ਉੱਤਰੀ ਭਾਰਤ ਦੇ ਸ਼ਹਿਰਾਂ ਦੇ ਵਿਆਹਾਂ-ਸ਼ਾਦੀਆਂ ਦੀਆਂ ਪਾਰਟੀਆਂ ਵਿੱਚ ਔਰਤਾਂ ਦੀਆਂ ਪੌਸ਼ਾਕਾਂ ਦੇ ਕਲੱਚਰ ਦਾ ਮਿਆਰ ਦਿਨੋਂ-ਦਿਨ ਨੀਵੇਂ ਤੋਂ ਨੀਵਾਂ ਹੁੰਦਾ ਜਾ ਰਿਹਾ ਹੈ l ਲੜਕੀਆਂ ਅਤੇ ਔਰਤਾਂ ਵਿੱਚ ਸਰੀਰਿਕ ਪ੍ਰਦਰਸ਼ਨ ਦੀ ਹੋੜ ਵਿੱਚ ਇੱਕ ਦੂਜੇ ਤੋਂ ਅੱਗੇ ਵੱਧਣ ਦੀ ਦੌੜ ਲੱਗੀ ਨਜ਼ਰ ਆਉਂਦੀ ਹੈ l ਪਿੱਛਲੇ ਦਿਨੀਂ ਵੇਖ਼ੇ ਇੱਕ ਵਿਆਹ ਦੇ ਫ਼ੰਕਸ਼ਨਾਂ ਵਿੱਚ ਭਰ ਸਰਦੀ ਦੇ ਮੌਸਮ ਵਿੱਚ ਲੜਕੀਆਂ ਅਤੇ ਔਰਤਾਂ ਦੀਆਂ ਬੈਕਲੈਸ ਪੋਸ਼ਾਕਾਂ ਵੇਖ ਕੇ ਮੈਂ ਦੰਗ ਰਹਿ ਗਈ l ਨਾ ਕਿਸੇ ਦੀ ਸ਼ਰਮ ਸੀ ਤੇ ਨਾ ਹੀ ਵੱਡੇ-ਬੁੱਢੇ ਦਾ ਲਿਹਾਜ਼ l ਕਿਸੇ ਜ਼ਮਾਨੇ ਵਿੱਚ ਪਿੱਠ ਦਿਖਾਉਣਾ ਸ਼ਬਦ ਦਾ ਅਰਥ ਕਿਸੇ ਨੂੰ ਮਦਦ ਕਰਣ ਤੋਂ ਮਨਾਂ ਕਰਣਾ ਜਾਂ ਧੋਖਾ ਦੇ ਜਾਣਾ ਹੁੰਦਾ ਸੀ l ਪਰ ਅੱਜ ਦੇ ਜ਼ਮਾਨੇ ਵਿੱਚ ਪਿੱਠ ਦਿਖਾਉਣਾ ਉਹ ਵੀ ਨੰਗੀ, ਪ੍ਰੈਕਟਿਕਲੀ ਔਰਤਾਂ ਜਾਂ ਕੁੜੀਆਂ ਦੇ ਹਿੱਸੇ ਆ ਗਿਆ ਹੈ l
ਨਾ ਕਿਸੇ ਨੂੰ ਬਾਪ ਦੀ ਸ਼ਰਮ ਹੈ ਨਾ ਹੀ ਭਰਾਵਾਂ ਦੀ ਅਤੇ ਨਾ ਹੀ ਸੱਸ ਸੋਹਰੇ ਦੀ l ਮੈਂ ਵਿਆਹ ਦੀ ਪਾਰਟੀ ਵਿੱਚ ਆਪਣੀਆਂ ਅੱਖਾਂ ਨਾਲ ਇੱਕ ਅੰਮ੍ਰਿਤਧਾਰੀ ਬਾਪ ਨੂੰ ਬੈਕਲੈਸ ਡਰੈੱਸ ਪਾਈ ਧੀ ਨੂੰ ਡਾਂਸ ਕਰਦਿਆਂ ਉਸ ਉੱਤੋਂ ਨੋਟ ਵਾਰਦੇ ਵੇਖਿਆ l ਕਿੰਨਾ ਨਿਘਾਰ ਹੈ ਸਮਾਜ ਦਾ l ਪੌਸ਼ਾਕ ਜਾਂ ਡਰੈਸ ਕੋਈ ਵੀ ਬੁਰੀ ਨਹੀਂ ਹੁੰਦੀ, ਭਾਵੇਂ ਇਹ ਸੂਟ ਹੋਵੇ, ਸਾੜੀ ਹੋਵੇ, ਸਕਰਟ ਟਾਪ ਜਾਂ ਜੀਨ ਹੋਵੇ, ਬੱਸ ਸਲੀਕੇ ਦੇ ਨਾਲ ਪਾਈ ਗਈ ਹੋਵੇ, ਜਿਸ ਵਿੱਚੋਂ ਸ਼ਾਲੀਨਤਾ ਝੱਲਕੇ, ਨਾ ਕਿ ਅਸ਼ਲੀਲਤਾ l
ਕਈ ਸਾਲ ਪਹਿਲੇ, ਜਦੋੰ ਟੀਵੀ ਉੱਤੇ ਚੈਨਲਾਂ ਅਤੇ ਸੋਸ਼ਲ ਮੀਡੀਏ ਦਾ ਜ਼ਮਾਨਾ ਨਹੀਂ ਸੀ, ਦਿੱਲੀ ਦੂਰਦਰਸ਼ਨ ਤੋਂ ਇੱਕ ਡਰਾਮਾ ਸੀਰੀਅਲ ਪ੍ਰਸਾਰਤ ਹੋਇਆ ਸੀ, ਜਿਸ ਵਿੱਚ ਇੱਕ ਰਿਟਾਇਰਡ ਦਾਦਾ, ਜਿਸਦਾ ਰੋਲ ਸ਼ਾਇਦ ਅਨੂਪ ਸਿੰਘ ਬੇਦੀ ਨੇ ਅਦਾ ਕੀਤਾ ਸੀ, ਦੇ ਜਵਾਨ ਨੂੰਹ ਪੁੱਤਰ ਦੀ ਇੱਕ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ ਅਤੇ ਉਹ ਇੱਕਲਾ ਹੀ ਉਹਨਾਂ ਦੀ ਫੁੱਲ ਵਰਗੀ ਬੱਚੀ ਦਾ ਪਾਲਣ-ਪੋਸ਼ਣ ਕਰਦਾ ਹੈ ਅਤੇ ਉਸਦੇ ਬਚਪਨ ਨੂੰ ਬਹੁਤ ਪ੍ਰਫੁੱਲਿਤ ਰੱਖਦਾ ਹੈ l ਸਮਾਂ ਪਾ ਕੇ ਬੱਚੀ ਜਵਾਨ ਹੁੰਦੀ ਹੈ ਅਤੇ ਸਕੂਲ ਪਾਸ ਕਰਕੇ ਕਾਲਜ ਵਿੱਚ ਦਾਖਲਾ ਲੈਂਦੀ ਹੈ l ਕਾਲਜ ਜਾਣ ਦੇ ਪਹਿਲੇ ਹੀ ਦਿਨ ਲਈ ਉਹ ਇੱਕ ਖਾਸ ਮਿੱਡੀ ਡਰੈਸ ਬਣਵਾਉਂਦੀ ਹੈ, ਜਿਹੜੀ ਕਿ ਉਸ ਜ਼ਮਾਨੇ ਦੇ ਹਿਸਾਬ ਨਾਲ ਥੋੜੀ ਵਰਜਿਤ ਸੀ l ਉਹ ਡਰੈਸ ਪਾ ਕੇ ਪੋਤਰੀ ਪਹਿਲੇ ਆਪਣੇ ਦਾਦਾ ਜੀ ਨੂੰ ਵਿਖਾਉਣ ਲਈ ਆਉਂਦੀ ਹੈ l ਦਾਦਾ ਜੀ ਉਸਨੂੰ ਵੇਖ ਕੇ ਖ਼ਾਮੋਸ਼ ਹੋ ਜਾਂਦੇ ਹਨ l ਪੋਤਰੀ ਨੂੰ ਦਾਦਾ ਜੀ ਦੀ ਚੁੱਪੀ ਅਤੇ ਨਾਖੁਸ਼ੀ ਦਾ ਅਹਿਸਾਸ ਹੋ ਜਾਂਦਾ ਹੈ ਅਤੇ ਉਹ ਦਾਦੇ ਕੋਲੋਂ ਇਸ ਖਾਮੋਸ਼ੀ ਦਾ ਕਾਰਣ ਪੁੱਛਦੀ ਹੈ l ਦਾਦਾ ਪੋਤਰੀ ਦੇ ਸਿਰ ਉੱਤੇ ਹੱਥ ਰੱਖ ਕੇ ਆਪਣਾ ਭਾਵ ਜ਼ਾਹਿਰ ਕਰਦਾ ਹੈ ਕਿ ਜ਼ਿੰਦਗੀ ਵਿੱਚ ਕਿਵੇਂ ਔਖੇ- ਸੌਖੇ ਹੋ ਕੇ ਉਸਨੇ ਇੱਕ ਬਿਨ ਮਾਂ-ਬਾਪ ਦੀ ਬੱਚੀ ਪਾਲੀ ਹੈ l ਇੱਕ ਮਾਂ ਜੋ ਸਿਖਿਆ ਆਪਣੀ ਬੱਚੀ ਨੂੰ ਦੇ ਸਕਦੀ ਹੈ, ਉਹ ਕਿਸੇ ਵੀ ਮਰਦ ਦੇ ਲਈ ਬਹੁਤ ਔਖਾ ਕੰਮ ਹੈ l ਪਰ ਫੇਰ ਵੀ ਇੱਕ ਦਾਦਾ ਆਪਣੀ ਪੋਤਰੀ ਨੂੰ ਇੱਕ ਮਾਂ ਬਣਕੇ ਸਮਝਾਉਣਾ ਸ਼ੁਰੂ ਕਰਦਾ ਹੈ ਕਿ ਸਮਾਜ ਵਿੱਚ ਸਿਰਫ ਇੱਕ ਆਪਣਾ ਪਿਓ ਹੀ ਆਪਣਾ ਪਿਓ ਹੁੰਦਾ ਹੈ ਅਤੇ ਆਪਣਾ ਭਰਾ ਹੀ ਆਪਣਾ ਭਰਾ ਹੁੰਦਾ ਹੈ, ਜੋ ਇੱਕ ਲੜਕੀ ਜਾਂ ਔਰਤ ਦੇ ਸਰੀਰ ਵੱਲ ਬੁਰੀ ਨਜ਼ਰ ਨਾਲ ਨਹੀਂ ਵੇਖਦਾ l ਜੇ ਕਿਸੇ ਵੀ ਇਨਸਾਨ ਦੇ ਸਾਹਮਣੇ ਅਸ਼ਲੀਲਤਾ ਪਰੋਸੀ ਜਾਵੇਗੀ ਤਾਂ ਉਸਦੇ ਵਿਚਾਰਾਂ ਉੱਤੇ ਅਸਰ ਪਵੇਗਾ ਹੀ l ਇੱਕ ਲੜਕੀ ਜਿੰਨੀ ਸ਼ਾਲੀਨਤਾ ਦੇ ਦਾਇਰੇ ਵਿੱਚ ਰਹੇਗੀ, ਉੰਨੀ ਹੀ ਸੁਰੱਖਿਅਤ ਰਹੇਗੀ l ਪੋਤਰੀ ਏਨੇ ਸ਼ਬਦ ਸੁਣ ਕੇ ਹੀ ਆਪਣੀ ਗਲਤੀ ਦਾ ਅਹਿਸਾਸ ਕਰਦੀ ਹੋਈ ਆਪਣੇ ਦਾਦੇ ਕੋਲੋਂ ਮਾਫੀ ਮੰਗਦੀ ਹੈ ਅਤੇ ਦਾਦਾ ਪਿਆਰ ਨਾਲ ਉਸਦਾ ਸਿਰ ਪਲੋਸ ਦਿੰਦਾ ਹੈ ਅਤੇ ਉਸਨੂੰ ਕਹਿੰਦਾ ਹੈ ਕਿ ਕਿਸੇ ਵੀ ਪੌਸ਼ਾਕ ਨੂੰ ਪਾਉਣ ਲਈ ਤਰਸਣ ਦੀ ਲੋਡ਼ ਨਹੀਂ, ਬੱਸ ਮਾਹੌਲ ਵੇਖ ਕੇ ਅਤੇ ਸਲੀਕੇ ਨਾਲ ਪਹਿਨ ਲਈ ਜਾਵੇ l ਇਸ ਡਰਾਮੇ ਨੂੰ ਵੇਖ ਕੇ ਮੇਰੇ ਮਨ ਉੱਤੇ ਏਨਾ ਅਸਰ ਹੋਇਆ ਕਿ ਮੈਂ ਗਿਆਰਵੀਂ ਕਲਾਸ ਤੋਂ ਬਾਦ ਕਾਲਜ ਵਿੱਚ ਸਕ੍ਰਟਾਂ ਮਿੱਡੀਆਂ ਪਾਉਣੀਆਂ ਬੰਦ ਕਰ ਦਿੱਤੀਆਂ, ਭਾਵੇਂ ਘਰ ਦੀਆਂ ਹੱਦਾਂ ਅੰਦਰ ਅਤੇ ਪਰਿਵਾਰ ਦੇ ਨਾਲ ਬਾਹਰ ਵੀ ਮੈਂ ਹਰ ਤਰ੍ਹਾਂ ਦੀ ਸਭਿਅਕ ਤਰੀਕੇ ਦੀ ਡਰੈਸ ਪਾਉਂਦੀ ਰਹੀ l ਡਰਾਮੇ ਵਿੱਚ ਇੱਕ ਦਾਦੇ ਵਲੋਂ ਪੋਤਰੀ ਨੂੰ ਸਮਝਾਈ ਗਈ ਗੱਲ ਦਾ ਅਸਰ ਮੇਰੇ ਉੱਤੇ ਇਸ ਲਈ ਹੋਇਆ ਸੀ ਕਿਓਂਕਿ ਇਹ ਰਵਾਇਤੀ ਤੌਰ ਤੇ ਝਿੜਕਾਂ ਦੇ ਕੇ ਜਾਂ ਮਾਰ ਕੁੱਟ ਕੇ ਨਹੀਂ ਸੀ ਸਮਝਾਈ ਗਈ, ਬਲਕਿ ਇਸ ਬਾਰੇ ਪੁਖ਼ਤਾ ਦਲੀਲ ਦਿੱਤੀ ਗਈ ਸੀ ਇੱਕ ਜਵਾਨ ਬੱਚੀ ਨੂੰ l
ਪੁਰਾਣੀਆਂ ਅਦਾਕਾਰਾਂ ਜਾਂ ਹੀਰੋਇਨਾਂ ਦਾ ਰੂਪ, ਜੋ ਕਿ ਸਾੜੀਆਂ, ਸ਼ਰਾਰਿਆਂ -ਗਰਾਰਿਆਂ, ਮੈਕਸੀਆਂ ਆਦਿ ਵਿੱਚ ਦਿੱਸਦਾ ਸੀ, ਉਹਨਾਂ ਪੌਸ਼ਾਕਾਂ ਵਿੱਚ ਸਿਰੇ ਦੀ ਪਵਿੱਤਰਤਾ ਵੀ ਨਜ਼ਰੀਂ ਪੈਂਦੀ ਸੀ ਅਤੇ ਨਾਰੀਤਵ ਦਾ ਸੋਹਪਣ ਵੀ ਡੁੱਲ-ਡੁੱਲ ਪੈਂਦਾ ਸੀ l ਸ਼ਰਾਰੇ, ਗਰਾਰੇ, ਮੈਕਸੀਆਂ ਅਤੇ ਸਾੜੀਆਂ ਹੁਣ ਵੀ ਪਾਈਆਂ ਜਾ ਰਹੀਆਂ ਹਨ, ਪਰ ਓਨਾਂ ਦੇ ਰੂਪ ਵਿਕਰਿਤ ਕਰ ਦਿੱਤੇ ਗਏ ਹਨ l
ਮੀਨਾ ਕੁਮਾਰੀ, ਵਹੀਦਾ ਰਹਿਮਾਨ ਅਤੇ ਮਧੂ ਬਾਲਾ ਦਾ ਸੋਹਪਣ ਸਾਦਗੀ ਭਰੀਆਂ ਪੌਸ਼ਾਕਾਂ ਵਿੱਚ ਸੰਪੂਰਣ ਉਦਾਹਰਣਾਂ ਹਨ l ਕੀ ਅੱਜ ਦੀ ਕੋਈ ਵੀ ਲੜਕੀ ਜਾਂ ਔਰਤ ਕਿਸੇ ਵੀ ਤਰ੍ਹਾਂ ਦੀ ਵਲਗਰ ਡਰੈਸ ਪਾ ਕੇ ਉਨ੍ਹਾਂ ਦੇ ਸੋਹਪਣ ਦਾ ਮੁਕਾਬਲਾ ਜਾਂ ਸਾਹਮਣਾਂ ਕਰ ਸਕਦੀ ਹੈ? ਸੋਹਪਣ ਦੀ ਪਰਿਭਾਸ਼ਾ ਇੱਜ਼ਤ ਦੀ ਪਵਿੱਤਰਤਾ ਦੇ ਨਾਲ ਪੂਰੀ ਤਰ੍ਹਾਂ ਨਾਲ ਜੁੜੀ ਹੋਈ ਹੈ l ਜਿਵੇੰ ਸਮਾਜ ਵਿੱਚ ਰੀਫਾਂਈਂਡ ਤੇਲਾਂ ਦੀ ਭਰਮਾਰ ਦੇ ਨੁਕਸਾਨਾਂ ਨੂੰ ਵੇਖਣ ਤੋਂ ਬਾਅਦ ਦੇਸੀ ਘਿਓ ਅਤੇ ਸਰੋਂ ਦੇ ਤੇਲ ਵੱਲ ਵਾਪਸੀ ਹੋ ਰਹੀ ਹੈ, ਨੋਨਸਟਿਕ ਅਤੇ ਅਲਮੀਨੀਅਮ ਦੇ ਭਾਂਡਿਆਂ ਦੇ ਜ਼ਹਿਰੀਲੇਪਨ ਨੂੰ ਭੋਗਣ ਤੋਂ ਬਾਅਦ ਮਿੱਟੀ ਅਤੇ ਪਿੱਤਲ ਦੇ ਬਰਤਨਾਂ ਦਾ ਰੁਝਾਨ ਵੱਧ ਰਿਹਾ ਹੈ, ਆਸ ਹੈ ਕਿ ਪੌਸ਼ਾਕਾਂ ਦੇ ਨੰਗੇਜ਼ ਅਤੇ ਅਸ਼ਲੀਲਤਾ ਦੇ ਨੁਕਸਾਨ ਵੀ ਇੱਕ ਦਿਨ ਸਮਝ ਲਏ ਜਾਣਗੇ ਅਤੇ ਪੌਸ਼ਾਕਾਂ ਦੀ ਸ਼ਾਲੀਨਤਾ ਅਤੇ ਪਵਿੱਤਰਤਾ ਨੂੰ ਮਹੱਤਤਾ ਦਿੱਤੀ ਜਾਵੇਗੀ ਅਤੇ ਸਮਾਜ ਦੇ ਹੁੰਦੇ ਜਾਂਦੇ ਨਿੱਘਾਰ ਦਾ ਅੰਤ ਹੋ ਕੇ ਰਹੇਗਾ l ਪਰ ਏਸ ਲਈ ਮਾਪਿਆਂ ਅਤੇ ਬਜ਼ੁਰਗਾਂ ਨੂੰ ਬੜਾ ਉਸਾਰੂ ਅਤੇ ਸਕਾਰਾਤਮਕ ਰੋਲ ਅਦਾ ਕਰਣਾ ਪਵੇਗਾ ਅਤੇ ਆਪਣੇ ਬੱਚਿਆਂ ਨੂੰ ਬੜੇ ਢੰਗ ਨਾਲ ਸਮਝਾਉਣਾ ਪਵੇਗਾ l
…✍️ਗੁਰਮੀਤ ਸਚਦੇਵਾ…