ਐਲਿਜ਼ਾਬੇਥ II ਨੂੰ ਖ਼ਾਸ ਸਨਮਾਨ, ਯੂ.ਕੇ ਨੇ ਤਿਆਰ ਕੀਤਾ 191 ਕਰੋੜ ਰੁਪਏ ਦਾ ‘ਸਿੱਕਾ’

ਬ੍ਰਿਟੇਨ ਨੇ ਮਰਹੂਮ ਮਹਾਰਾਣੀ ਐਲਿਜ਼ਾਬੇਥ ਦੂਜੀ ਦੇ ਸਨਮਾਨ ਵਿਚ 8 ਪੌਂਡ ਜਾਂ 3.62 ਕਿਲੋਗ੍ਰਾਮ ਸੋਨੇ ਅਤੇ 6,426 ਹੀਰਿਆਂ ਨਾਲ ਜੜਿਆ ਇੱਕ ‘ਸਿੱਕਾ’ ਤਿਆਰ ਕੀਤਾ ਹੈ। ਬਾਸਕਟਬਾਲ ਦੇ ਆਕਾਰ ਦੇ ਇਸ ਸਿੱਕੇ ਦੀ ਕੀਮਤ 191 ਕਰੋੜ ਰੁਪਏ (ਕਰੀਬ 23 ਮਿਲੀਅਨ ਡਾਲਰ) ਹੈ। ਇਹ ਹੁਣ ਤੱਕ ਦਾ ਦੁਨੀਆ ਦਾ ਸਭ ਤੋਂ ਕੀਮਤੀ ਸਿੱਕਾ ਹੋ ਸਕਦਾ ਹੈ। ਮਹਾਰਾਣੀ ਐਲਿਜ਼ਾਬੇਥ ਦੂਜੀ ਦੀ ਮੌਤ ਦੀ ਪਹਿਲੀ ਬਰਸੀ ਤੋਂ ਕੁਝ ਦਿਨ ਪਹਿਲਾਂ ਸੋਮਵਾਰ ਨੂੰ ਇਸ ਸਿੱਕੇ ਤੋਂ ਪਰਦਾ ਚੁੱਕਿਆ ਗਿਆ। ਸਿੱਕਾ 8 ਸਤੰਬਰ ਨੂੰ ਉਨ੍ਹਾਂ ਦੀ ਪਹਿਲੀ ਬਰਸੀ ‘ਤੇ ਜਾਰੀ ਕੀਤਾ ਜਾਵੇਗਾ |

ਇਸ ਸਿੱਕੇ ਦਾ ਵਿਆਸ 9.6 ਇੰਚ ਤੋਂ ਵੱਧ ਹੈ। ਇਸ ਦੇ ਡਿਜ਼ਾਈਨ ‘ਚ ਹੀਰਿਆਂ ਦੇ ਨਾਲ ਲਗਭਗ ਇੱਕ ਦਰਜਨ 24-ਕੈਰੇਟ ਸੋਨੇ ਦੇ ਸਿੱਕੇ ਸ਼ਾਮਲ ਹਨ। ਕੇਂਦਰ ਦੇ ਸਿੱਕੇ ਦਾ ਭਾਰ 2 ਪੌਂਡ ਤੋਂ ਵੱਧ ਹੈ, ਜਦੋਂ ਕਿ ਇਸਦੇ ਆਲੇ ਦੁਆਲੇ ਦੇ ਛੋਟੇ ਸਿੱਕਿਆਂ ਦਾ ਭਾਰ 1 ਔਂਸ ਹੈ ਅਤੇ ਇਸ ਵਿੱਚ ਮਰਹੂਮ ਬਾਦਸ਼ਾਹ ਦੀਆਂ ਤਸਵੀਰਾਂ ਜਾਂ ਸੱਚਾਈ, ਨਿਆਂ ਤੇ ਹਿੰਮਤ ਸਮੇਤ ਗੁਣਾਂ ਦੇ ਚਿੱਤਰ ਹਨ। ਇੱਥੇ ਦੱਸ ਦਈਏ ਕਿ ਨਿਲਾਮੀ ਵਿੱਚ ਵਿਕਣ ਵਾਲੇ ਹੁਣ ਤੱਕ ਦੇ ਸਭ ਤੋਂ ਮਹਿੰਗੇ ਸਿੱਕੇ ਦਾ ਮੌਜੂਦਾ ਗਿਨੀਜ਼ ਵਰਲਡ ਰਿਕਾਰਡ ਇੱਕ ਦੁਰਲੱਭ 1933 ਯੂ.ਐਸ “ਡਬਲ ਈਗਲ” ਦੇ ਨਾਮ ਹੈ, ਜੋ ਜੂਨ 2021 ਵਿੱਚ ਸੋਥਬੀਜ਼ ਨਿਊਯਾਰਕ ਵਿੱਚ 18.9 ਮਿਲੀਅਨ ਡਾਲਰ ਵਿਚ ਵਿਕਿਆ ਸੀ।