34 ਸਾਲਾ ਔਰਤ ਨੂੰ ਰੋਜ਼ਵਿਲੇ ਵਿਚ ਵੈਸਟਫੀਲਡ ਗਲੇਰੀਆ ਦੇ ਇਕ ਪਾਰਕਿੰਗ ਗੈਰੇਜ ’ਚ ਇਕ ਪੰਜਾਬੀ ਨੌਜਵਾਨ ਵੱਲੋਂ ਗੋਲ਼ੀ ਮਾਰ ਕੇ ਮਾਰ ਦਿੱਤਾ ਗਿਆ ਸੀ। ਪੁਲਸ ਦੇ ਅਨੁਸਾਰ ਉਹ ਉਸ ਨੌਜਵਾਨ ਨੂੰ ਡੇਟ ਕਰ ਰਹੀ ਸੀ। ਰੋਜ਼ਵਿਲੇ ਪੁਲਸ ਨੇ ਦੱਸਿਆ ਕਿ ਔਰਤ ਅਤੇ ਸ਼ੱਕੀ ਹਮਲਾਵਰ ਸ਼ਨੀਵਾਰ ਸਵੇਰੇ ਇਕੱਠੇ ਮਾਲ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਬੰਦੂਕਧਾਰੀ 29 ਸਾਲਾ ਸਿਮਰਨਜੀਤ ਸਿੰਘ ਨੇ ਪਾਰਕਿੰਗ ਗੈਰੇਜ ਦੀ ਤੀਜੀ ਮੰਜ਼ਿਲ ’ਤੇ ਔਰਤ ਨੂੰ ਗੋਲ਼ੀ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਉਸ ਨੇ ਬੰਦੂਕ ਗੈਰੇਜ ਵਿਚ ਹੀ ਛੱਡ ਦਿੱਤੀ। ਲੈਫਟੀਨੈਂਟ ਕ੍ਰਿਸ ਸਿਆਮਪਾ ਨੇ ਕਿਹਾ ਕਿ ਰੋਜ਼ਵਿਲੇ ਪੁਲਸ ਨੇ ਚਸ਼ਮਦੀਦ ਗਵਾਹਾਂ ਤੋਂ ਜਾਣਕਾਰੀ ਲਈ ਅਤੇ ਗਲੇਰੀਆ ਦੀਆਂ ਸੀ. ਸੀ. ਟੀ. ਵੀ. ਵੀਡੀਓਜ਼ ਦੀ ਜਾਂਚ ਕੀਤੀ। ਉਨ੍ਹਾਂ ਨੇ ਕਿਹਾ, ‘‘ਪੁਲਸ ਕੋਲ ਇਕ ਵਿਆਪਕ ਸੁਰੱਖਿਆ ਪ੍ਰਣਾਲੀ ਹੈ ਅਤੇ ਅਸੀਂ ਉਨ੍ਹਾਂ ਨਾਲ ਕੰਮ ਕਰ ਰਹੇ ਹਾਂ। ਰੋਜ਼ਵਿਲੇ ਪੁਲਸ ਵਿਭਾਗ ਨੇ ਕਿਹਾ ਕਿ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ’ਤੇ ਕਤਲ ਲਈ ਪਲੇਸਰ ਕਾਉਂਟੀ ਜੇਲ ’ਚ ਮੁਕੱਦਮਾ ਦਰਜ ਕੀਤਾ ਜਾਵੇਗਾ। ਪੁਲਸ ਨੇ ਦੱਸਿਆ ਕਿ ਗੋਲੀਬਾਰੀ ਵਿਚ ਵਰਤਿਆ ਗਿਆ ਹਥਿਆਰ ਬਰਾਮਦ ਕਰ ਲਿਆ ਗਿਆ ਹੈ।