‘ਟੂ ਏਕਰਸ ਆਫ਼ ਲੈਂਡ’ ਫ਼ਿਲਮ ਦੀ ਵਾਪਸੀ

‘ਟੂ ਏਕਰਸ ਆਫ਼ ਲੈਂਡ’ ਫ਼ਿਲਮ ਦੀ ਵਾਪਸੀ

ਬਲਰਾਜ ਸਾਹਨੀ ਦੀ ਚਰਚਿਤ ਫ਼ਿਲਮ ‘ਦੋ ਬਿਘਾ ਜ਼ਮੀਨ’ (ਟੂ ਏਕਰਸ ਆਫ਼ ਲੈਂਡ) ਨੂੰ ਵੀਨਸ ਫ਼ਿਲਮ ਫੈਸਟੀਵਲ 2025 ਵਿਚ, ਵਿਸ਼ੇਸ਼ ਸੂਚੀ ਵਿਚ ਕਲਾਸਿਕ ਸ਼੍ਰੇਣੀ ਤਹਿਤ ਬੜੇ ਸਤਿਕਾਰ, ਬੜੇ ਮਾਣ ਨਾਲ ਵਿਖਾਇਆ ਗਿਆ। ਇਹ ਇਕ ਇਤਿਹਾਸਕ, ਮਾਣਮੱਤੀ ਫ਼ਿਲਮ ਸੀ।
‘ਟੂ ਏਕਰਸ ਆਫ਼ ਲੈਂਡ’ ਫ਼ਿਲਮ ਵਿਚ ਉਦਯੋਗੀਕਰਨ ਨਾਲ ਜੂਝ ਰਹੇ ਇਹ ਗਰੀਬ ਕਿਸਾਨ ਦੀ ਦੁਰਦਸ਼ਾ ਨੂੰ ਪੇਸ਼ ਕੀਤਾ ਗਿਆ ਹੈ। ਇਹ ਫ਼ਿਲਮ ਰਵਿੰਦਰਨਾਥ ਟੈਗੋਰ ਦੀ ਕਵਿਤਾ ‘ਦੂਈ ਬੀਗਾ ਜੋਮੀ’ ਅਤੇ ਸੰਗੀਤਕਾਰ ਸਲਿਲ ਚੌਧਰੀ ਦੀ ਲਿਖੀ ਲਘੂ ਕਹਾਣੀ ‘ਰਿਕਸ਼ਾਵਾਲਾ’ਤੇ ਅਧਾਰਿਤ ਸੀ। ਬਲਰਾਜ ਸਾਹਨੀ, ਨਿਰੂਪਾ ਰਾਏ ਅਤੇ ਮੀਨਾ ਕੁਮਾਰੀ ਨੇ ਮੁਖ ਭੂਮਿਕਾਵਾਂ ਨਿਭਾਉਂਦਿਆਂ ਆਪੋ ਆਪਣੇ ਕਿਰਦਾਰ ਵਿਚ ਜਾਨ ਪਾ ਦਿੱਤੀ ਸੀ। 'ਦੋ ਬਿਘਾ ਜ਼ਮੀਨ' ਫ਼ਿਲਮ ਨੂੰ ਉਦੋਂ ਅਨੇਕਾਂ ਪੁਰਸਕਾਰ ਮਿਲੇ ਸਨ। ਕਾਨ੍ਹ ਫ਼ਿਲਮ ਉਤਸਵ ਵਿਚ ‘ਪ੍ਰਿਕਸ ਇੰਟਰਨੈਸ਼ਨਲ' ਜਿੱਤਣ ਵਾਲੀ ਇਹ ਪਹਿਲੀ ਭਾਰਤੀ ਫ਼ਿਲਮ ਸੀ। ਬਿਹਤਰੀਨ ਫ਼ਿਲਮ ਅਤੇ ਬਿਹਤਰੀਨ ਨਿਰਦੇਸ਼ਕ ਫ਼ਿਲਮ ਫੇਅਰ ਐਵਾਰਡ ਵੀ ਇਸਨੇ ਜਿੱਤੇ ਸਨ। ਫ਼ਿਲਮ ਦੀ ਕਹਾਣੀ ਜਜ਼ਬਾਤੀ ਹੈ। ਛੋਟੇ ਜਿਹੇ ਪਿੰਡ ਵਿਚ ਦੋ ਏਕੜ ਜ਼ਮੀਨ ਦੇ ਮਾਲਕ ਇਕ ਗਰੀਬ ਕਿਸਾਨ ਸ਼ੰਭੂ ਦੇ ਇਰਦ ਗਿਰਦ ਘੁੰਮਦੀ ਹੈ। ਜਦੋਂ ਇਕ ਅਮੀਰ ਜ਼ਿਮੀਂਦਾਰ ਸ਼ਹਿਰ ਦੇ ਕਾਰੋਬਾਰੀਆਂ ਨਾਲ ਮਿਲਕੇ ਵਧੇਰੇ ਮੁਨਾਫ਼ਾ ਕਮਾਉਣ ਦੀ ਲਾਲਸਾ ਤਹਿਤ ਉਸਦੀ ਜ਼ਮੀਨ 'ਤੇ ਕਾਰਖ਼ਾਨਾ ਬਨਾਉਣ ਦੀ ਯੋਜਨਾ ਉਲੀਕਦਾ ਹੈ। ਸ਼ੰਭੂ ਦੀ ਜ਼ਮੀਨ ਉਸ ਕੋਲ ਗਿਰਵੀ ਸੀ। ਜਾਂ ਤਾਂ ਉਹ ਤਿੰਨ ਮਹੀਨੇ ਵਿਚ ਕਰਜ਼ਾ ਅਦਾ ਕਰੇ ਜਾਂ ਫਿਰ ਜ਼ਮੀਨ ਉਸਦੇ ਹੱਥੋਂ ਚਲੀ ਜਾਏਗੀ। ਇਸ ਸਥਿਤੀ ਵਿਚ ਪ੍ਰੇਸ਼ਾਨ ਹੋ ਕੇ ਸ਼ੰਭੂ ਆਪਣੇ ਛੋਟੇ ਲਕੇ ਕਨੱਈਆ ਨਾਲ ਪੈਸੇ ਕਮਾਉਣ ਲਈ ਕਲਕੱਤਾ ਚਲਾ ਜਾਂਦਾ ਹੈ। ਉਹ ਹੱਥ ਨਾਲ ਚਲਾਉਣ ਵਾਲਾ ਰਿਕਸ਼ਾ ਚਾਲਕ ਬਣ ਜਾਂਦਾ ਹੈ। ਪਰੰਤੂ ਉਹ ਏਨੇ ਪੈਸੇ ਇਕੱਠੇ ਨਹੀਂ ਕਰ ਪਾਉਂਦਾ। ਲੋਕ ਆਪਣੀ ਮੰਜ਼ਿਲ 'ਤੇ ਜਲਦੀ ਪਹੁੰਚਣ ਲਈ ਉਸਨੂੰ ਵੱਧ ਪੈਸੇ ਦੇਣ ਦਾ ਲਾਲਚ ਦੇ ਕੇ ਤੇਜ਼ ਚੱਲਣ ਲਈ ਕਹਿੰਦੇ ਹਨ। ਉਹ ਤੇਜ਼ ਦੌੜਦਾ ਹੈ, ਹਫ਼ਦਾ ਹੈ ਅਤੇ ਆਖਿਰ ਉਹ ਇਸ ਦੌੜਦੀ ਭੱਜਦੀ ਜ਼ਿੰਦਗੀ ਦਾ ਸ਼ਿਕਾਰ ਹੋ ਜਾਂਦਾ ਹੈ। ਜਦ ਉਹ ਵਾਪਿਸ ਆਉਂਦਾ ਹੈ ਤਾਂ ਉਸਦੀ ਜ਼ਮੀਨ ਵਿਕ ਚੁੱਕੀ ਹੁੰਦੀ ਹੈ ਅਤੇ ਪਿਤਾ ਪਾਗਲ ਹੋ ਚੁੱਕਾ ਹੁੰਦਾ ਹੈ। ਉਹ ਆਪਣੀ ਜ਼ਮੀਨ ਵਿਚੋਂ ਇਕ ਮੁੱਠੀ ਮਿੱਟੀ ਲੈਣੀ ਚਾਹੁੰਦਾ ਹੈ, ਉਸਨੂੰ ਉਹ ਵੀ ਨਹੀਂ ਮਿਲਦੀ। ਕਹਾਣੀ ਸਮੇਂ ਦੀ ਹਕੀਕਤ ਬਿਆਨ ਕਰਦੀ ਸੀ। ਕਿਰਦਾਰ ਨੂੰ ਯਥਾਰਥਕ ਬਨਾਉਣ ਲਈ ਸਾਰੀ ਫ਼ਿਲਮ ਵਿਚ ਬਲਰਾਜ ਸਾਹਨੀ ਨੇ ਖੁਦ ਰਿਕਸ਼ਾ ਚਲਾਇਆ ਸੀ। ਇਕ ਗਰੀਬ ਕਿਸਾਨ ਦੇ ਸੋਸ਼ਨ ਦੀ ਇਸ ਦੁਖਾਂਤਕ ਕਹਾਣੀ ਨੇ ਦਰਸ਼ਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਦੇਸ਼ ਦੀ ਅਜ਼ਾਦੀ ਉਪਰੰਤ ਕਦੀ ਦਹਾਕਿਆਂ ਤੱਕ ਹਿੰਦੀ ਸਿਨੇਮਾ ਵਿਚ ਗਰੀਬੀ, ਕਿਸਾਨਾਂ ਦੀ ਹਾਲਤ ਅਤੇ ਸੋਸ਼ਨ ਦੀ ਪੇਸ਼ਕਾਰੀ ਹੁੰਦੀ ਰਹੀ। ਕਲਾ ਨੂੰ, ਫ਼ਿਲਮਾਂ ਨੂੰ ਸਮਾਜ ਦਾ ਦਰਪਨ ਕਿਹਾ ਜਾਂਦਾ ਹੈ। ਇਸੇ ਲਈ ਖੇਤੀ ਪ੍ਰਧਾਨ ਦੇਸ਼ ਵਿਚ ਕਿਸਾਨਾਂ ਦੀ ਬਦਹਾਲੀ ਅਤੇ ਗਰੀਬੀ ਦੇ ਵਿਸ਼ੇ 'ਤੇ ਬਹੁਤ ਸਾਰੀਆਂ ਟੁੰਬਣ ਵਾਲੀਆਂ ਫ਼ਿਲਮਾਂ ਬਣੀਆਂ। 'ਦੋ ਬਿਘਾ ਜ਼ਮੀਨ ਫ਼ਿਲਮ ਨੂੰ ਭਾਰਤ ਵਿਚ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿਚੋਂ ਪ੍ਰਸੰਸਾ ਮਿਲੀ ਸੀ। ਇਸਨੂੰ ਹੁਣ ਤੱਕ ਦੀ ਸਰਵਸ੍ਰੇਸ਼ਟ ਭਾਰਤੀ ਫ਼ਿਲਮ ਮੰਨਿਆ ਜਾਂਦਾ ਹੈ ਜਿਸਨੇ ਸਮਾਜਕ ਵਾਸਤਵਿਕਤਾ ਨੂੰ ਮੂਲ ਰੂਪ ਵਿਚ ਪੇਸ਼ ਕੀਤਾ ਹੈ। ਇਸ ਵਿਚ ਨਾਟਕੀਅਤਾ ਅਤੇ ਕਲਪਨਾ ਦਾ ਅੰਸ਼ ਨਾਮਾਤਰ ਹੈ ਫਿਰ ਵੀ ਇਹ ਦਰਸ਼ਕਾਂ ਦੀ ਆਤਮਾ ਨੂੰ ਝੰਜੋੜ ਜਾਂਦੀ ਹੈ। ਆਪੋ ਆਪਣੀਆਂ ਭੂਮਿਕਾਵਾਂ ਵਿਚ ਬਹੁਤੇ ਅਦਾਕਾਰ ਅਸਲੀ ਵਿਅਕਤੀ ਹੀ ਲੱਗਦੇ ਹਨ।

ਬਲਰਾਜ ਸਾਹਨੀ ਆਪਣੇ ਕਿਰਦਾਰ ਨੂੰ ਸਮਝਣ ਲਈ ਅਤੇ ਉਸ ਨਾਲ ਇਕਮਿਕ ਹੋਣ ਲਈ ਫ਼ਿਲਮ ਦੀ ਸ਼ੂਟਿੰਗ ਸ਼ੂ ਹੋਣ ਤੋਂ ਪਹਿਲਾਂ ਕਲਕੱਤਾ ਦੀਆਂ ਸੜਕਾਂ ‘ਤੇ ਰਿਕਸ਼ਾ ਚਲਾਉਂਦੇ ਰਹੇ। ਰਿਕਸ਼ਾ ਚਲਾਉਣ ਵਾਲਿਆਂ ਵਿਚ ਰਹਿੰਦੇ ਰਹੇ। ਉਨ੍ਹਾਂ ਨਾਲ ਗੱਲਬਾਤ ਕਰਦੇ ਰਹੇ ਤਾਂ ਜੋ ਕਿਰਦਾਰ ਦੀ ਰੂਹ ਤੱਕ ਪਹੁੰਚ ਸਕਣ।

ਇਹ ਵੀ ਕਿਹਾ ਜਾਂਦਾ ਹੈ ਕਿ ਇਹ ਇਟਲੀ ਦੀ ਇਕ ਫ਼ਿਲਮ ਤੋਂ ਪ੍ਰਭਾਵਤ ਹੋ ਕੇ ਬਣਾਈ ਗਈ ਸੀ ਅਤੇ ਉਸਦੀ ਸਫ਼ਲਤਾ ਨੂੰ ਵੇਖਦੇ ਹੋਏ ਭਾਰਤੀ ਸਿਨੇਮਾ ਵਿਚ ਯਥਾਰਥਵਾਦ ਨੂੰ ਪੇਸ਼ ਕੀਤਾ ਗਿਆ ਸੀ। ਦਿਹਾਤੀ ਭਾਰਤ ਅਤੇ ਸ਼ਹਿਰੀਕਰਨ ਦੀ ਵਾਸਤਵਿਕਤਾ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਸਾਨਾਂ ਦੀਆਂ ਸਮਸਿਆਵਾਂ ਅਤੇ ਮਾਨਸਿਕਤਾ ਨੂੰ ਉਭਾਰਿਆ ਗਿਆ ਸੀ ਜਿਹੜੇ ਆਪਣੀ ਜ਼ਮੀਨ ਗਵਾ ਬੈਠਦੇ ਹਨ।

ਭਾਰਤ ਵਿਚ ਇਸ ਫ਼ਿਲਮ ਨੂੰ ਸਿਨੇਮਾ ਖੇਤਰ ਵਿਚ ‘ਨਵੀਂ ਲਹਿਰ’ ਕਰਾਰ ਦਿੱਤਾ ਗਿਆ। ਇਸਨੇ ਬਹੁਤ ਸਾਰੇ ਭਾਰਤੀ ਫ਼ਿਲਮਕਾਰਾਂ ਨੂੰ ਪ੍ਰਭਾਵਿਤ ਤੇ ਪ੍ਰੇਰਿਤ ਕੀਤਾ। ਜਿਨ੍ਹਾਂ ਵਿਚ ਸਤਿਆਜੀਤ ਰੇਅ ਅਤੇ ਮ੍ਰਿਣਾਲ ਸੇਨ ਆਦਿ ਸ਼ਾਮਿਲ ਸਨ।

ਫ਼ਿਲਮ ਵਿਚ ਲਹਿਰੀਕਰਨ ਦੇ ਦੁਰਪ੍ਰਭਾਵਾਂ ਅਤੇ ਕਿਸਾਨੀ ਸੰਘਰਸ਼ ਨੂੰ ਦੁਖਾਂਤਕ ਤੇ ਪ੍ਰਭਾਵੀ ਢੰਗ ਨਾਲ ਦਰਸਾਇਆ ਗਿਆ ਹੈ। ਫ਼ਿਲਮ ਮੁੰਬਈ ਵਿਚ ਬਣੀ ਸੀ ਪਰ ਗੱਲ ਖੇਤਾਂ ਦੀ, ਕਿਸਾਨਾਂ ਦੀ ਕਰਦੀ ਸੀ। ਇਸਦਾ ਦਰਸ਼ਕ-ਮਨ ‘ਤੇ ਪ੍ਰਭਾਵ ਅਜਿਹਾ ਪੈਂਦਾ ਸੀ ਕਿ ਇਸਨੂੰ ਇਕ ਅਨੋਖੀ ਫ਼ਿਲਮ ਕਿਹਾ ਗਿਆ। ਬਿਮਲ ਰਾਏ ਦੀ ਇਸ ਫ਼ਿਲਮ ਨੂੰ ਦੁਨੀਆਂ ਦੇਖਦੀ ਰਹਿ ਗਈ ਸੀ। ਬਹੁਤ ਸਾਰੇ ਹਿੰਦੀ ਫ਼ਿਲਮਾਂ ਦੇ ਚੋਟੀ ਦੇ ਅਦਾਕਾਰਾਂ ਨੂੰ ਅਫ਼ਸੋਸ ਹੈ ਕਿ ਉਨ੍ਹਾਂ ਨੂੰ ਬਿਮਲ ਰਾਏ ਦੀ ਕਿਸੇ ਫ਼ਿਲਮ ਵਿਚ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ। ਬਿਮਲ ਰਾਏ ਨੇ ਆਪਣੀਆਂ ਵਧੇਰੇ ਫ਼ਿਲਮਾਂ ਰਾਹੀਂ ਮਨੁੱਖੀ ਸਰੋਕਾਰਾਂ ਨਾਲ ਜੁੜੇ ਮੁੱਦਿਆਂ ਨੂੰ ਵਿਖਾਇਆ। ‘ਦੋ ਬਿਘਾ ਜ਼ਮੀਨ ਨੇ ਬਿਮਲ ਰਾਏ ਨੂੰ ਸ਼ੁਹਰਤ ਦੀ ਸਿਖ਼ਰ ‘ਤੇ ਪਹੁੰਚਾ ਦਿੱਤਾ ਸੀ। ਫ਼ਿਲਮ ਵੇਖਣ ਬਾਅਦ ਰਾਜਕਪੂਰ ਨੇ ਕਿਹਾ ਸੀ, “ਇਸ ਫ਼ਿਲਮ ਨੂੰ ਮੈਂ ਕਿਉਂ ਨਹੀਂ ਬਣਾ ਸਕਿਆ?”

ਪ੍ਰੋ. ਕੁਲਬੀਰ ਸਿੰਘ
9417153513