ਬਠਿੰਡਾ, 21 ਮਈ, ਬਲਵਿੰਦਰ ਸਿੰਘ ਭੁੱਲਰ
ਸਿਆਸੀ ਆਗੂਆਂ ਨੂੰ ਕਹਿੰਦੇ ਚੋਣਾਂ ਦਾ ਵਿਆਹ ਨਾਲੋਂ ਵੀ ਕਿਤੇ ਵੱਧ ਚਾਅ ਹੁੰਦਾ ਹੈ। ਜੇਕਰ ਲੰਬਾ ਸਮਾਂ ਕੋਈ ਚੋਣਾਂ ਨਾ ਆਉਣ ਤਾਂ ਉਹ ਮਾਨਸਿਕ ਬਿਮਾਰੀ ਦੀ ਹਾਲਤ ਵਿੱਚ ਚਲੇ ਜਾਂਦੇ ਹਨ। ਇਹ ਵੀ ਪਹਿਲੀ ਵਾਰ ਹੀ ਦਿਖਾਈ ਦਿੰਦਾ ਹੈ ਕਿ ਜਿਲਾ ਬਠਿੰਡਾ ਨਾਲ ਸਬੰਧਤ ਕਈ ਸਿਆਸੀ ਆਗੂ ਦੜ ਵੱਟ ਕੇ ਮੂੰਹ ਲਕੋਈ ਬੈਠੇ ਹਨ, ਚੋਣਾਂ ਦੇ ਪ੍ਰਚਾਰ ਵਿੱਚ ਉਹਨਾਂ ਦਾ ਕੋਈ ਯੋਗਦਾਨ ਤਾਂ ਕੀ ਹੋਣਾ ਸੀ ਉਹਨਾਂ ਦਾ ਚਿਹਰਾ ਵੀ ਨਹੀਂ ਦਿਸਦਾ। ਉਹਨਾਂ ਦੀ ਉਡੀਕ ਖਤਮ ਹੋਣ ਤੇ ਵੋਟਰ ਉਹਨਾਂ ਨੂੰ ਭੁੱਲਣ ਦੀ ਕੋਸ਼ਿਸ਼ ਕਰ ਰਹੇ ਹਨ।
ਅਜਿਹਾ ਪਹਿਲਾ ਸਿਕਰੱਢ ਆਗੂ ਹੈ ਸ੍ਰ: ਮਨਪ੍ਰੀਤ ਸਿੰਘ ਬਾਦਲ। ਉਹ ਕਿਸੇ ਸਮੇਂ ਅਕਾਲੀ ਵਜਾਰਤ ਵਿੱਚ ਵਿੱਤ ਮੰਤਰੀ ਹੁੰਦਾ ਸੀ। ਬਾਦਲ ਪਰਿਵਾਰ ਦੀ ਅੰਦਰਲੀ ਕਸਮਕਸ ਸਦਕਾ ਜਦ ਅਕਾਲੀ ਦਲ ਵਿੱਚ ਉਸਦੀ ਬਹੁਤੀ ਕਦਰ ਨਾ ਰਹੀ ਤਾਂ ਉਸਨੇ ਵੱਖਰੀ ਪਾਰਟੀ ਪੀਪੀਪੀ ਬਣਾ ਲਈ ਸੀ। ਇਹ ਪਾਰਟੀ ਵੀ ਛੇਤੀ ਫੇਲ ਹੋ ਗਈ ਤਾਂ ਉਹ ਛਾਲ ਮਾਰਕੇ ਕਾਂਗਰਸ ਵਿੱਚ ਜਾ ਸ਼ਾਮਲ ਹੋਇਆ ਤੇ ਇਸ ਪਾਰਟੀ ਦੀ ਸਰਕਾਰ ਬਣ ਜਾਣ ਤੇ ਮੁੜ ਵਿੱਤ ਮੰਤਰੀ ਬਣ ਗਿਆ। ਇਸ ਦੌਰਾਨ ਉਸਨੇ ਸਮੁੱਚੇ ਪੰਜਾਬ ਲਈ ਖਜ਼ਾਨਾ ਖਾਲੀ ਹੋਣ ਲਾਰਾ ਲਾ ਕੇ ਬਠਿੰਡਾ ’ਚ ਜੋ ਨਿੱਜੀ ਵਿਕਾਸ ਕੀਤਾ ਉਹ ਕਿਸੇ ਤੋਂ ਭੁੱਲਿਆ ਨਹੀਂ। ਕਾਂਗਰਸ ਸਰਕਾਰ ਦਾ ਸਮਾਂ ਪੂਰਾ ਹੋਇਆ ਤਾਂ ਉਹ ਈ ਡੀ ਤੋਂ ਡਰਦਾ ਹੋਇਆ ਕੇਂਦਰ ਵਿੱਚ ਰਾਜ ਕਰ ਰਹੀ ਪਾਰਟੀ ਭਾਜਪਾ ਵਿੱਚ ਜਾ ਸ਼ਾਮਲ ਹੋਇਆ। ਉਸਨੂੰ ਇਸ ਪਾਰਟੀ ਤੋਂ ਉੱਚ ਆਹੁਦਾ ਤੇ ਲੋਕ ਸਭਾ ਟਿਕਟ ਦੀ ਵੀ ਉਮੀਦ ਸੀ। ਪਰ ਬਠਿੰਡਾ ਦੇ ਲੋਕਾਂ ਵੱਲੋਂ ਕਥਿਤ ਤੌਰ ਤੇ ਨੱਕੋਂ ਬੁੱਲੋਂ ਲਾਹੇ ਜਾਣ ਦਾ ਪਤਾ ਲੱਗਣ ਤੇ ਉਸਨੂੰ ਨਾ ਆਹੁਦਾ ਮਿਲਿਆ ਤੇ ਨਾ ਹੀ ਟਿਕਟ। ਹੁਣ ਉਸਦੀ ਮੁੜ ਅਕਾਲੀ ਦਲ ’ਚ ਜਾਣ ਦੀ ਚਰਚਾ ਹੈ, ਚੋਣਾਂ ਤੋਂ ਬਾਅਦ ਕਹਿੰਦੇ ਨੇ ਕਿ ਐਲਾਨ ਹੋ ਸਕਦਾ ਹੈ ਉਸਨੇ ਆਪਣੇ ਨਜਦੀਕੀਆਂ ਨਾਲ ਮੀਟਿੰਗਾਂ ਕਰਕੇ ਰਾਇ ਹਾਸਲ ਕਰ ਲਈ ਹੈ। ਹੁਣ ਲੋਕ ਸਭਾ ਚੋਣਾਂ ਦਾ ਪ੍ਰਚਾਰ ਸਿਖ਼ਰਾਂ ਤੇ ਹੈ, ਪਰ ਵਫ਼ਾਦਾਰੀਆਂ ਬਦਲਣ ਵਾਲਾ ਇਹ ਆਗੂ ਲੋਕਾਂ ਨੂੰ ਮੁੰਹ ਵਿਖਾਉਣ ਤੋਂ ਦੜ ਵੱਟੀ ਬੈਠਾ ਹੈ।
ਦੂਜਾ ਵੱਡਾ ਅਕਾਲੀ ਆਗੂ ਹੈ ਸ੍ਰ: ਸਿਕੰਦਰ ਸਿੰਘ ਮਲੂਕਾ। ਉਹ ਪਾਰਟੀ ਦਾ ਬਹੁਤ ਸੀਨੀਅਰ ਆਗੂ ਹੈ ਤੇ ਉੱਚ ਅਹੁਦੇ ਤੇ ਹੈ ਅਤੇ ਲੰਬਾ ਸਮਾਂ ਉਸਨੇ ਪਾਰਟੀ ਦੇ ਲੇਖੇ ਲਾਇਆ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਉਹ ਦੋ ਸੀਟਾਂ ਦੀ ਮੰਗ ਕਰ ਰਿਹਾ ਸੀ ਇੱਕ ਆਪਣੇ ਲਈ ਅਤੇ ਇੱਕ ਆਪਣੇ ਪੁੱਤਰ ਲਈ। ਪਾਰਟੀ ਨੇ ਉਸਨੂੰ ਤਾਂ ਸਿਰਫ਼ ਇੱਕ ਟਿਕਟ ਹੀ ਦਿੱਤੀ, ਜਦ ਕਿ ਹੋਰ ਕਈ ਆਗੂਆਂ ਦੇ ਪਰਿਵਾਰਾਂ ਨੂੰ ਦੋ ਟਿਕਟਾਂ ਦੇ ਦਿੱਤੀਆਂ। ਉਸ ਸਮੇਂ ਤੋਂ ਉਹ ਪਾਰਟੀ ਖਾਸ ਕਰਕੇ ਬਾਦਲ ਪਰਿਵਾਰ ਨਾਲ ਨਰਾਜ਼ ਚੱਲਿਆ ਆ ਰਿਹਾ ਸੀ। ਉਸਦੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਟਿਕਟ ਨਾ ਮਿਲਣ ਕਾਰਨ ਉਹ ਤਾਂ ਬਹੁਤ ਗੁੱਸੇ ਵਿੱਚ ਸੀ, ਇਸ ਕਰਕੇ ਉਸਨੇ ਅਕਾਲੀ ਦਲ ਨੂੰ ਅਲਵਿਦਾ ਕਹਿਣ ਲਈ ਭਾਜਪਾ ਨਾਲ ਗੰਢਤੁਪ ਦਾ ਰਾਹ ਅਖ਼ਤਿਆਰ ਕਰ ਲਿਆ ਸੀ। ਲੋਕ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਹੀ ਗੁਰਪ੍ਰੀਤ ਸਿੰਘ ਤੇ ਉਸਦੀ ਧਰਮ ਪਤਨੀ ਪਰਮਪਾਲ ਕੌਰ ਸਿੱਧੂ ਜੋ ਉੱਚ ਸਰਕਾਰੀ ਅਹੁਦੇ ਸੀ, ਅਸਤੀਫਾ ਦੇ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ। ਭਾਜਪਾ ਨੇ ਪਰਮਪਾਲ ਕੌਰ ਨੂੰ ਬਠਿੰਡਾ ਹਲਕੇ ਤੋਂ ਲੋਕ ਸਭਾ ਲਈ ਉਮੀਦਵਾਰ ਬਣਾ ਲਿਆ। ਅਜਿਹੀ ਸਥਿਤੀ ਵਿੱਚ ਸ਼: ਮਲੂਕਾ ਕਸੂਤੀ ਸਥਿਤੀ ਵਿੱਚ ਫਸ ਗਏ, ਉਹ ਨਾ ਬਠਿੰਡਾ ਤੋਂ ਅਕਾਲੀ ਦਲ ਦਾ ਵਿਰੋਧ ਕਰ ਸਕਦੇ ਸਨ ਤੇ ਨਾ ਹੀ ਆਪਣੀ ਨੂੰਹ ਦਾ। ਅਜਿਹੀ ਸਥਿਤੀ ਵਿੱਚ ਉਹ ਵੀ ਦੜ ਵੱਟ ਕੇ ਘਰ ਅੰਦਰ ਹੀ ਬੈਠ ਗਏ। ਹੁਣ ਤਾਂ ਕਨਸੋਅ ਮਿਲੀ ਹੈ ਕਿ ਉਹ ਕੁੱਝ ਦਿਨਾਂ ਲਈ ਦੁਬਈ ਚਲੇ ਗਏ ਹਨ।
ਤੀਜਾ ਹੈ ਕਾਂਗਰਸ ਦਾ ਇੱਕ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ। ਉਸਦਾ ਕਾਂਗਰਸ ਪਾਰਟੀ ਵਿੱਚ ਲੰਬਾ ਸਫ਼ਰ ਹੈ, ਬੇਅੰਤ ਸਰਕਾਰ ਸਮੇਂ ਉਹ ਮੰਤਰੀ ਵੀ ਰਿਹਾ ਹੈ ਅਤੇ ਕਈ ਵਾਰ ਵਿਧਾਇਕ ਦੀ ਚੋਣ ਲੜੀ ਹੈ। ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਗੁਰਮੀਤ ਸਿੰਘ ਦਾ ਕੁੜਮ ਹੋਣ ਕਰਕੇ ਉਸਦਾ ਪ੍ਰੇਮੀਆਂ ਦੀਆਂ ਵੋਟਾਂ ਤੇ ਅਸਰ ਨੂੰ ਵੇਖਦਿਆਂ ਟਿਕਟ ਮਿਲਦੀ ਰਹੀ ਹੈ। ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰਨ ਸਮੇਂ ਮੌੜ ਮੰਡੀ ਵਿਖੇ ਹੋਏ ਬੰਬ ਧਮਾਕੇ ਵਿੱਚ ਉਹ ਮਸਾਂ ਹੀ ਬਚਿਆ ਸੀ, ਜਦੋਂ ਕਿ ਹੋਰ ਛੇ ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਵਾਰ ਪਾਰਟੀ ਨੇ ਉਸਦੀ ਕੋਈ ਸਲਾਹ ਲੈਣੀ ਵੀ ਮੁਨਾਸਿਬ ਨਹੀਂ ਸਮਝੀ। ਕਾਂਗਰਸ ਦੇ ਉਮੀਦਵਾਰ ਜੀਤਮੁਹਿੰਦਰ ਸਿੰਘ ਸਿੱਧੂ ਦੇ ਵਿਰੁੱਧ ਉਸਨੇ ਤਲਵੰਤੀ ਸਾਬੋ ਤੋਂ ਚੋਣ ਲਈ ਸੀ, ਇਸ ਕਰਕੇ ਉਹਨਾਂ ਦੀ ਇਕੱਠਿਆਂ ਦਾਲ ਗਲਣੀ ਮੁਸਕਿਲ ਵੀ ਸੀ। ਹੁਣ ਚੋਣ ਪ੍ਰਚਾਰ ਵਿੱਚ ਉਹ ਵੀ ਕਿਤੇ ਵਿਖਾਈ ਨਹੀਂ ਦੇ ਰਿਹਾ। ਇਹ ਵੀ ਪਤਾ ਨਹੀਂ ਲੱਗ ਰਿਹਾ ਕਿ ਉਹ ਕਿਹੜੇ ਭੋਰੇ ਵਿੱਚ ਬੈਠਾ ਹੈ।
ਚੌਥਾ ਆਗੂ ਹੈ ਪ੍ਰੀਤਮ ਸਿੰਘ ਕੋਟਭਾਈ। ਪਹਿਲਾਂ ਉਸਨੇ ਸ੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜੀ ਤੇ ਹਾਰ ਗਿਆ ਅਤੇ ਫੇਰ ਉਹ ਕਾਂਗਰਸ ਵਿੱਚ ਸ਼ਾਮਲ ਹੋ ਕੇ ਹਲਕਾ ਭੁੱਚੋ ਤੋਂ ਵਿਧਾਇਕ ਬਣ ਗਿਆ। ਸਰਕਾਰ ਦੇ ਦੌਰਾਨ ਹੀ ਉਸ ਵਿਰੁੱਧ ਕਈ ਤਰਾਂ ਦੀਆਂ ਚਰਚਾਵਾਂ ਸੁਰੂ ਹੋ ਗਈਆਂ ਸਨ ਅਤੇ ਕਥਿਤ ਤੌਰ ਤੇ ਕਈ ਇਨਕੁਆਰੀਆਂ ਖੁੱਲ ਗਈਆਂ। ਉਹ ਆਪਣਾ ਬਚਾਅ ਕਰਨ ਲਈ ਲੋਕਾਂ ਤੋਂ ਪਾਸਾ ਵੱਟਣ ਲੱਗਾ। ਮੌਜੂਦਾ ਚੋਣ ਪ੍ਰਚਾਰ ਤੋਂ ਉਹ ਪੂਰੀ ਤਰਾਂ ਦੂਰ ਰਹਿ ਰਿਹਾ ਹੈ, ਹਲਕੇ ਦੇ ਲੋਕ ਤਾਂ ਉਸਦਾ ਨਾਂ ਲੈਣਾ ਵੀ ਭੁੱਲ ਰਹੇ ਹਨ।
ਹੁਣ ਲੋਕਾਂ ਨੂੰ ਅਜਿਹੇ ਆਗੂਆਂ ਬਾਰੇ ਵੀ ਸੋਚਣਾ ਚਾਹੀਦਾ ਹੈ ਜਿਹੜੇ ਅਹੁਦੇ ਹਾਸਲ ਕਰਦੇ ਹਨ, ਸੱਤਾ ਦੇ ਭਾਗੀਦਾਰ ਬਣਦੇ ਹਨ ਅਤੇ ਜਦੋਂ ਮੂੰਹੋਂ ਮੰਗੀਆਂ ਸਹੂਲਤਾਂ ਤੇ ਅਹੁਦਾ ਨਹੀਂ ਮਿਲਦਾ ਤਾਂ ਉਹ ਆਪਣੇ ਫ਼ਰਜ ਤਿਆਗ ਕੇ ਦੜ ਵੱਟ ਕੇ ਬੈਠ ਜਾਂਦੇ ਹਨ। ਸਿਆਸਤ ਵਪਾਰ ਨਹੀਂ ਹੈ, ਇਸਦਾ ਆਧਾਰ ਸੇਵਾ ਹੈ ਅਤੇ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਲਈ ਲਾਲਚ ਤਿਆਗ ਕੇ ਬਣਦੀ ਭੂਮਿਕਾ ਨਿਭਾਉਣ ਵਾਲਾ ਨੇਤਾ ਹੀ ਯੋਗ ਸਿਆਸਤਦਾਨ ਅਖਵਾ ਸਕਦਾ ਹੈ। ਲਾਲਚੀ ਤੇ ਵੇਲਾ ਵਿਹਾਅ ਚੁੱਕੇ ਆਗੂਆਂ ਤੋਂ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ।