ਲਿਬਰਲ ਪਾਰਟੀ ਦੇ ਦਿੱਗਜ ਨੇਤਾ ਦੀ ਭਵਿੱਖਬਾਣੀ-ਟਰੂਡੋ ਦੀ ਵਿਦਾਈ ਤੈਅ

ਕੈਨੇਡਾ ‘ਚ ਇਨ੍ਹੀਂ ਦਿਨੀਂ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਆਪਣੇ ਗਲਤ ਫ਼ੈਸਲਿਆਂ ਅਤੇ ਰਣਨੀਤੀਆਂ ਕਾਰਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੋਰਚਿਆਂ ‘ਤੇ ਸਖਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਨਾਲ ਨਿੱਝਰ ਵਿਵਾਦ ਹੋਵੇ ਜਾਂ ਚੀਨ ਨਾਲ ਸਬੰਧ ਜਾਂ ਦੇਸ਼ ਵਿਚ ਕਾਰਬਨ ਟੈਕਸ ਦਾ ਮੁੱਦਾ, ਹਰ ਹਾਲਤ ਵਿਚ ਟਰੂਡੋ ‘ਤੇ ਦੇਸ਼ ਦਾ ਅਕਸ ਖਰਾਬ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਦੇਸ਼ ਦੇ ਵਿਗੜਦੇ ਸਿਆਸੀ ਹਾਲਾਤ ਦਰਮਿਆਨ ਕੈਨੇਡਾ ਦੀ ਲਿਬਰਲ ਪਾਰਟੀ ਦੇ ਸੀਨੀਅਰ ਆਗੂ ਅਤੇ ਪ੍ਰਧਾਨ ਮੰਤਰੀ ਦੇ ਸਾਬਕਾ ਚੀਫ਼ ਆਫ਼ ਸਟਾਫ਼ ਪਰਸੀ ਡਾਊਨੀ ਨੇ ਟਰੂਡੋ ਬਾਰੇ ਹੈਰਾਨ ਕਰਨ ਵਾਲੀ ਭਵਿੱਖਬਾਣੀ ਕੀਤੀ ਹੈ। ਪਰਸੀ ਡਾਊਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਜਲਦੀ ਹੀ ਜਾਣਾ ਤੈਅ ਹੈ ਪਰ ਇਹ ਦੇਖਣਾ ਬਾਕੀ ਹੈ ਕਿ ਉਹ ਖੁਦ ਸੱਤਾ ਛੱਡਣਗੇ ਜਾਂ ਪਾਰਟੀ ਉਨ੍ਹਾਂ ਨੂੰ ਬਾਹਰ ਕੱਢ ਦੇਵੇਗੀ। ਚੀਫ਼ ਆਫ਼ ਸਟਾਫ਼ ਨੇ ਪਾਰਟੀ ਨੂੰ ਜਸਟਿਨ ਟਰੂਡੋ ਦੀ ਥਾਂ ਲੈਣ ਲਈ ਨਵਾਂ ਆਗੂ ਲੱਭਣ ਲਈ ਕਿਹਾ ਹੈ।