ਬਾਜਰਾ, ਗੰਨਾ, ਨਰਮਾ, ਦਾਲਾਂ, ਛੋਲੇ, ਅਸੀਂ ਆਪ ਉਗਾਉਂਦੇ ਸਾਂ। ਅੱਜ ਅਸੀਂ ਮਹਿੰਗੇ ਭਾਅ ਇਹਨਾਂ ਦੀ ਖਰੀਦ ਕਰਦੇ ਹਾਂ। ਕਿਉਂਕਿ ਅਸੀਂ ਫਸਲਾਂ ‘ਤੇ ਬੀਜਾਂ ਲਈ ਦੂਸਰਿਆਂ ਤੇ ਨਿਰਭਰ ਹੋ ਗਏ ਹਾਂ।

ਆਧੁਨਿਕ ਜੀਵਨ ਸ਼ੈਲੀ ਨੇ ਭਾਵੇਂ ਸਾਨੂੰ ਸਹੂਲਤਾਂ ਦਿੱਤੀਆਂ ਹਨ ਪਰ ਸਾਡੇ ਲਈ ਕਈ ਹੋਰ ਮੁਸੀਬਤਾਂ ਖੜੀਆਂ ਕੀਤੀਆਂ ਹਨ। ਹਵਾ ਦੀ ਪਲੀਤਗੀ ਉਹਨਾਂ ‘ਚੋਂ ਇਕ ਹੈ। ਕਾਰਖਾਨਿਆਂ, ਭੱਠਿਆਂ ਅਤੇ ਬਿਜਲੀ ਇਕਾਈਆਂ ‘ਚੋਂ ਨਿਕਲਦਾ ਕਾਲਾ ਧੂੰਆਂ ਹਵਾ ਪ੍ਰਦੂਸ਼ਣ ‘ਚ ਜ਼ਿਆਦਾ ਯੋਗਦਾਨ ਪਾਉਂਦਾ ਹੈ। ਇਥੇ ਹੀ ਬੱਸ ਨਹੀਂ ਪੰਜਾਬ ਦੇ ਸ਼ਹਿਰ ਇੰਨਾ ਕੂੜਾ-ਕਚਰਾ ਪੈਦਾ ਕਰਦੇ ਹਨ ਕਿ ਸਾਂਭਿਆ ਨਹੀਂ ਜਾ ਰਿਹਾ। ਮੱਖੀਆਂ-ਮੱਛਰਾਂ, ਕੀੜਿਆਂ-ਮਕੌੜਿਆਂ, ਚੂਹਿਆਂ ਦੀ ਭਰਮਾਰ ਹੋ ਗਈ ਹੈ। ਪਲਾਸਟਿਕ ਦੇ ਲਿਫ਼ਾਫ਼ੇ ਤੇ ਬੋਤਲਾਂ ਉੱਤੇ ਭਾਵੇਂ ਪਾਬੰਦੀ ਹੈ, ਪਰ ਇਹਨਾਂ ਦੀ ਵਰਤੋਂ ਸ਼ਰੇਆਮ ਹੈ।

ਸਾਡੇ ਪੁਰਖੇ ਸਾਡੇ ਲਈ ਖ਼ੂਬਸੂਰਤ ਜ਼ਮੀਨ ਤੇ ਪਾਣੀ ਦੀ ਵਿਰਾਸਤ ਛੱਡ ਕੇ ਗਏ ਪਰ ਅਸੀਂ ਆਪਣੀ ਅਗਲੀ ਪੀੜੀ ਪੱਲੇ ਬਦਬੂਦਾਰ ਵਿਗੜਿਆ ਵਾਤਾਵਰਣ ਪਾ ਰਹੇ ਹਾਂ। ਸਾਡੇ ਵੱਲੋਂ ਕੀਤੀ ਜਾ ਰਹੀ ਅਜੀਬ ਜਿਹੀ ਅਲਗਰਜ਼ੀ ਸਾਡੀ ਜ਼ਿੰਦਗੀ, ਰੋਜ਼ੀ-ਰੋਟੀ ਤੇ ਮਾਂ-ਭੋਇੰ ਨੂੰ ਬਹੁਤ ਭਾਰੀ ਪੈ ਰਹੀ ਹੈ। ਇਸ ਸਭ ਕੁਝ ਦਾ ਦੋਸ਼ ਸਾਡਾ ਸਭਨਾਂ ਦਾ ਸਾਂਝਾ ਹੈ। ਸਰਕਾਰ ਤੇ ਲੋਕਾਂ ਦਾ ਗ਼ੈਰ-ਜ਼ਿੰਮੇਵਾਰਾਨਾ ਰਵੱਈਆ ਪੰਜਾਬ ਦੇ ਵਾਤਾਵਰਣ ਦੇ ਵਿਗਾੜ ਦਾ ਵੱਡਾ ਕਾਰਨ ਹੈ। ਅਸੀਂ ਸਭ ਕੁਝ ਸਮਝ ਕੇ ਵੀ ਅੱਖਾਂ ਮੀਟੀ ਬੈਠੇ ਹਾਂ। ਵਿਅਕਤੀ ਅਤੇ ਸਮੂਹਿਕ ਪੱਧਰ ਦੇ ਵਾਤਾਵਰਨ ਸੁਧਾਰ ਦੇ ਯਤਨਾਂ ਦੀ ਘਾਟ ਸਾਨੂੰ ਅੱਖਰਦੀ ਹੈ।

ਸਰਕਾਰੀ ਨੀਤੀਆਂ ਤੇ ਕਾਨੂੰਨ ਸਭ ਕਾਗਜ਼ੀ ਦਿਸ ਰਹੇ ਹਨ। ਇਕੱਲੇ ਇਕਹਿਰੇ ਯਤਨ ਪੰਜਾਬਦੇ ਵਿਗੜ ਰਹੇ ਵਾਤਾਵਰਣ ਨੂੰ ਸੁਆਰ ਨਹੀਂ ਸਕਦੇ। ਕਿਸੇ ਨੇ ਸੋਚਿਆ ਹੀ ਨਹੀਂ ਹੋਏਗਾ ਕਿ ਕਦੇ ਆਪਣੀ ਚੰਗੀ ਰਹਿਤਲ ਤੇ ਪਾਣੀਆਂ ਦੇ ਨਾਂ ‘ਤੇ ਜਾਣੇ ਜਾਂਦੇ ਪੰਜਾਬ ਨੂੰ ਆਹ ਦਿਨ ਵੀ ਦੇਖਣੇ ਪੈਣਗੇ। ਪਤਾ ਨਹੀਂ ਅਸੀਂ ਇਹ ਸਮਝ ਕਿਉਂ ਨਹੀਂ ਰਹੇ ਕਿ ਪੰਜਾਬ ਕੋਲ ਪਾਣੀ ਨੂੰ ਛੱਡ ਕੇ ਹੋਰ ਕੋਈ ਕੁਦਰਤੀ ਵਸੀਲਾ ਹੈ ਵੀ ਨਹੀਂ। ਪਾਣੀ ਜਾਂ ਤਾਂ ਮੁੱਕ ਰਿਹਾ ਹੈ ਜਾਂ ਜ਼ਹਿਰੀਲਾ ਹੋ ਰਿਹਾ ਹੈ ਤੇ ਜਾਂ ਇਸ ‘ਤੇ ਸਿਆਸੀ ਸੰਨ ਲਾਈ ਜਾ ਰਹੀ ਹੈ। ਹਵਾ ਇਸ ਧਰਤੀ ਦੀ ਪ੍ਰਦੂਸ਼ਣੀ ਤੱਤਾਂ ਨਾਲ ਭਰੀ ਪਈ ਹੈ। ਹਰ ਸਾਲ ਪੰਜਾਬ ਦਾ ਤਾਪਮਾਨ ਵਧਦਾ ਜਾ ਰਿਹਾ ਹੈ। ਪਤਾ ਨਹੀਂ ਕਿਉਂ ਫਿਰ ਵੀ ਅਸੀਂ ਇਸ ਸਥਿਤੀ ਤੋਂ ਭੈ-ਭੀਤ ਕਿਉਂ ਨਹੀਂ ਹੋ ਰਹੇ?

ਸਰਕਾਰਾਂ, ਸੰਸਥਾਵਾਂ, ਹਰ ਵਰੇ ਲੱਖਾਂ ਪੌਦੇ ਲਾਉਣ ਦਾ ਦਾਅਵਾ ਕਰਦੀਆਂ ਹਨ, ਪਰ ਇਹਨਾਂ ‘ਚੋਂ ਬਚਦੇ ਕਿੰਨੇ ਹਨ? ਜਿਸ ਢੰਗ ਨਾਲ ਪੰਜਾਬ ਤਬਾਹ ਹੋ ਰਿਹਾ ਹੈ, ਇਸ ਦਾ ਵਾਤਾਵਰਣ ਪਲੀਤ ਹੋ ਰਿਹਾ ਹੈ, ਉਹ ਵੱਡੀ ਚਿੰਤਾ ਦਾ ਵਿਸ਼ਾ ਹੈ। ਕਿੰਨੇ ਕੁ ਯਤਨ ਪੰਜਾਬ ਨੂੰ ਹਰਿਆ-ਭਰਿਆ ਰੱਖਣ ਲਈ ਸਾਡੀਆਂ ਧਾਰਮਿਕ, ਸਮਾਜਿਕ ਸੰਸਥਾਵਾਂ ਕਰਦੀਆਂ ਹਨ? ਬਿਨਾਂ ਸ਼ੱਕ ਪਾਣੀ, ਹਵਾ, ਅਵਾਜ਼ ਪ੍ਰਦੂਸ਼ਨ ਵਰਗੇ ਪ੍ਰਦੂਸ਼ਨ ਦੇ ਨਾਲ-ਨਾਲ ਮਨਾਂ ਦੇ ਪ੍ਰਦੂਸ਼ਣ ਨੂੰ ਡੱਕਾ ਲਾਉਣ ਦੀ ਲੋੜ ਹੈ। ਨਰੋਇਆ ਅਤੇ ਖੁਸ਼ਹਾਲ ਪੰਜਾਬ ਬਨਾਉਣ ਦੇ ਨਾਹਰੇ ਪੰਜਾਬ ਦਾ ਕੁਝ ਸੁਆਰ ਨਹੀਂ ਸਕਦੇ, ਸਿਆਸੀ ਇੱਛਾ ਸ਼ਕਤੀ ਨਾਲ ਨਿੱਠ ਕੇ ਕੀਤੇ ਸਮੂਹਿਕ ਯਤਨ ਉਜੜ ਰਹੇ ਪੰਜਾਬ ਦੇ ਮੁੜ ਵਸੇਬੇ ਲਈ ਸਾਰਥਿਕ ਹੋ ਸਕਦੇ ਹਨ।

-ਗੁਰਮੀਤ ਸਿੰਘ ਪਲਾਹੀ
98158-02070