ਕੈਨੇਡਾ ਵਿਚ 12 ਦਿਨ

ਪ੍ਰੋ. ਕੁਲਬੀਰ ਸਿੰਘ
ਸਾਡੇ ਕੋਲ ਕੈਨੇਡਾ ਦਾ ਵੀਜ਼ਾ ਕਾਫ਼ੀ ਸਮੇਂ ਤੋਂ ਸੀ ਪਰ ਨਾ ਕਦੇ ਜਾਣ ਦਾ ਸਬੱਬ ਬਣਿਆ ਅਤੇ ਨਾ ਹੀ ਮਨ ਕੀਤਾ। ਵੀਜ਼ਾ 2025 ਜੂਨ ਨੂੰ ਖ਼ਤਮ ਹੋ ਜਾਣਾ ਸੀ। ਜੂਨ 2025 ਤੱਕ ਵੀਜ਼ਾ ਇਸ ਲਈ ਮਿਲਿਆ ਕਿਉਂ ਕਿ ਪਾਸਪੋਰਟ ਦੀ ਮਿਆਦ ਇੱਥੋਂ ਤੱਕ ਸੀ। ਜੇ ਮਿਆਦ 2033 ਤੱਕ ਹੁੰਦੀ ਤਾਂ ਵੀਜ਼ਾ 33 ਤੱਕ ਮਿਲਣਾ ਸੀ।

ਵੀਜ਼ਾ ਖ਼ਤਮ ਹੋਣ ਤੋਂ ਪਹਿਲਾਂ ਪਹਿਲਾਂ ਮੈਂ ਕੈਨੇਡਾ ਵੇਖਣਾ ਚਾਹੁੰਦਾ ਸਾਂ। ਸਾਲ 2024 ਦੇ ਅੱਧ ਕੁ ਵਿਚ ਸਲਾਹਾਂ ਹੋਣ ਲੱਗੀਆਂ। ਓਧਰ ਮੇਰੀ ਸਵੈ-ਜੀਵਨੀ ‘ਮੀਡੀਆ ਆਲੋਚਕ ਦੀ ਆਤਮਕਥਾ’ ਦਾ ਛਪਣ-ਕਾਰਜ ਜੰਗੀ ਪੱਧਰ ’ਤੇ ਚੱਲ ਰਿਹਾ ਸੀ।

ਪ੍ਰਿੰਟਵੈੱਲ ਵਾਲਿਆਂ ਨੂੰ ਦੱਸ ਦਿੱਤਾ ਕਿ ਮੈਂ 7 ਅਕਤੂਬਰ ਨੂੰ ਕੈਨੇਡਾ ਜਾ ਰਿਹਾ ਹਾਂ ਅਤੇ ਸਵੈ-ਜੀਵਨੀ ਦੀਆਂ ਕੁਝ ਕਾਪੀਆਂ ਨਾਲ ਲੈ ਕੇ ਜਾਵਾਂਗਾ। ਚਾਰ ਅਕਤੂਬਰ ਨੂੰ ਮੈਂ ਅੰਮ੍ਰਿਤਸਰ ਗਿਆ ਅਤੇ ਦੋ ਡੱਬੇ ਕਾਰ ਵਿਚ ਰੱਖ ਲਿਆਇਆ। ਜਿਵੇਂ ਜਿਵੇਂ ਮੈਂ ਕਿਹਾ ਸਮਝਾਇਆ ਸੀ ਕਿਤਾਬ ਉਵੇਂ ਉਨ੍ਹਾਂ ਰੂਹ ਨਾਲ ਤਿਆਰ ਕੀਤੀ ਸੀ। ਜਿਸਨੇ ਵੀ ਵੇਖੀ ਬੇਹੱਦ ਤਾਰੀਫ਼ ਕੀਤੀ।

ਚਾਰ-ਪੰਜ ਕਾਪੀਆਂ ਬੈਗ ਵਿਚ ਰੱਖ ਲਈਆਂ ਅਤੇ ਪ੍ਰਿੰਟ ਵੈੱਲ ਤੋਂ ਹੀ ਟਾਈਟਲ ਦੇ 10 ਪੋਸਟਰ ਛੋਟੇ ਆਕਾਰ ਦੇ ਤਿਆਰ ਕਰਵਾ ਲਏ।
ਕੈਨੇਡਾ ਦਾ ਹਵਾਈ ਸਫ਼ਰ ਲੰਮਾ ਅਤੇ ਥਕਾ ਦੇਣ ਵਾਲਾ ਸੀ ਭਾਵੇਂ ਕਿ ਅਸੀਂ ਟਿਕਟਾਂ ਟੁੱਟਵੀਆਂ ਕਰਵਾਈਆਂ ਸਨ। ਦਿੱਲੀ-ਜਰਮਨੀ- ਕੈਨੇਡਾ।
ਮਨ ਵਿਚ ਸ਼ੰਕਾ ਸੀ ਕਿ ਟੋਰਾਂਟੋ ਦੇ ਹਵਾਈ ਅੱਡੇ ’ਤੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਵੇਗਾ। ਸਪਾਂਸਰਸ਼ਿਪ ਕਿਸੇ ਹੋਰ ਵੱਲੋਂ ਸੀ ਜਾ ਕਿਧਰੇ ਹੋਰ ਰਹੇ ਸਾਂ। ਵੀਜ਼ਾ ਮਿਲੇ ਨੂੰ ਵੀ ਡੇਢ ਸਾਲ ਤੋਂ ਉਪਰ ਹੋ ਗਿਆ ਸੀ। ਅਸੀਂ ਸਾਰੇ ਸਵਾਲਾਂ ਲਈ ਤਿਆਰ ਸਾਂ ਅਤੇ ਲੋੜੀਂਦੇ ਕਾਗਜ਼-ਪੱਤਰ ਵੀ ਤਿਆਰ ਕਰਕੇ ਫਾਈਲ ਹੱਥ ਵਿਚ ਫੜ੍ਹੀ ਸੀ। ਪਰ ਸੰਬੰਧਤ ਅਧਿਕਾਰੀ ਨੇ ਕੇਵਲ ਏਨਾ ਪੁੱਛਿਆ ਕਿੰਨੇ ਦਿਨ ਰੁਕੋਗੇ। ਇਕ ਨਜ਼ਰ ਸਾਡੇ ਚਿਹਰੇ ਵੱਲ ਮਾਰੀ ਅਤੇ ਪਾਸਪੋਰਟ ਦੇ ਸਾਰੇ ਪੰਨੇ ਫਰੋਲ ਕੇ ਵੇਖੇ ਕਿ ਕਿਥੋਂ ਵੀਜ਼ਾ ਲੱਗਾ ਹੈ।

ਬਾਹਰ ਨਿਕਲੇ ਤਾਂ ਅਜੀਬ ਲੁਕਣਮੀਚੀ ਆਰੰਭ ਹੋ ਗਈ ਕਿਉਂ ਕਿ ਕਈ ਦੋਸਤ ਮਿੱਤਰ, ਰਿਸ਼ਤੇਦਾਰ ਹਵਾਈ ਅੱਡੇ ਪਹੁੰਚੇ ਹੋਏ ਸਨ। ਸੱਭ ਤੋਂ ਪਹਿਲਾਂ ਮਲਵਿੰਦਰ ਸਿੰਘ ਅੱਗਲਵਾਂਢੀ ਆਣ ਮਿਲੇ। ਫੋਨ ਦੀ ਘੰਟੀ ਲਗਾਤਾਰ ਵੱਜੀ ਜਾ ਰਹੀ ਸੀ। ਡਾ. ਦਲਬੀਰ ਸਿੰਘ ਕਥੂਰੀਆ ਵਾਰ ਵਾਰ ਸਮਝਾ ਰਹੇ ਸਨ ਕਿ ਸਾਡੀ ਗੱਡੀ ਪਿੱਲਰ ਨੰਬਰ ਫਲਾਣੇ ਕੋਲ ਖੜੀ ਹੈ। ਓਧਰ ਪਿਆਰੇ ਮੁਹੱਬਤੀ ਰਿਸ਼ਤੇਦਾਰ ਗੁਰਸ਼ਰਨ ਸਿੰਘ ਗੋਨੀ ਆਪਣੇ ਬੇਟੇ ਨੂੰ ਨਾਲ ਲੈ ਕੇ ਪਹੁੰਚੇ ਹੋਏ ਸਨ ਪਰੰਤੂ ਕਾਰ ਵਧੇਰੇ ਸਮਾਂ ਇਕ ਥਾਂ ਖੜ੍ਹੀ ਕਰਨ ਦੀ ਆਗਿਆ ਨਾ ਹੋਣ ਕਾਰਨ ਉਹ ਇਧਰ ਓਧਰ ਚੱਕਰ ਲਗਾਉਂਦੇ ਹੋਏ ਲਗਾਤਾਰ ਫੋਨ ਕਰ ਰਹੇ ਸਨ।

ਅਖੀਰ ਡਾ. ਕਥੂਰੀਆ ਹੱਥਾਂ ਵਿਚ ਫੁੱਲਾਂ ਦਾ ਗੁਲਦਸਤਾ ਫੜੀ ਨਜ਼ਰ ਆਏ। ਉਨ੍ਹਾਂ ਨਾਲ ਪਾਕਿਸਤਾਨ ਤੋਂ ਆਏ ਗਾਇਕ ਕਲਾਕਾਰ ਵੀ ਜੀ ਆਇਆਂ ਕਹਿਣ ਲਈ ਪਹੁੰਚੇ ਹੋਏ ਸਨ। ਗੱਡੀ ਭਰ ਕੇ ਡਾ. ਕਥੂਰੀਆ ਨੇ ਆਪਣੇ ਰੈਸਟੋਰੈਂਟ ਦੇ ਬਾਹਰ ਜਾ ਰੋਕੀ। ਇੰਝ ਸ਼ਾਨਦਾਰ ਪ੍ਰਾਹੁਣਚਾਰੀ ਦੇ ਪਲਾਂ ਤੋਂ ਸ਼ੁਰੂ ਹੋਈ ਸਾਡੀ ਕੈਨੇਡਾ ਫੇਰੀ।

ਸਾਨੂੰ ਜੀ ਆਇਆਂ ਕਹਿਣ ਲਈ ਅਤੇ ਮੇਰੀ ਸਵੈ-ਜੀਵਨੀ ‘ਮੀਡੀਆ ਆਲੋਚਕ ਦੀ ਆਤਮਕਥਾ’ ਰਲੀਜ਼ ਕਰਨ ਲਈ ਬਰੈਂਪਟਨ, ਟਰਾਂਟੋ, ਸਰੀ ਅਤੇ ਵੈਨਕੂਵਰ ਦੀਆਂ ਸਿਰਕੱਢ ਸੰਸਥਾਵਾਂ ਅਤੇ ਸਖਸ਼ੀਅਤਾਂ ਨੇ ਸਾਰੇ ਸ਼ਹਿਰਾਂ ਵਿਚ ਸਮਾਗਮ ਰੱਖੇ ਹੋਏ ਸਨ।

ਪਹਿਲਾ ਸਮਾਗਮ ਡਾ. ਦਲਬੀਰ ਸਿੰਘ ਕਥੂਰੀਆ, ਚੇਅਰਮੈਨ ਵਿਸ਼ਵ ਪੰਜਾਬੀ ਭਵਨ ਅਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਅਗਵਾਈ ਵਿਚ ਡਾ. ਸੁਖਦੇਵ ਸਿੰਘ ਝੰਡ, ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਹਿਯੋਗ ਨਾਲ ਬਰੈਂਪਟਨ ਦੇ ਵਿਸ਼ਾਲ ਵਿਸ਼ਵ ਪੰਜਾਬੀ ਭਵਨ ਵਿਖੇ ਆਯੋਜਤ ਕੀਤਾ ਗਿਆ।

ਆਪਣੇ ਸੰਬੋਧਨ ਵਿਚ ਪ੍ਰਿੰਸੀਪਲ ਸਰਵਣ ਸਿੰਘ, ਡਾ. ਦਲਬੀਰ ਸਿੰਘ ਕਥੂਰੀਆ, ਸ੍ਰੀ ਸਤਿੰਦਰਪਾਲ ਸਿੰਘ ਸਿਧਵਾਂ, ਡਾ. ਸੁਖਦੇਵ ਸਿੰਘ ਝੰਡ, ਸ਼੍ਰੀ ਮਲਵਿੰਦਰ ਸਿੰਘ ਅਤੇ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਮੇਰੀ ਸਖਸ਼ੀਅਤ, ਮੇਰੇ ਜੀਵਨ ਸਫ਼ਰ, ਮੇਰੀ ਸਵੈ-ਜੀਵਨੀ ‘ਮੀਡੀਆ ਆਲੋਚਕ ਦੀ ਆਤਮਕਥਾ’ ਸੰਬੰਧੀ ਵਿਸਥਾਰ ਵਿਚ ਚਰਚਾ ਕੀਤੀ। ਸਮਾਗਮ ਐਨਾ ਭਰਵਾਂ ਤੇ ਪ੍ਰਭਾਵਸ਼ਾਲੀ ਸੀ ਕਿ ਮੈਨੂੰ ਭੁਲੇਖਾ ਪੈ ਰਿਹਾ ਸੀ ਕਿ ਮੈਂ ਪੰਜਾਬ ਵਿਚ ਹਾਂ ਜਾਂ ਵਿਦੇਸ਼ ਵਿਚ।

ਦੂਸਰਾ ਸਮਾਗਮ ਜਗਤ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਸ੍ਰੀ ਅਜੈਬ ਸਿੰਘ ਚੱਠਾ ਅਤੇ ਸ੍ਰੀ ਅਮਰ ਸਿੰਘ ਭੁੱਲਰ ਮੁਖ ਸੰਪਾਦਕ ਹਮਦਰਦ ਅਖ਼ਬਾਰ ਤੇ ਹਮਦਰਦ ਟੀ.ਵੀ. ਦੀ ਅਗਵਾਈ ਵਿਚ ਆਯੋਜਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸ੍ਰੀ ਅਜੈਬ ਸਿੰਘ ਚੱਠਾ, ਸ੍ਰੀ ਅਮਰ ਸਿੰਘ ਭੁੱਲਰ, ਪ੍ਰੋ. ਕਵਲਜੀਤ ਕੌਰ, ਸ੍ਰੀ ਮਲਵਿੰਦਰ ਸਿੰਘ ਨੇ ਮੇਰੇ ਮੀਡੀਆ ਸਫ਼ਰ, ਸਿੱਖਿਆ ਸਫ਼ਰ, ਹਫ਼ਤਾਵਾਰ ਕਾਲਮ ਟੈਲੀਵਿਜ਼ਨ ਸਮੀਖਿਆ ਅਤੇ ਮੀਡੀਆ ਆਲੋਚਕ ਦੀ ਆਤਮਕਥਾ ਬਾਰੇ ਦਿਲਚਸਪ ਯਾਦਾਂ ਸਾਂਝੀਆਂ ਕੀਤੀਆਂ।

ਤੀਸਰੀ ਇਕੱਤਰਤਾ ਪੰਜਾਬੀ ਪ੍ਰੈਸ ਕਲੱਬ ਬ੍ਰਿਟਿਸ਼ ਕੋਲੰਬੀਆ ਵੱਲੋਂ ਕੀਤੀ ਗਈ। ਬ੍ਰਿਟਿਸ਼ ਕੋਲੰਬਰੀਆ ਦੀਆਂ ਨਾਮਵਰ ਸੀਨੀਅਰ ਮੀਡੀਆ ਸ਼ਖ਼ਸੀਅਤਾਂ ਹਾਜ਼ਰ ਸਨ। ਜਰਨੈਲ ਸਿੰਘ ਆਰਟਿਸਟ ਇਸ ਸੰਸਥਾ ਦੇ ਜਨਰਲ ਸਕੱਤਰ ਹਨ। ਪ੍ਰੈਸ ਕਲੱਬ ਦੇ ਸਮੂਹ ਅਹੁਦੇਦਾਰਾਂ ਦੀ ਮੌਜੂਦਗੀ ਵਿਚ ਮੈਂ ਆਪਣੀ ਸਵੈ-ਜੀਵਨੀ ‘ਮੀਡੀਆ ਆਲੋਚਕ ਦੀ ਆਤਮਕਥਾ’ ਪ੍ਰੈਸ ਕਲੱਬ ਨੂੰ ਭੇਂਟ ਕੀਤੀ। ਮੀਡੀਆ ਖੇਤਰ ਵਿਚ ਸਰਗਰਮ ਸ਼ਖ਼ਸੀਅਤ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਸਵੈ-ਜੀਵਨੀ ਸੰਬੰਧੀ ਵਿਚਾਰ ਵਿਅਕਤ ਕੀਤੇ। ਇਹ ਹਰੇਕ ਪੱਖ ਤੋਂ ਇਕ ਸ਼ਾਨਦਾਰ ਤੇ ਮਿਆਰੀ ਇਕੱਤਰਤਾ ਸੀ।

ਚੌਥਾ ਤੇ ਆਖਰੀ ਸਮਾਗਮ ਨਾਮਵਰ ਤੇ ਰਚਿਤ ਹਸਤਾਖਰ ਸ੍ਰੀ ਸੁਖੀ ਬਾਠ ਦੀ ਅਗਵਾਈ ਵਿਚ ਪੰਜਾਬ ਭਵਨ ਸਰੀ ਵਿਖੇ ਹੋਇਆ। ਸਰੀ ਵਿਚ ਅਕਸਰ ਕਿਣਮਿਣ ਹੁੰਦੀ ਰਹਿੰਦੀ ਹੈ। ਅਸੀਂ ਪੰਜਾਬ ਭਵਨ ਪਹੁੰਚੇ ਤਾਂ ਉਦੋਂ ਕਿਣਮਿਣ ਤਿੱਖੇ ਮੀਂਹ ਵਿਚ ਬਦਲ ਗਈ ਸੀ। ਪੰਜਾਬ ਭਵਨ ਵਿਚ ਹੋਏ ਇਸ ਪ੍ਰਭਾਵਸ਼ਾਲੀ ਸਮਾਗਮ ਨੂੰ ਸ੍ਰੀ ਸੁਖੀ ਬਾਠ ਡਾ. ਪ੍ਰਿਥੀਪਾਲ ਸਿੰਘ ਸੋਹੀ ਅਤੇ ਸਾਬਕਾ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਡਾ. ਬੀ.ਐਸ. ਘੁੰਮਣ ਦੇ ਸ਼ਬਦਾਂ ਨੇ ਸਿਖ਼ਰ ’ਤੇ ਪਹੁੰਚਾ ਦਿੱਤਾ। ਡਾ. ਸੋਹੀ ਨੇ ਐਮ.ਏ. ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਹਾਣੀ ਆਰੰਭ ਕਰਕੇ, ਦੂਰਦਰਸ਼ਨ ਦੇ ਪ੍ਰੋਗਰਾਮ ‘ਖ਼ਾਸ ਖ਼ਬਰ ਇਕ ਨਜ਼ਰ’ ਰਾਹੀਂ ਹੁੰਦਿਆਂ ਅਜੋਕੇ ਸਮਿਆਂ ਦੀ ਗੱਲ ਕਰਦਿਆਂ ਪ੍ਰੋ. ਕੁਲਬੀਰ ਸਿੰਘ ਦੀ ਸ਼ਖ਼ਸੀਅਤ ਅਤੇ ਰਚਨਾ ਨੂੰ ਅਜਿਹਾ ਉਘਾੜਿਆ ਕਿ ਸਮਾਂ ਬੰਨ੍ਹ ਦਿੱਤਾ।

ਕੈਨੇਡਾ ਫੇਰੀ ਨੂੰ ਯਾਦਗਾਰੀ ਤੇ ਮਾਣਮੱਤੀ ਬਨਾਉਣ ਵਿਚ ਲੰਮੀਆਂ ਟੈਲੀਵਿਜ਼ਨ ਮੁਲਾਕਾਤਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਰੇਡੀਓ ਪੰਜਾਬ ਅਤੇ ਸਾਂਝਾ ਟੀ.ਵੀ. (ਮਨਜਿੰਦਰ ਪੰਨੂ, ਲਵੀ ਪੰਨੂ) ਵਤਨੋਂ ਪਾਰ ਟੀ.ਵੀ. ਟੋਰਾਂਟੋ (ਕੰਵਲਜੀਤ ਸਿੰਘ ਕੰਵਲ), ਹਮਦਰਦ ਟੀ.ਵੀ. ਟੋਰਾਂਟੋ (ਅਮਰ ਸਿੰਘ ਭੁੱਲਰ), ਚੈਨਲ ਪੰਜਾਬੀ (ਡਾ. ਗੁਰਵਿੰਦਰ ਸਿੰਘ ਧਾਲੀਵਾਲ), ਸ਼ੇਰੇ ਪੰਜਾਬ ਰੇਡੀਓ: ਰੇਡੀਓ ਟਾਕ ਸ਼ੋਅ (ਗੁਰਬਾਜ ਸਿੰਘ ਬਰਾੜ), ਵਿਸ਼ਵ ਪੰਜਾਬੀ ਸਾਂਝ ਟੀ.ਵੀ. (ਡਾ. ਦਲਬੀਰ ਸਿੰਘ ਕਥੂਰੀਆ) ਇਨ੍ਹਾਂ ਵਿਚੋਂ ਪ੍ਰਮੁੱਖ ਹਨ। ਜਦ ਵਾਪਿਸ ਪੰਜਾਬ ਪਹੁੰਚੇ ਤਾਂ ਜੱਸ ਟੀ.ਵੀ. ਅਮਰੀਕਾ (ਕੇ.ਪੀ. ਸਿੰਘ), ਡੀ ਡੀ ਪੰਜਾਬੀ (ਸੁਖਵਿੰਦਰ ਕੁਮਾਰ), ਆਨਲਾਈਨ ਸਕਾਈ ਟੀ.ਵੀ. (ਬਿੱਕੀ ਬਿਕਰਮਜੀਤ) ਨੇ ‘ਮੀਡੀਆ ਆਲੋਚਕ ਦੀ ਆਤਮਕਥਾ’ ਸੰਬੰਧੀ ਵਿਸਥਾਰਤ ਇੰਟਰਵਿਊ ਕੀਤੀਆਂ। (ਇਨ੍ਹਾਂ ਸਾਰੀਆਂ ਰੇਡੀਓ ਟੈਲੀਵਿਜ਼ਨ ਇੰਟਰਵਿਊ ਬਾਰੇ ਵੱਖਰਾ ਆਰਟੀਕਲ ਲਿਖਾਂਗਾ)।

ਸਾਡੀ ਕੈਨੇਡਾ ਫੇਰੀ ਸਫ਼ਲ ਨਾ ਹੁੰਦੀ ਅਤੇ ਐਨੇ ਸਮਾਗਮਾਂ, ਰੇਡੀਓ ਟੈਲੀਵਿਜ਼ਨ ਇੰਟਰਵਿਊ ਵਿਚ ਸ਼ਾਮਲ ਹੋਣਾ ਸੰਭਵ ਨਾ ਹੁੰਦਾ ਜੇਕਰ ਸਾਡੇ ਬਹੁਤ ਅਜੀਜ਼ ਗੁਰਸ਼ਰਨ ਸਿੰਘ ਗੋਨੀ, ਸੰਦੀਪ ਸਿੰਘ ਧੰਜੂ, ਸੁੱਖੀ ਬਾਠ, ਦਲਬੀਰ ਸਿੰਘ ਕਥੂਰੀਆ, ਸਤਿੰਦਰਪਾਲ ਸਿੰਘ ਸਿਧਵਾਂ, ਅਮਰ ਸਿੰਘ ਭੁੱਲਰ, ਅਜੈਬ ਸਿੰਘ ਚੱਠਾ, ਗੁਰਵਿੰਦਰ ਸਿੰਘ ਧਾਲੀਵਾਲ, ਜਗਦੀਪ ਸਿੰਘ ਮਿੰਟੂ, ਮਲਵਿੰਦਰ ਸਿੰਘ, ਮਦਨ ਸਿੰਘ ਅਤੇ ਸਤੀਸ਼ ਜੌੜਾ ਭਰਵਾਂ ਤੇ ਸਰਗਰਮ ਸਹਿਯੋਗ ਨਾ ਦਿੰਦੇ।