
ਲਉ ਬਈ ਮਿੱਤਰੋ, ਗੁਰ-ਫਤਹਿ, ਬੁਲਾਓ! ਅਸੀਂ ਪੰਜਾਬ ਚ ਬੁੱਲੇ ਲੁੱਟਦੇ ਹਾਂ। ਪ੍ਰਮਾਤਮਾ ਤੁਹਾਡੇ ਵੀ ਝੰਡੇ ਝੁਲਾਏ। ਸੋਸ਼ਲ ਮੀਡੀਆ ਦੀ ਆਜ਼ਾਦੀ ਦੇ ਨਤੀਜੇ ਆ ਰਹੇ ਹਨ। ਹਰ ਪਾਸੇ ਲੜਾਈ ਕਰਕੇ ਦੇਸ਼ ਭਗਤੀ ਦਾ ਰਾਗ ਚੱਲ ਰਿਹੈ। ਬੱਸ ਅੱਡੇ ਤੋਂ ਸਿਕੰਦਰ ਬਾਈ ਕੇ ਘਰ ਤੱਕ ਲਾਏ ‘ਮੰਦਰ ਕਲੱਬ
ਦੇ ਬੂਟੇ ਵੱਧ ਰਹੇ ਹਨ। ਛੱਪੜ ਦੀ ਗਾਰ ਕੱਢ ਕੇ ਸਕੂਲ ਗਰਾਊਂਡ ਬਣਾ ਦਿੱਤਾ ਹੈ। ਅੱਗੇ ਖ਼ਾਸ ਸਮਾਚਾਰ ਇਹ ਹੈ ਕਿ ਕੱਲ੍ਹ ਦਿਨ ਚੜ੍ਹਦੇ ਨਾਲ ਹੀ ‘ਬੈਟਰੀ-ਰਿਕਸ਼ਾਉੱਤੇ ਸਵਾਰ ਡਮਕ-ਡਮਕ ਆਲੇ ਆ ਗਏ। ਪੁੱਛ-ਪੁਛਾ ਕੇ ਭੋਪਿਆਂ ਦੇ ਘਰੇ ਵੜ ਗਏ। ਰੌਣਕ ਵੇਖਣ ਦਾ ਮਾਰਾ, ਫੱਤੂ ਉਨ੍ਹਾਂ ਕੋਲ ਗਿਆ। ਬਾਹਰ ਖੰਜਰੀ ਵਜਾਉਣ ਵਾਲੇ ਬੰਦੇ ਨਾਲ, ਗੱਲੀਂ-ਬਾਤੀਂ ਜੁੱਟ ਗਿਆ। ਅਮਰੇ ਭੋਪੇ ਦੇ, ਮੁੰਡੇ ਦੇ ਵਿਆਹ ਬਾਰੇ ਸਰਸਰੀ ਪੁੱਛ-ਗਿੱਛ ਹੋਈ।
ਭੋਪਾ ਦੋ-ਤਿੰਨ ਵਾਰ ਘਬਰਾਇਆ ਜਾ ਫ਼ੋਨ ਕਰਦਾ-ਕਰਦਾ, ਅੰਦਰ-ਬਾਹਰ ਗਿਆ। “ਬਾਈ ਤੁਸੀਂ ਨਾ ਡਮਕ-ਡਮਕ ਕੀਤੀ ਐ, ਨਾ ਢੋਲਕੀ ਤੇ ਥਾਪ ਦਿੱਤੀ, ਆਂਏਂ ਕਿਵੇਂ ਲੋਕਾਂ ਨੂੰ ਪਤਾ ਲੱਗੂ ਬਈ ਤੁਸੀਂ ਆਏਂ ਓਂ?" ਫੱਤੂ ਨੇ ਖੰਜਰੀ ਵਾਲੇ ਨੂੰ ਕਿਹਾ। “ਭਾਈ ਅੱਗੇ ਅਸੀਂ ਅੱਡੇ ਉੱਤੇ ਉੱਤਰਦੇ ਤਾਂ ਨਿਆਣੇਂ ਸਾਨੂੰ, ਵਿਆਹ, ਮੁੰਡੇ ਦੀ ਖੁਸ਼ੀ ਵਾਲਾ ਘਰ ਦੱਸਦੇ, ਸਾਡੇ ਨਾਲ ਹੋ ਤੁਰਦੇ। ਹੁਣ ਓਹ ਗੱਲ ਨਹੀਂ ਰਹੀ। ਘਰ ਮਸਾਂ ਹੀ ਭਾਲੀਦਾ।" ਬੀੜੀ ਪੀ ਕੇ ਹਟੇ ਪਤਲੇ ਭਾਈ ਨੇ ਜਵਾਬ ਦਿੱਤਾ। “ਨਾ ਤੁਸੀਂ ਰੌਣਕ ਤਾਂ ਲਾਓ ਨਾ ਫੇਰ ਈ, ਬੀਹੀ ਆਲੇ ਆਉਣਗੇ।" ਹੌਲੀ-ਹੌਲੀ ਕੋਲ ਆ ਕੇ ਰਿਸ਼ਕਦੇ ਤਾਜੂ ਨੇ ਆਖਿਆ। “ਭਰਾਵਾ, ਘਰ ਦੇ ਚਾਹ-ਪਾਣੀ ਪਿਆ ਕੇ, ਮੰਜੇ-ਕੁਰਸੀਆਂ ਡਾਹ ਕੇ, ਹਾਂ ਕਰਦੇ ਐ, ਤਾਂ ਹੀ ਚਾਲੂ ਹੁੰਦਾ ਪੋ੍ਰਗਰਾਮ। ਨਹੀਂ ਤਾਂ ਕੋਈ ਬਹਾਨਾ ਬਣਾ ਅਗਲੇ ਸ਼ਗਨ ਫੜਾਉਂਦੇ ਐ ਅਤੇ ਅਸੀਂ ਅਗਲੇ ਘਰੇ", ਖਹਿੜਾ ਛੁੜਾਉਂਦੇ ਦੂਜੇ ਭਾਈ ਨੇ ਮਲਵਲਾ ਸਮਝਾਇਆ।
“ਸਹੀ ਗੱਲ ਐ, ਅੱਗੇ ਘਰ ਦੇ ਵੀ ਚੌਂਪ ਕਰਦੇ ਸੀ, ਮਹੰਤ ਵੀ ਤਾੜੀਆਂ ਮਾਰਦੇ ਆਂਉਂਦੇ, ‘ਬੂਅ-ਠੂੰਹਾਂ ਵੇ...
ਆਖ ਭੱਜਦੇ ਤਾਂ ਜਵਾਕਾਂ ਦੀਆਂ ਲੇਰਾਂ ਨਿਕਲ ਜਾਂਦੀਆਂ, ਹੁਣ ਤਾਂ ਕੰਮ ਜਵਾਂ ਈ ਮਿਸ-ਮਿਸਿਆ ਜਾ ਹੋ ਗਿਆ।” ਬਿਧੀ ਨੇ ਸਾਰੀ ਗੱਲਬਾਤ ਸੁਣ ਕੇ, ਬਦਲਦੇ ਸਮੇਂ ਦੇ ਰੰਗ ਟੋਹੇ। ਏਨੇਂ ਨੂੰ ਅੰਦਰੋਂ, ਇੱਕ ਮਹੰਤ ਬਾਹਰ ਆਂਉਂਦਾ ਪੁੱਛਣ ਲੱਗਾ, “ਸੋਨੂੰ, ਸਰਦਾਰ ਜੀ ਕਿੱਧਰ ਗਏ?” “ਉਹ ਤਾਂ ਫੋਨ ਕਰਦੇ-ਕਰਦੇ ਸਕੂਟਰ ਉੱਤੇ ਐਧਰ ਨੂੰ ਟਿੱਬ ਗਿਆ।” ਇਸ਼ਾਰਾ ਕਰਕੇ ਇੱਕ ਭਾਈ ਨੇ ਦੱਸਿਆ। “ਗਿਆ ਬੱਸ ਉਹ ਨੀਂ ਥੋਡੇ ਹੱਥ ਆਂਉਂਦਾ”, ਰੌਣਕ ਦੀ ਖੇਡ ਖਰਾਬ ਹੁੰਦਿਆਂ ਵੇਖ ਫੱਤੂ ਨੇ ਢਿੱਲਾ ਜਾ ਹੋ ਕੇ ਆਖਿਆ। ਅਜੇ ਗੱਲਾਂ ਹੋ ਰਹੀਆਂ ਸਨ ਕਿ ਭੋਪਾ, ਪੰਚ ਨਿਰਮਲ ਨੂੰ ਸਕੂਟਰ ਉੱਤੇ ਬਿਠਾ ਲਿਆਇਆ। “ਬੱਸ ਬਾਈ ਹੋ ਗਿਆ ਸੌਦਾ ਹੁਣ, ਆਓ ਚੱਲੀਏ, ਮੰਬਰ ਨੇ ਨਿਬੇੜ ਦੇਣੈ ਸੁੱਕਾ ਈ।” ਖਿਸਕਦਿਆਂ ਬਿਧੀ ਨੇ ਆਖਿਆ। ਓਹੀ ਗੱਲ ਹੋਈ, ਥੋੜੇ ਚਿਰ ਮਗਰੋਂ, ਜੇਬਾਂ ਸੰਭਾਲਦੇ, ਦੋਨੋਂ ਮਹੰਤ, ਬਾਹਰ ਆਂਉਂਦੇ ਬੋਲੇ, “ਸੋਨੂੰ, ਚੱਲੋ ਸਕੂਲ ਆਲੀ ਗਲੀ, ਛੱਪੜ ਕੋਲੇ।”
ਬਾਕੀ ਅਗਲੇ ਐਤਵਾਰ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061