ਪ੍ਰਸਿੱਧ ਪੰਜਾਬੀ ਅਦਾਕਾਰਾ ਮੈਡਮ ਗੁਰਪ੍ਰੀਤ ਭੰਗੂ ਹੁਰਾਂ ਨਾਲ ਵਿਸ਼ੇਸ਼ ਮਿਲਣੀ ਯਾਦਗਾਰੀ ਰਹੀ

ਪੰਜਾਬੀ ਥੀਏੇਟਰ ਐਂਡ ਫੋਕ ਅਕੈਡਮੀ ( PTFA ) ਮੈਲਬੌਰਨ ਵੱਲੋਂ ਬੀਤੇ ਦਿਨੀਂ ਪੰਜਾਬੀ ਦੇ ਉੱਘੀ ਰੰਗਕਰਮੀ ਤੇ ਪ੍ਰਸਿੱਧ ਅਦਾਕਾਰਾ ਗੁਰਪ੍ਰੀਤ ਭੰਗੂ ਜੀ ਨਾਲ ਵਿਸ਼ੇਸ਼ ਮਿਲਣੀ ਦਾ ਪ੍ਰਬੰਧ ਬੈਲਜੀਓ ਰਿਸੈਪਸ਼ਨ ਐਪਿੰਗ ਵਿਖੇ ਕੀਤਾ ਗਿਆ। ਇਸ ਮੌਕੇ ਮੈਡਮ ਭੰਗੂ ਨੇਆਪਣੀ ਜ਼ਿੰਦਗੀ ਦੇ ਤਜਰਬੇ ਬਹੁਤ ਹੀ ਵਧੀਆ ਢੰਗ ਨਾਲ ਆਏ ਹੋਏ ਦਰਸ਼ਕਾਂ ਦੇ ਸਨਮੁਖ ਕੀਤੇ ਗਏ। ਉਹ ਲਘੂ ਫਿਲਮ ਬੀਜ (Seeds ) ਵਿੱਚ ਕਿਰਦਾਰ ਨਿਭਾਉਣ ਲਈ ਵਿਸ਼ੇਸ਼ ਤੌਰ ਤੇ ਆਸਟਰੇਲੀਆ ਪਹੁੰਚੇ ਹੋਏ ਹਨ ।

ਮੀਡੀਆ ਅਤੇ ਕਲਾ ਦੇ ਖੇਤਰ ਦੀ ਜਾਣੀ ਪਹਿਚਾਣੀ ਹਸਤੀ ਅਮਰਦੀਪ ਕੌਰ ਹੋਰਾਂ ਵੱਲੋੰ ਲਿਖੀ ਅਤੇ ਪੰਜਾਬੀ ਥੀਏਟਰ ਤੇ ਫੋਕ ਅਕੈਡਮੀ ਦੀ ਟੀਮ ਦੇ ਵਿਦਿਆਰਥੀਆਂ ਵੱਲੋਂ ਨਿਭਾਏ ਰੋਲ ਤੇ ਹਰਮੰਦਰ ਕੰਗ ਦੇ ਸਹਿਯੋਗ ਨਾਲ ਇਸ ਫ਼ਿਲਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਇਸ ਸਮਾਗਮ ਮੌਕੇ ਪੰਜਾਬੀ ਥੀਏਟਰ ਤੇ ਫੋਕ ਅਕੈਡਮੀ ਦੇ ਬੱਚਿਆਂ ਨੇ ਕੁਝ ਵੰਨਗੀਆਂ ਦਰਸ਼ਕਾਂ ਦੇ ਸਨਮੁਖ ਕੀਤੀਆਂ। ਇਸ ਮੌਕੇ ਮੈਲਬੌਰਨ ਦੇ ਪ੍ਰਮੁੱਖ ਪੰਜਾਬੀ ਮੀਡੀਆ ਤੋਂ ਇਲਾਵਾ ਭਾਈਚਾਰੇ ਦੀਆਂ ਹੋਰ ਵੀ ਕਈ ਸਿਰਕੱਢ ਹਸਤੀਆਂ ਹਾਜ਼ਰ ਸਨ । ਗੁਰਪ੍ਰੀਤ ਭੰਗੂ ਜੀ ਦੇ ਸਪੁੱਤਰ ਤੇ ਅਸਟਰੇਲੀਆ ਵਸਦੇ ਸੁਰੀਲੇ ਗਾਇਕ ਬਾਗੀ ਭੰਗੂ ਨੇ ਆਪਣਾ ਪ੍ਰਸਿੱਧ ਗੀਤ ਹਮੀਦਿਆ ਗਾ ਕੇ ਦਰਸ਼ਕਾਂ ਤੋਂ ਭਰਵੀਂ ਵਾਹ ਵਾਹ ਖੱਟੀ।
ਪੰਜਾਬੀ ਸੱਭਿਆਚਾਰਕ ਕੇਂਦਰ ਮੈਲਬੌਰਨ ਵੱਲੋਂ ਮੈਡਮ ਭੰਗੂ ਦਾ ਮੋਮੈਂਟੋ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ । ਪ੍ਰੋਗਰਾਮ ਦੀ ਸਮਾਪਤੀ ਤੇ ਹਰਮੰਦਰ ਕੰਗ, ਕਿਰਪਾਲ ਸਿੰਘ ਤੇ ਅਮਰਦੀਪ ਕੌਰ ਵੱਲੋਂ ਮੈਡਮ ਭੰਗੂ ਅਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ।

ਅਮਰਦੀਪ ਕੌਰ ਹੁਰਾਂ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਅਸਟਰੇਲੀਆ ਦੇ ਜੰਮਪਲ ਬੱਚਿਆਂ ਨਾਲ ਮਿਲ ਕੇ ਕਲਾ ਤੇ ਥੀਏਟਰ ਨਾਲ ਸੰਬੰਧਿਤ ਹੋਰ ਵੰਨਗੀਆਂ ਸਮੇਂ ਸਮੇਂ ਸਿਰ ਦਰਸ਼ਕਾਂ ਦੀ ਕਚਿਹਿਰੀ ਵਿੱਚ ਪੇਸ਼ ਕੀਤੀਆ ਜਾਣਗੀਆਂ ਅਤੇ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ।

ਅਵਤਾਰ ਸਿੰਘ ਭੁੱਲਰ