
ਨਿਊਯਾਰਕ, 21 ਅਗਸਤ ( ਰਾਜ ਗੋਗਨਾ )- ਅਮਰੀਕਾ ਚ’ ਤਿੰਨ ਲੋਕਾਂ ਨੂੰ ਮਾਰਨ ਵਾਲੇ ਹਰਜਿੰਦਰ ਸਿੰਘ ਨੇ ਅੰਗਰੇਜ਼ੀ ਭਾਸ਼ਾ ਦੇ ਟੈਸਟ ਵਿੱਚ ਪੁੱਛੇ ਗਏ 12 ਸਵਾਲਾਂ ਵਿੱਚੋਂ ਸਿਰਫ਼ ਦੋ ਦੇ ਹੀ ਸਹੀ ਜਵਾਬ ਦਿੱਤੇ। ਅਤੇ ਚਾਰ ਟ੍ਰੈਫਿਕ ਚਿੰਨ੍ਹਾਂ ਵਿੱਚੋਂ ਸਿਰਫ਼ ਇੱਕ ਦੀ ਹੀ ਪਛਾਣ ਕਰ ਸਕਿਆ, ਭਾਰਤੀ ਮੂਲ ਦਾ ਹਰਜਿੰਦਰ ਸਿੰਘ, ਇੱਕ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀ ਟਰੱਕ ਡਰਾਈਵਰ, ਜਿਸ ਨੇ ਅਮਰੀਕਾ ਦੇ ਫਲੋਰੀਡਾ ਰਾਜ ਦੇ ਹਾਈਵੇਅ ‘ਤੇ ਟ੍ਰੈਫਿਕ ਨਿਯਮ ਤੋੜਦੇ ਹੋਏ ਅਤੇ ਯੂ-ਟਰਨ ਲੈਂਦੇ ਹੋਏ ਤਿੰਨ ਲੋਕਾਂ ਦੀ ਜਾਨ ਲੈ ਲਈ ਸੀ, ਇਸ ਸਮੇਂ ਰਿਪਬਲਿਕਨ ਅਤੇ ਡੈਮੋਕ੍ਰੇਟਸ ਵਿਚਕਾਰ ਚੱਲ ਰਹੇ ਟਕਰਾਅ ਦਾ ਕੇਂਦਰ ਬਣਦਾ ਜਾ ਰਿਹਾ ਹੈ, ਅਤੇ ਹੁਣ ਉਸ ਬਾਰੇ ਕੁਝ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਹਰਜਿੰਦਰ ਸਿੰਘ ਦਾ ਬੀਤੀ 12 ਅਗਸਤ ਨੂੰ ਹਾਦਸਾ ਹੋਇਆ ਸੀ ਅਤੇ ਉਹ ਇਸ ਸਮੇਂ ਜੇਲ੍ਹ ਵਿੱਚ ਹੈ। ਜਿਸ ਡਰਾਈਵਿੰਗ ਲਾਇਸੈਂਸ ‘ਤੇ ਹਰਜਿੰਦਰ ਸਿੰਘ 18 ਪਹੀਆ ਵਾਹਨ ਵਾਲਾ ਟਰੱਕ ਚਲਾ ਰਿਹਾ ਸੀ, ਉਹ ਡੈਮੋਕ੍ਰੇਟਿਕ ਸਟੇਟ ਆਫ਼ ਕੈਲੀਫੋਰਨੀਆ ਦੁਆਰਾ ਜਾਰੀ ਕੀਤਾ ਗਿਆ ਸੀ। ਸਵਾਲ ਹੁਣ ਇਹ ਖੜਾ ਜੋ ਗਿਆ ਹੈ ਕਿ ਹਰਜਿੰਦਰ ਸਿੰਘ ਨੂੰ ਅਮਰੀਕਾ ਵਿੱਚ ਅੰਗਰੇਜ਼ੀ ਨਾ ਆਉਣ ਦੇ ਬਾਵਜੂਦ ਟਰੱਕ ਲਾਇਸੈਂਸ ਕਿਵੇਂ ਮਿਲਿਆ? ਹਰਜਿੰਦਰ ਸਿੰਘ ਇਸ ਸਮੇਂ ਵਾਹਨ ਹੱਤਿਆ ਦੇ ਤਿੰਨ ਮਾਮਲਿਆਂ ਵਿੱਚ ਜੇਲ੍ਹ ਵਿੱਚ ਹੈ ਅਤੇ ਉਸ ਨੂੰ ਆਈ.ਸੀ•ਸੀ ਦੁਆਰਾ ਹਿਰਾਸਤ ਵਿੱਚ ਲਿਆ ਗਿਆ ਹੈ।
ਜੇਕਰ ਉਸਨੂੰ ਹਾਦਸੇ ਦੇ ਮਾਮਲੇ ਵਿੱਚ ਜ਼ਮਾਨਤ ਮਿਲ ਜਾਂਦੀ ਹੈ, ਤਾਂ ਵੀ ਆਈ.ਸੀ.ਈ ਉਸ ਨੂੰ ਇਮੀਗ੍ਰੇਸ਼ਨ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕਰੇਗੀ, ਅਤੇ ਉਸ ਨੂੰ ਦੁਬਾਰਾ ਗ੍ਰਿਫਤਾਰ ਕਰੇਗੀ। ਡੀ.ਐਚ.ਐਸ ਨੇ ਇੱਥੋਂ ਤੱਕ ਕਿਹਾ ਹੈ ਕਿ ਹਰਜਿੰਦਰ ਨੂੰ ਦੁਬਾਰਾ ਅਮਰੀਕਾ ਵਿੱਚ ਖੁੱਲ੍ਹ ਕੇ ਘੁੰਮਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾਵੇਗੀ। ਦੂਜੇ ਪਾਸੇ, ਹਰਜਿੰਦਰ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਅੰਗਰੇਜ਼ੀ ਭਾਸ਼ਾ ਦਾ ਟੈਸਟ ਅਤੇ ਰੋਡ ਸਾਈਨ ਟੈਸਟ ਦਿੱਤਾ ਗਿਆ। ਅਮਰੀਕੀ ਆਵਾਜਾਈ ਵਿਭਾਗ ਦੇ ਅਨੁਸਾਰ, ਹਰਜਿੰਦਰ ਨੇ ਇਨ੍ਹਾਂ ਦੋਵਾਂ ਟੈਸਟਾਂ ਵਿੱਚ ਬਹੁਤ ਮਾੜਾ ਪ੍ਰਦਰਸ਼ਨ ਕੀਤਾ। ਉਹ ਅੰਗਰੇਜ਼ੀ ਟੈਸਟ ਦੇ 12 ਸਵਾਲਾਂ ਵਿੱਚੋਂ ਸਿਰਫ਼ 2 ਦੇ ਹੀ ਸਹੀ ਜਵਾਬ ਦੇ ਸਕਿਆ, ਜਦੋਂ ਕਿ ਉਹ ਟ੍ਰੈਫਿਕ ਨਿਯਮਾਂ ਨਾਲ ਸਬੰਧਤ ਚਾਰ ਸੰਕੇਤਾਂ ਵਿੱਚੋਂ ਸਿਰਫ਼ ਇੱਕ ਨੂੰ ਹੀ ਪਛਾਣ ਸਕਿਆ ਜੋ ਉਸ ਨੂੰ ਦਿਖਾਏ ਗਏ ਸਨ। ਇਸ ਦਾ ਮਤਲਬ ਹੈ ਕਿ ਹਰਜਿੰਦਰ ਸਿੰਘ ਜੋ ਕਿ 18 ਪਹੀਆ ਵਾਹਨ ਵਾਲਾ ਟਰੱਕ ਚਲਾਉਂਦਾ ਹੈ, ਨਾ ਤਾਂ ਅੰਗਰੇਜ਼ੀ ਬੋਲਦਾ ਹੈ ਅਤੇ ਨਾ ਹੀ ਉਸਨੂੰ ਟ੍ਰੈਫਿਕ ਸੰਕੇਤਾਂ ਬਾਰੇ ਕੁਝ ਪਤਾ ਹੈ। ਜਿਸ ਥਾਂ ‘ਤੇ ਉਸਦਾ ਹਾਦਸਾ ਹੋਇਆ ਸੀ, ਉੱਥੇ ਇੱਕ ਸਾਈਨ ਸੀ ਜਿਸ ਤੋਂ ਪਤਾ ਲੱਗਦਾ ਸੀ ਕਿ ਯੂ-ਟਰਨ ਦੀ ਮਨਾਹੀ ਹੈ। ਅਤੇ ਇਸ ਦੇ ਹੇਠਾਂ ਸਿਰਫ਼ ਅਧਿਕਾਰਤ ਵਰਤੋਂ ਵੀ ਲਿਖਿਆ ਹੋਇਆ ਸੀ। ਹਾਲਾਂਕਿ, ਹਰਜਿੰਦਰ ਸਿੰਘ ਨੇ ਇਸ ਸਾਈਨ ਵੱਲ ਧਿਆਨ ਨਹੀਂ ਦਿੱਤਾ ਹੋਵੇਗਾ ਜਾਂ ਇਹ ਸੰਭਵ ਹੈ ਕਿ ਸਾਈਨ ਦੇਖਣ ਤੋਂ ਬਾਅਦ ਵੀ, ਉਹ ਅੰਗਰੇਜ਼ੀ ਜਾਂ ਟ੍ਰੈਫਿਕ ਚਿੰਨ੍ਹ ਨਹੀਂ ਸਮਝ ਸਕਿਆ।
ਹਾਲਾਂਕਿ, ਹੁਣ ਸਵਾਲ ਇਹ ਹੈ ਕਿ ਹਰਜਿੰਦਰ, ਜਿਸਨੂੰ ਅੰਗਰੇਜ਼ੀ ਅਤੇ ਟ੍ਰੈਫਿਕ ਚਿੰਨ੍ਹਾਂ ਦਾ ਕੋਈ ਗਿਆਨ ਨਹੀਂ ਸੀ, ਨੂੰ ਕੈਲੀਫੋਰਨੀਆ ਅਤੇ ਵਾਸ਼ਿੰਗਟਨ ਰਾਜ ਤੋਂ ਟਰੱਕ ਚਲਾਉਣ ਦਾ ਲਾਇਸੈਂਸ ਕਿਵੇਂ ਮਿਲਿਆ? ਸੰਘੀ ਕਾਨੂੰਨ ਅਨੁਸਾਰ ਬਿਨੈਕਾਰਾਂ ਨੂੰ ਲੋਕਾਂ ਨਾਲ ਗੱਲਬਾਤ ਕਰਨ ਅਤੇ ਟ੍ਰੈਫਿਕ ਸੰਕੇਤਾਂ ਨੂੰ ਸਮਝਣ ਲਈ ਕਾਫ਼ੀ ਚੰਗੀ ਤਰ੍ਹਾਂ ਅੰਗਰੇਜ਼ੀ ਬੋਲਣੀ ਆਉਣੀ ਚਾਹੀਦੀ ਹੈ। ਹਾਲਾਂਕਿ, ਹਰਜਿੰਦਰ ਕਾਫ਼ੀ ਚੰਗੀ ਤਰ੍ਹਾਂ ਅੰਗਰੇਜ਼ੀ ਨਹੀਂ ਬੋਲਦਾ ਸੀ। ਕੈਲੀਫੋਰਨੀਆ ਵਿੱਚ, ਟਰੱਕ ਡਰਾਈਵਰ ਲਾਇਸੈਂਸ ਟੈਸਟ ਅੰਗਰੇਜ਼ੀ ਵਿੱਚ ਲਿਆ ਜਾਂਦਾ ਹੈ, ਪਰ ਹਰਜਿੰਦਰ ਚੰਗੀ ਤਰ੍ਹਾਂ ਬੋਲਣ ਅਤੇ ਪੜ੍ਹਨ ਦੇ ਬਾਵਜੂਦ ਆਪਣਾ ਲਾਇਸੈਂਸ ਪ੍ਰਾਪਤ ਕਰਨ ਦੇ ਯੋਗ ਸੀ, ਅਤੇ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਲਾਇਸੈਂਸ ਕਿਵੇਂ ਜਾਰੀ ਕੀਤਾ ਗਿਆ। ਆਵਾਜਾਈ ਸਕੱਤਰ ਸ਼ੌਨ ਡਫੀ ਨੇ ਹਾਦਸੇ ‘ਤੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਤੋਂ ਬਚਿਆ ਜਾ ਸਕਦਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਮੀਗ੍ਰੇਸ਼ਨ ਨੀਤੀ ਅਤੇ ਲਾਗੂ ਨਾ ਹੋਣ ਕਾਰਨ ਟਰੱਕਿੰਗ ਇੰਡਸਟਰੀ ਵਿੱਚ ਕਾਨੂੰਨ ਦੀ ਸਹੀ ਢੰਗ ਨਾਲ ਪਾਲਣਾ ਨਹੀਂ ਕੀਤੀ ਜਾਂਦੀ ਅਤੇ ਇਸ ਕਾਰਨ ਕੋਈ ਵੀ ਵਿਦੇਸ਼ੀ ਡਰਾਈਵਰ 40 ਟਨ ਦਾ ਟਰੱਕ ਚਲਾਉਣ ਦਾ ਲਾਇਸੈਂਸ ਪ੍ਰਾਪਤ ਕਰ ਸਕਦਾ ਹੈ। ਜਦੋਂ ਹਰਜਿੰਦਰ ਨੇ ਮੋੜ ਲਿਆ ਤਾਂ ਪੂਰਾ ਚਾਰ-ਮਾਰਗੀ ਹਾਈਵੇਅ ਉਸ ਦੇ ਟ੍ਰੇਲਰ ਦੁਆਰਾ ਬੰਦ ਕਰ ਦਿੱਤਾ ਗਿਆ ਅਤੇ ਉਸੇ ਸਮੇਂ ਪੂਰੀ ਰਫ਼ਤਾਰ ਨਾਲ ਚੱਲ ਰਹੀ ਇੱਕ ਮਿੰਨੀ ਵੈਨ ਉਸ ਵਿੱਚ ਦਾਖਲ ਹੋ ਗਈ। ਹਾਦਸੇ ਸਮੇਂ ਟਰੱਕ ਦੇ ਕੈਬਿਨ ਦੀ ਸੀਸੀਟੀਵੀ ਫੁਟੇਜ ਵੀ ਵਾਇਰਲ ਹੋਈ ਸੀ, ਇਸ ਵੀਡੀਓ ਵਿੱਚ ਹਰਜਿੰਦਰ ਦੇ ਚਿਹਰੇ ‘ਤੇ ਤਿੰਨ ਲੋਕਾਂ ਦੀ ਮੌਤ ‘ਤੇ ਕੋਈ ਪਛਤਾਵਾ ਨਹੀਂ ਸੀ ਅਤੇ ਉਸਦੇ ਵਿਵਹਾਰ ਨੂੰ ਡੀਐਚਐਸ ਨੇ ਵੀ ਨੋਟ ਕੀਤਾ ਹੈ। ਜਦੋਂ 2018 ਵਿੱਚ ਹਰਜਿੰਦਰ ਨੂੰ ਮੈਕਸੀਕੋ ਸਰਹੱਦ ‘ਤੇ ਫੜਿਆ ਗਿਆ ਸੀ, ਤਾਂ ਟਰੰਪ ਪ੍ਰਸ਼ਾਸਨ ਨੇ ਉਸਨੂੰ ਦੇਸ਼ ਨਿਕਾਲਾ ਦੇਣ ਦੀ ਤਿਆਰੀ ਕੀਤੀ ਸੀ, ਪਰ ਜਨਵਰੀ 2019 ਵਿੱਚ, ਉਸਨੂੰ ਪੰਜ ਹਜ਼ਾਰ ਡਾਲਰ ਦੇ ਬਾਂਡ ‘ਤੇ ਰਿਹਾਅ ਕਰ ਦਿੱਤਾ ਗਿਆ ਸੀ। 2019 ਵਿੱਚ, ਉਸ ਨੇ ਇੱਕ ਕਹਾਣੀ ਵੀ ਦੱਸੀ ਸੀ ਕਿ ਭਾਰਤ ਵਿੱਚ ਉਸਦੀ ਜਾਨ ਨੂੰ ਖ਼ਤਰਾ ਹੈ, ਅਤੇ ਇਸ ਕਾਰਨ ਦਾ ਹਵਾਲਾ ਦਿੰਦੇ ਹੋਏ, ਉਸ ਨੇ ਸ਼ਰਨ ਮੰਗੀ ਸੀ, ਜਿਸਦਾ ਕੇਸ ਅਜੇ ਵੀ ਚੱਲ ਰਿਹਾ ਹੈ।
ਹਾਲਾਂਕਿ, 2019 ਵਿੱਚ ਪੰਜ ਹਜ਼ਾਰ ਦੇ ਬਾਂਡ ‘ਤੇ ਰਿਹਾਅ ਹੋਣ ਤੋਂ ਬਾਅਦ, ਟਰੰਪ ਪ੍ਰਸ਼ਾਸਨ ਨੇ ਉਸਨੂੰ ਵਰਕ ਪਰਮਿਟ ਨਹੀਂ ਦਿੱਤਾ, ਜਦੋਂ ਕਿ 2021 ਵਿੱਚ, ਹਰਜਿੰਦਰ ਸਿੰਘ ਵਰਕ ਪਰਮਿਟ ਪ੍ਰਾਪਤ ਕਰਨ ਵਿੱਚ ਸਫਲ ਹੋ ਗਿਆ। ਪਰਮਿਟ ਪ੍ਰਾਪਤ ਕਰਨ ਤੋਂ ਬਾਅਦ, ਹਰਜਿੰਦਰ ਨੇ 2023 ਵਿੱਚ ਵਾਸ਼ਿੰਗਟਨ ਰਾਜ ਤੋਂ ਲਾਇਸੈਂਸ ਪ੍ਰਾਪਤ ਕੀਤਾ ਅਤੇ 2024 ਵਿੱਚ, ਉਸਨੇ ਕੈਲੀਫੋਰਨੀਆ ਦਾ ਲਾਇਸੈਂਸ ਪ੍ਰਾਪਤ ਕੀਤਾ। ਹਰਜਿੰਦਰ ਨੂੰ ਪਿਛਲੇ ਸ਼ਨੀਵਾਰ ਨੂੰ ਯੂਐਸ ਮਾਰਸ਼ਲਾਂ ਨੇ ਗ੍ਰਿਫਤਾਰ ਕਰ ਲਿਆ ਸੀ, ਅਤੇ ਹੁਣ ਉਸਦੇ ਲਈ ਬਾਂਡ ਪ੍ਰਾਪਤ ਕਰਨਾ ਲਗਭਗ ਅਸੰਭਵ ਹੈ।