ਪੰਜਾਬ ਚੇਤਨਾ ਮੰਚ ਵਲੋਂ ਪੰਜਾਬ ਦੇ ਭੱਖਦੇ ਮਸਲਿਆਂ ਸੰਬੰਧੀ ਸੈਮੀਨਾਰ 25 ਮਈ ਨੂੰ

ਜਲੰਧਰ, 14 ਮਈ– ਪੰਜਾਬ ਚੇਤਨਾ ਮੰਚ ਵਲੋਂ 25 ਮਈ, 2024 ਨੂੰ ਸਵੇਰੇ 10 ਵਜੇ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਲੋਕ ਸਭਾ ਦੀਆਂ ਚੋਣਾਂ ਦੀਆਂ ਚੱਲ ਰਹੀਆਂ ਸਰਗਰਮੀਆਂ ਦੇ ਸੰਦਰਭ ਵਿਚ ਪੰਜਾਬ ਦੇ ਭਖਦੇ ਮੁੱਦੇ ਉਠਾਉਣ ਲਈ ‘ਲੋਕ ਸਭਾ ਦੀਆਂ ਚੋਣਾਂ ਅਤੇ ਪੰਜਾਬ ਦੇ ਸਰੋਕਾਰ’ ਵਿਸ਼ੇ ‘ਤੇ ਇਕ ਵਿਸ਼ੇਸ਼ ਸੈਮੀਨਾਰ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸੈਮੀਨਾਰ ਵਿਚ ਸੀਨੀਅਰ ਪੱਤਰਕਾਰ ਹਮੀਰ ਸਿੰਘ ਮੁੱਖ ਬੁਲਾਰੇ ਵਜੋਂ ਆਪਣੇ ਵਿਚਾਰ ਪੇਸ਼ ਕਰਨਗੇ ਅਤੇ ਇਸ ਵਿਚ ਪ੍ਰਸਿੱਧ ਅਰਥ ਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ ਵਲੋਂ ਇਸੇ ਵਿਸ਼ੇ ‘ਤੇ ਲਿਖਿਆ ਗਿਆ ਪਰਚਾ ਵੀ ਪੜ੍ਹਿਆ ਜਾਵੇਗਾ। ਇਸ ਤੋਂ ਉਪਰੰਤ ਸੈਮੀਨਾਰ ਵਿਚ ਸ਼ਿਰਕਤ ਕਰਨ ਵਾਲੇ ਵਿਦਵਾਨ ਪੰਜਾਬ ਦੇ ਭਖਦੇ ਮੁੱਦਿਆਂ ਸੰਬੰਧੀ ਚਰਚਾ ਕਰਨਗੇ। ਇਹ ਫ਼ੈਸਲਾ ਬੀਤੇ ਦਿਨ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਪੰਜਾਬ ਚੇਤਨਾ ਮੰਚ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਲਿਆ ਗਿਆ।

ਇਸ ਤੋਂ ਇਲਾਵਾ ਮੀਟਿੰਗ ਵਿਚ ਪੰਜਾਬ ਚੇਤਨਾ ਮੰਚ ਦੀ ਸਲਾਹਕਾਰ ਕੌਂਸਿਲ ਵੀ ਨਾਮਜ਼ਦ ਕੀਤੀ ਗਈ, ਜਿਸ ਵਿਚ ਡਾ. ਸੁੱਚਾ ਸਿੰਘ ਗਿੱਲ, ਡਾ. ਰਣਜੀਤ ਸਿੰਘ ਘੁੰਮਣ, ਪ੍ਰਿੰਸੀਪਲ ਮਾਹਲ ਸਿੰਘ, ਗੁਰਪ੍ਰੀਤ ਸਿੰਘ ਤੂਰ, ਦਵਿੰਦਰ ਸ਼ਰਮਾ ਤੇ ਐੱਸ. ਐੱਲ. ਵਿਰਦੀ ਆਦਿ ਵਿਦਵਾਨਾਂ ਨੂੰ ਸ਼ਾਮਿਲ ਕਰਨ ਦਾ ਫ਼ੈਸਲਾ ਕੀਤਾ ਗਿਆ। ਪੰਜਾਬ ਚੇਤਨਾ ਮੰਚ ਦੀ ਹੋਈ ਉਪਰੋਕਤ ਮੀਟਿੰਗ ਵਿਚ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਤੋਂ ਇਲਾਵਾ ਜਨਰਲ ਸਕੱਤਰ ਸਤਨਾਮ ਸਿੰਘ ਮਾਣਕ, ਦੁਆਬਾ ਜ਼ੋਨ ਦੇ ਸਕੱਤਰ ਗੁਰਮੀਤ ਸਿੰਘ ਪਲਾਹੀ, ਚੰਡੀਗੜ੍ਹ ਜ਼ੋਨ ਦੇ ਸਕੱਤਰ ਦੀਪਕ ਚਨਾਰਥਲ, ਮਾਲਵਾ ਜ਼ੋਨ ਦੇ ਸਕੱਤਰ ਗੁਰਚਰਨ ਸਿੰਘ ਨੂਰਪੁਰ ਅਤੇ ਮਾਝਾ ਜ਼ੋਨ ਦੇ ਸਕੱਤਰ ਰਾਜਿੰਦਰ ਸਿੰਘ ਰੂਬੀ ਤੋਂ ਇਲਾਵਾ ਚਿੱਤਰਕਾਰ ਇੰਦਰਜੀਤ ਸਿੰਘ ਵੀ ਸ਼ਾਮਿਲ ਹੋਏ।

ਮੀਟਿੰਗ ਵਿਚ ਪੰਜਾਬੀ ਦੇ ਸਿਰਮੌਰ ਕਵੀ ਸੁਰਜੀਤ ਪਾਤਰ ਦੇ ਦਿਹਾਂਤ ‘ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤਾ ਗਏ। ਇਥੇ ਇਹ ਵਰਣਨਯੋਗ ਹੈ ਬੀਤੇ ਦਿਨ ਇਸ ਮੰਚ ਦੀ ਸਥਾਪਨਾ ‘ਪੰਜਾਬ ਜਮਹੂਰੀ ਮੰਚ’ ਦੇ ਨਾਂਅ ਨਾਲ ਕੀਤੀ ਸੀ ਪਰ ਅਹੁਦੇਦਾਰਾਂ ਨੇ ਸਰਬਸੰਮਤੀ ਨਾਲ ਵਿਚਾਰ ਕਰਕੇ ਇਸ ਮੰਚ ਦਾ ਨਾਂਅ ‘ਪੰਜਾਬ ਚੇਤਨਾ ਮੰਚ’ ਰੱਖਣ ਦਾ ਫ਼ੈਸਲਾ ਕੀਤਾ ਹੈ ਅਤੇ ਇਹ ਮੰਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਸਰੋਕਾਰਾਂ ਅਤੇ ਦੇਸ਼ ਵਿਚ ਜਮਹੂਰੀਅਤ, ਸਰਬ ਧਰਮ ਸਨਮਾਨ ਅਤੇ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਢੰਗਾਂ ਨਾਲ ਆਪਣਾ ਰੋਲ ਅਦਾ ਕਰੇਗਾ।