
(ਹਰਜੀਤ ਲਸਾੜਾ, ਬ੍ਰਿਸਬੇਨ, 17 ਅਕਤੂਬਰ) ਇੱਥੇ ਇਪਸਵਿਚ ਸ਼ਹਿਰ ਦੇ ਸਪ੍ਰਿੰਗਫੀਲਡ ਵਿੱਚ ਦੀਵਾਲੀ ਦਾ ਵਿਸ਼ਾਲ ਸਮਾਰੋਹ ਬਹੁਤ ਹੀ ਉਤਸ਼ਾਹ ਅਤੇ ਧਾਰਮਿਕ ਭਾਵਨਾ ਨਾਲ ਮਨਾਇਆ ਗਿਆ। ਇਸ ਸਮਾਰੋਹ ਦਾ ਆਯੋਜਨ ਰਿਤਿਕਾ ਅਹਿਰ, ਨੀਤੂ ਸਿੰਘ, ਜਸਕਰਨ ਸਿੰਘ ਅਤੇ ਚੰਦ੍ਰੂ ਵੱਲੋਂ ਤਸਮਾਨ ਮੈਗਜ਼ੀਨ ਅਤੇ ਹਰਿਆਣਵੀ ਵੈਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਮੌਕੇ ਕਾਊਂਸਲਰ ਪੌਲ ਟੱਲੀ ਅਤੇ ਸਾਂਸਦ ਵੇਂਡੀ ਬੋਰਨ ਮੁੱਖ ਮਹਿਮਾਨਾਂ ਵਜੋਂ ਸ਼ਾਮਲ ਹੋਏ। ਦੀਵਾਲੀ ਸਮਾਰੋਹ ਦੀ ਸ਼ੁਰੂਆਤ ਦੀਵਾ ਜਗਾਉਣ ਅਤੇ ਆਰਤੀ ਨਾਲ ਹੋਈ। ਇਸ ਦੌਰਾਨ ਦੀਵਾਲੀ ਦੇ ਇਤਿਹਾਸ, ਸਿੱਖ ਧਰਮ ਵਿੱਚ ਬੰਦੀ ਛੋੜ ਦਿਵਸ ਦੀ ਮਹੱਤਤਾ ਅਤੇ ਧਾਰਮਿਕ ਏਕਤਾ ਦੇ ਸੁਨੇਹੇ ਉੱਤੇ ਵੀ ਚਰਚਾ ਕੀਤੀ ਗਈ।
ਰਾਤ ਦੇ ਭੋਜਨ ਦੌਰਾਨ ਘੀ-ਸ਼ੱਕਰ ਦੀ ਵਿਸ਼ੇਸ਼ ਸੇਵਾ ਕੀਤੀ ਗਈ, ਜਿਸ ਨੇ ਪਰੰਪਰਾਗਤ ਸੁਆਦ ਅਤੇ ਸਾਂਸਕ੍ਰਿਤਿਕ ਰਸਮਾਂ ਦੀ ਸੁਹਾਵਣੀ ਯਾਦ ਤਾਜ਼ਾ ਕਰ ਦਿੱਤੀ। ਇਸ ਸਮਾਰੋਹ ਦੀ ਸਫਲਤਾ ‘ਚ ਵਾਲੰਟੀਅਰਾਂ ਤੋਂ ਇਲਾਵਾ ‘ਦੇਸੀ ਮਮਜ਼’ ਤੋਂ ਰਾਜਵਿੰਦਰ ਕੌਰ ਅਤੇ ਪ੍ਰਾਈਮ ਪਲੇਸ ਦੇ ਵਿਕਰਾਂਤ, ਹਰਪ੍ਰੀਤ ਸਿੰਘ, ਭੁਪਿੰਦਰ ਸਿੰਘ ਤੇ ਵੀਨੂ ਸੂਦ ਦਾ ਮਹੱਤਵਪੂਰਨ ਯੋਗਦਾਨ ਰਿਹਾ।
ਵੱਖ-ਵੱਖ ਸਭਿਆਚਾਰਕ ਵੰਨਗੀਆਂ ‘ਚ ਡੇਸ਼ਾ ਸਿੰਘ ਦੇ ਭੰਗੜੇ ਨੇ ਦਰਸ਼ਕਾਂ ਦਾ ਮਨ ਮੋਹਿਆ। ਸਟੇਜ ਪ੍ਰਬੰਧਨ ਰਿਤਿਕਾ ਅਹਿਰ ਅਤੇ ਨੀਤੂ ਸਿੰਘ ਵੱਲੋਂ ਕੀਤਾ ਗਿਆ। ਇਸ ਸਮਾਰੋਹ ਨੇ ਸਥਾਨਕ ਭਾਈਚਾਰੇ ਵਿੱਚ ਖੁਸ਼ੀ, ਪ੍ਰੇਮ ਅਤੇ ਏਕਤਾ ਦਾ ਸੁਨੇਹਾ ਫੈਲਾਇਆ, ਜਿਸ ਨੇ ਸੈਂਕੜੇ ਭਾਰਤੀ ਮੂਲ ਦੇ ਲੋਕਾਂ ਨੂੰ ਇੱਕ ਮੰਚ ਤੇ ਇਕੱਠਾ ਕੀਤਾ।
