ਪਿੰਡ, ਪੰਜਾਬ ਦੀ ਚਿੱਠੀ (233)

ਗੁਰੂ-ਆਸਰਾ, ਰੱਖਦੇ ਪੰਜਾਬੀਓ, ਜਿੰਦਾਬਾਦ। ਅਸੀਂ ਇੱਥੇ ਚੰਗੇ ਹਾਂ। ਰੱਬ ਤੁਹਾਨੂੰ ਵੀ ਵਧੀਆ ਰੱਖੇ, ਅਰਦਾਸ ਹੈ। ਅੱਗੇ ਸਮਾਚਾਰ ਇਹ ਹੈ ਕਿ ਮਾਝੇ-ਮਾਲਵੇ ਅਤੇ ਦੁਆਬੇ ਦੀ ਗੱਲ ਕਰਦਿਆਂ ਚੰਨੂੰ ਆਲਾ ਚੰਨਾ, ਆਪਣਾ ਗਿਆਨ ਵੰਡ ਰਿਹਾ ਸੀ ਤਾਂ ਹਰਪਾਲ ਸਿੰਹੁ ਪਾਲਾ ਆ ਬਹੁੜਿਆ। ਕਿਹੜਾ ਇਲਾਕਾ, ਤਰੱਕੀ ਚ ਹੈ? ਕਿਹੜੇ ਲੋਕ ਬਾਹਲੇ ਬਾਹਰ ਗਏ ਹਨ? ਆਦਿ ਮੁੱਦਿਆਂ ਉੱਤੇ ਚੱਲਦਿਆਂ ਪਤਾ ਹੀ ਨਾ ਲੱਗਾ ਕਦੋਂ ਬਹਿਸ ਹੋਣ ਲੱਗ ਪੀ। ਕੋਈ ਆਖੇ ਪੁਆਧ ਆਲੇ ਤਾਂ ਅੱਧੀ ਹਿੰਦੀ ਬੋਲਦੇ ਹਨ, ਕੋਈ ਬੋਲੇ ਮਾਝੇ ਦੇ ਲੋਕ ਸਭ ਤੋਂ ਬਹਾਦਰ ਹੁੰਦੇ ਹਨ, ਇੱਕ ਨੇ ਦੁਆਬੀਆਂ ਦੇ ਅਗਾਂਹ-ਵਧੂ ਅਤੇ ਸਿਆਣਪ ਦੀ ਦਾਤ ਦਿੱਤੀ। ਭੋਲੇ ਨੇ ਮਲਵਈਆਂ ਨੂੰ ਸ਼ਰੀਫ਼ ਅਤੇ ਸਿੱਧੇ ਗਰਦਾਨਿਆਂ। ਸਿੰਗ ਫਸਦੇ-ਫਸਦੇ ਜਦੋਂ ਸਾਰੇ ਹੰਭ ਗਏ, ਕੰਨ ਪਈਵਾਜ ਆਰ-ਪਾਰ ਹੋਣ ਲੱਗੀ ਤਾਂ ਸਹਜ ਨਾਲ ਸਾਰੀ ਵਾਰਤਾ ਸੁਣ ਰਹੇ ਮਾਸਟਰ ਕਮਲਜੀਤ ਸਿੰਘ ਪੈਨਸ਼ਨੀਏ ਨੇ ਗੱਲ ਹੱਥ ਚ ਲਈ। “ਦੇਖੋ ਭਾਈ ਸਾਰੇ ਆਪੋ-ਆਪਣੀ ਥਾਂ ਬੇਹਤਰ ਹਨ। ਬੋਲੀ ਹਰ ਪੰਜਾਹ ਮੀਲ ਉੱਤੇ ਬਦਲ ਜਾਂਦੀ ਐ, ਰਹਿਣ-ਸਹਿਣ, ਖਾਣ-ਪੀਣ ਵੀ।

ਭਾਊ ਜੀ, ਬਾਈ ਜੀ-ਸਾਰਿਆਂ ਦਾ ਅਰਥ ਇੱਕੋ ਈ ਐ, ਸਮਝੇ।" ਗੱਲ ਠੰਡੀ ਪਈ ਤਾਂ ਕੈਲਾ ਡਰਾਈਵਰ ਕਹਿੰਦਾ, “ਬਈ ਮੈਂ ਤੇਈ ਸਾਲਾਂ ਤੋਂ ਟਰੱਕ ਚਲਾਉਂਣੈਂ, ਆਪਣੇ ਦੁਆਬੇਚ, ਘਰ ਕੀ, ਪਿੰਡ ਈ ਜਾਣੋ ਖਾਲੀ ਹੋ ਗਏ ਹਨ। ਸੋਹਣੀਆਂ ਕੋਠੀਆਂ, ਵੱਡੇ-ਵੱਡੇ ਘਰ, ਭਾਂ-ਭਾਂ ਕਰਦੇ ਐ। ਕਈ ਘਰਾਂ ਚ ਹੋਰ ਰਾਜਾਂ ਦੇ ਲੋਕ ਆ ਵਸੇਬਾ ਕਰੀ ਬੈਠੇ ਐ, ਹੁਣ ਮੋਗੇ ਤੋਂਗਾਂਹ, ਮਲੋਟ-ਮੁਕਤਸਰ ਵੀ ਏਸੇ ਰਾਹੇ ਪੈ ਗਿਐ, ਕਿਤੇ ਦੋਆਬੇ ਆਲਾ ਇੱਕ ਆਬ ਮਾਲਵੇ ਨੂੰ ਵੀ ਹੜ੍ਹਾ ਕੇ ਕਨੇਡੇ-ਯੂ.ਕੇ. ਨਾ ਲੈ ਜਾਵੇ।” “ਲਿਜਾਣਾ ਈ ਐ, ਹੁਣ ਆਪਣਾ ਪਿੰਡ ਈ ਵੇਖ ਲੈ, ਹਰ ਦੂਜੇ ਘਰ ਦਾ ਨਿਆਣਾ ਬਾਹਰ ਐ, ਜੇ ਕਿਤੇ ਨਾ ਗੱਲ ਬਣੇ ਤਾਂ ਪੁਰਤਗਾਲ, ਇਟਲੀ ਅਤੇ ਆਬੂਧਾਬੀ ਵੱਲ ਚਲੇ ਜਾਂਦੇ ਐ। ਹੁਣ ਇਹ ਗਿਣੋ ਬਈ ਬਾਕੀ ਕਿੰਨੇ ਰਹਿ ਗਏ ਐ, ਜ਼ਮੀਨਾਂ-ਘਰ ਵਿਕਾਊ ਐ ਥੋਕ `ਚ, ਰੱਬ ਖ਼ੈਰ ਕਰੇ!” ਮਨਦੀਪ ਵਾਜੇ ਨੇ, ਖ਼ੈਰ ਮੰਗਦਿਆਂ, ਹੱਥ ਜੋੜੇ। “ਬਾਕੀ ਛੱਡੋ, ਆਪਣੇ ਆੜ੍ਹਤੀਆਂ ਦਾ ਛੋਟਾ ਮੁੰਡਾ ਵੀ ਸ਼ਹਿਰੋਂ, ਕਨੇਡੇ ਜਾਣ ਲਈ ਪਿਓ ਨੂੰ ਤੂੜੀ ਜਾਂਦੈ।” ਭੀਰੀਏ ਨੇ ਗੱਲ ਕੀਤੀ ਹੀ ਸੀ ਕਿ ਪ੍ਰਿਥੀ ਦੀ ਕਾਰ ਦੋ ਅਟੈਚੀ ਛੱਤ ਉੱਤੇ ਰੱਖ ਛਪੀਟਾਂ ਪੱਟਦੀ ਲੰਘ ਗਈ।

ਹੋਰ, ਟਰੰਪ ਦੇ ਹੁਕਮਾਂ ਨੇ ਹਲਚਲ ਕੀਤੀ ਹੈ। ਪਿਲਸਨੀਏ, ਪੁਲਸੀਏ ਅਤੇ ਪਾੜੇ, ਸਾਰੇ ਔਖੇ ਹਨ। ਦਿੱਲੀ ਦੀਆਂ ਵੋਟਾਂ ਤੇ ਕੁੰਭ ਦੇ ਮੇਲੇ ਦਾ ਜ਼ਿਕਰ ਹੈ। ਸੱਥ ਵਿੱਚ, ਰਲੌਟਾ, ਖੜੂਸ, ਸਰੱਗਾ, ਪਲੇਚੇ, ਗਿੜਗਿੜੀ, ਵਿਗੋਚਾ, ਖੁੰਗਲ, ਸ਼ਬਦ ਬੋਲਣ ਵਾਲੀ ਪੀੜ੍ਹੀ ਕੈਮ ਹੈ। ਬਸੰਤ ਰੁੱਤ ਆ ਰਹੀ ਹੈ। ਜ਼ਮੀਨਾਂ, ਪਲਾਟਾਂ, ਮਕਾਨਾਂ ਦੇ ਭਾਅ ਚੜ੍ਹੇ ਹਨ। ਫਲਾਈਓਵਰਾਂ, ਬੇਵੱਸ ਪਸ਼ੂਆਂ ਅਤੇ ਅਵਾਰਾ ਕੁੱਤਿਆਂ ਦੀ ਗਿਣਤੀ ਵੱਧ ਰਹੀ ਹੈ। ਪੂੰਜੀ ਦਾ ਇੱਕ ਵੱਡਾ ਹਿੱਸਾ ਅਤੇ ਸਮਾਂ, ਫੋਨ ਖਾ ਰਹੇ ਹਨ। ਸੱਚ, ਮਿਹਨਤ ਕਰਦੇ ਰਹਿਣਾ, ਰੱਬ ਰਾਖਾ।

ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061