ਭਾਰਤੀ ਅਤੇ ਯੂਰਪੀ ਏਜੰਸੀਆਂ ਵਿਚਾਲੇ ਸਹਿਯੋਗ ਮਹੱਤਵਪੂਰਨ

ਪ੍ਰੋ. ਕੁਲਬੀਰ ਸਿੰਘ : ਸੋਸ਼ਲ ਮੀਡੀਆ ʼਤੇ ਫੇਜ ਨਿਊਜ਼ ਦਾ ਟਾਕਰਾ ਕਰਨ ਲਈ ਭਾਰਤੀ ਪੱਤਰਕਾਰਾਂ ਅਤੇ ਯੂਰਪੀ ਪੱਤਰਕਾਰਾਂ ਦਰਮਿਆਨ ਸਹਿਯੋਗ ਲਈ ਹੋਇਆ ਸਮਝੌਤਾ ਆਪਣੇ ਆਪ ਵਿਚ ਮਹੱਤਵਪੂਰਨ ਹੈ। ਇਹ ਉੱਦਮ ਭਾਰਤੀ ਨਿਊਜ਼ ਏਜੰਸੀ ਪੀਟੀਆਈ ਅਤੇ ਬੁਲਗਾਰੀਅਨ ਨਿਊਜ਼ ਏਜੰਸੀ (ਬੀਟੀਏ) ਵੱਲੋਂ ਸਾਂਝੇ ਤੌਰ ʼਤੇ ਕੀਤਾ ਗਿਆ ਹੈ। ਬੀਟੀਏ ਦੇ ਡਾਇਰੈਕਟਰ ਜਨਰਲ ਕਿਰਿਲ ਵਾਲਚੇਵ ਨੇ ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਕਿਹਾ ਕਿ ਫੇਕ ਨਿਊਜ਼ ਦਾ ਟਾਕਰਾ ਕਰਨ ਦਾ ਸਹੀ ਤੇ ਠੋਸ ਢੰਗ-ਤਰੀਕਾ ਅਸਲ ਤੇ ਸੱਚੀਆਂ ਖ਼ਬਰਾਂ ਨੂੰ ਸਾਹਮਣੇ ਲਿਆਉਣਾ ਹੈ ਅਤੇ ਇਹ ਕੰਮ ਨਿਊਜ਼ ਏਜੰਸੀਆਂ ਤੋਂ ਬਿਹਤਰ ਹੋਰ ਕੋਈ ਨਹੀਂ ਕਰ ਸਕਦਾ।

ਦਰਅਸਲ ਦੋਹਾਂ ਏਜੰਸੀਆਂ ਵੱਲੋਂ ਇਹ ਸਹਿਯੋਗ ਵਿਸ਼ੇਸ਼ ਤੌਰ ʼਤੇ ਚੋਣਾਂ ਦੇ ਪ੍ਰਸੰਗ ਵਿਚ ਕੀਤਾ ਗਿਆ ਹੈ। ਕਿਰਿਲ ਵਾਲਚੇਵ ਦਾ ਕਹਿਣਾ ਹੈ ਕਿ ਦੁਨੀਆਂ ਦੇ ਲੋਕਾਂ ਨੂੰ ਵੱਖ ਵੱਖ ਦੇਸ਼ਾਂ ਬਾਰੇ ਸਹੀ ਜਾਣਕਾਰੀ ਹੋਣੀ ਜ਼ਰੂਰੀ ਹੈ। ਬੀਟੀਏ ਨੇ ਭਾਰਤੀ ਚੋਣਾਂ ਸੰਬੰਧੀ ਪੂਰੇ ਯੂਰਪ ਨੂੰ ਜਾਣਕਾਰੀ ਮੁਹੱਈਆ ਕੀਤੀ।

ਦੁਨੀਆਂ ਭਰ ਵਿਚ ਖ਼ਬਰ-ਖੇਤਰ ਵਿਚ ਖ਼ਬਰ ਏਜੰਸੀਆਂ ਦੀ ਭੂਮਿਕਾ ਹਮੇਸ਼ਾ ਮਹੱਤਵਪੂਰਨ ਰਹੀ ਹੈ।
ਜਦ ਅਸੀਂ ਨਿਊਜ਼ ਏਜੰਸੀ ਦੇ ਸੰਕਲਪ ਅਤੇ ਕਾਰਜ ਸੰਬੰਧੀ ਜਾਣਕਾਰੀ ਹਾਸਲ ਕਰਦੇ ਹਾਂ ਤਾਂ ਉਸਦੀ ਭੂਮਿਕਾ ਤੇ ਜ਼ਿੰਮੇਵਾਰੀ ਬਾਰੇ ਪਤਾ ਚੱਲਦਾ ਹੈ। ਭਾਰਤ ਅਤੇ ਦੁਨੀਆਂ ਪੱਧਰ ʼਤੇ ਨਿਊਜ਼ ਏਜੰਸੀਆਂ ਦੀ ਲੰਮੀ ਸੂਚੀ ਹੈ। ਜਿਸ ਵਿਚ ਸਰਕਾਰੀ, ਗੈਰ ਸਰਕਾਰੀ, ਕੌਮੀ ਤੇ ਕੌਮਾਂਤਰੀ ਏਜੰਸੀਆਂ ਸ਼ਾਮਲ ਹਨ। ਅੱਗੋਂ ਇਨ੍ਹਾਂ ਦੀਆਂ ਸ਼੍ਰੇਣੀਆਂ ਹਨ। ਜਿਵੇਂ ਮਨੋਰੰਜਨ, ਖੇਡਾਂ, ਖੇਤੀਬਾੜੀ, ਕਾਰੋਬਾਰ, ਰਾਜਨੀਤੀ, ਸ਼ੇਅਰ ਬਜ਼ਾਰ, ਆਮ ਖ਼ਬਰਾਂ ਆਦਿ।

ਅੱਜ ਕਲ੍ਹ ਨਿਊਜ਼ ਏਜੰਸੀਆਂ ਅਖ਼ਬਾਰਾਂ, ਰੇਡੀਓ, ਟੈਲੀਵਿਜ਼ਨ ਦੇ ਨਾਲ ਨਾਲ ਸੋਸ਼ਲ ਮੀਡੀਆ ʼਤੇ ਵੀ ਖ਼ਬਰਾਂ ਸਾਂਝੀਆਂ ਕਰਦੀਆਂ ਹਨ।
ਭਾਰਤੀ ਅਤੇ ਯੂਰਪੀ ਨਿਊਜ਼ ਏਜੰਸੀਆਂ ਦੇ ਤਾਲਮੇਲ ਤੋਂ ਪਹਿਲਾਂ ਹੀ ਬਹੁਤ ਸਾਰੀਆਂ ਕੌਮਾਂਤਰੀ ਏਜੰਸੀਆਂ ਆਪਸ ਵਿਚ ਸਹਿਯੋਗ ਕਰ ਰਹੀਆਂ ਹਨ। ਜਦ ਨਿਊਜ਼ ਏਜੰਸੀਆਂ ਆਪਣਾ ਦਾਇਰਾ ਕੌਮੀ ਤੋਂ ਕੌਮਾਂਤਰੀ ਪੱਧਰ ਤੱਕ ਫੈਲਾਉਂਦੀਆਂ ਹਨ ਤਾਂ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਉਨ੍ਹਾਂ ਨੂੰ ਤੱਥਾਂ, ਅੰਕੜਿਆਂ ਅਤੇ ਸੱਚਾਈ ʼਤੇ ਇਨਬਿਨ ਪਹਿਰਾ ਦੇਣਾ ਪੈਂਦਾ ਹੈ।

ਨਿਊਜ਼ ਏਜੰਸੀਆਂ ਵਧੇਰੇ ਕਰਕੇ ਪ੍ਰਮੁੱਖ ਖ਼ਬਰਾਂ ʼਤੇ ਧਿਆਨ ਕੇਂਦਰਿਤ ਕਰਦੀਆਂ ਹਨ। ਭਾਵੇਂ ਇਨ੍ਹਾਂ ਏਜੰਸੀਆਂ ਦੇ ਸਰੋਤ ਵੱਖ ਵੱਖ ਤਰ੍ਹਾਂ ਦੇ ਹੁੰਦੇ ਹਨ ਪਰ ਵਧੇਰੇ ਕਰਕੇ ਇਹ ਆਪਣੇ ਪੱਤਰਕਾਰਾਂ ʼਤੇ ਨਿਰਭਰ ਕਰਦੀਆਂ ਹਨ ਜਿਹੜੇ ਜ਼ਮੀਨੀ ਪੱਧਰ ਤੋਂ ਜਾਣਕਾਰੀ ਪ੍ਰਾਪਤ ਕਰਕੇ ਸਟੋਰੀ ਤਿਆਰ ਕਰਦੇ ਹਨ। ਏਜੰਸੀਆਂ ਆਪਸ ਵਿਚ ਇਕ ਦੂਜੇ ਤੋਂ ਵੀ ਖ਼ਬਰਾਂ ਅਤੇ ਡਾਟਾ ਲੈ ਲੈਂਦੀਆਂ ਹਨ।

ਤਕਨੀਕੀ ਸਹੂਲਤਾਂ ਨੇ ਏਜੰਸੀਆਂ ਦਾ ਕੰਮ ਸੌਖਾ ਕਰ ਦਿੱਤਾ ਹੈ। ਬਾਵਜੂਦ ਇਸਦੇ ਵਿਸ਼ਵ ਦੀਆਂ ਪ੍ਰਮੁੱਖ ਨਿਊਜ਼ ਏਜੰਸੀਆਂ ਕੋਲ ਆਪਣੇ ਪੱਤਰਕਾਰਾਂ ਦਾ ਵਿਸ਼ਾਲ ਤੇ ਮਜ਼ਬੂਤ ਨੈਟਵਰਕ ਹੈ। ਉਦਾਹਰਨ ਵਜੋਂ ਰਾਇਟਰਜ਼ (Reuters) ਕੋਲ 3000 ਤੋਂ ਵੱਧ ਏਜੰਟ ਹਨ। ਜਿਨ੍ਹਾਂ ਵਿਚੋਂ 2500 ਪੱਤਰਕਾਰ ਹਨ ਅਤੇ 600 ਫੋਟੋ ਪੱਤਰਕਾਰ ਹਨ।

ਅੱਜ ਕਲ੍ਹ ਨਿਊਜ਼ ਏਜੰਸੀਆਂ ਲਿਖਤੀ, ਆਡੀਓ ਅਤੇ ਵੀਡੀਓ ਤਿੰਨਾਂ ਰੂਪਾਂ ਵਿਚ ਖ਼ਬਰਾਂ ਮੁਹੱਈਆ ਕਰਦੀਆਂ ਹਨ। ਸੋਸ਼ਲ ਮੀਡੀਆ ʼਤੇ ਫਰਜ਼ੀ ਖ਼ਬਰਾਂ ਦੀ ਭਰਮਾਰ ਨਾਲ ਖ਼ਬਰਾਂ ਦੇ ਸਰੋਤ ਦਾ ਮਹੱਤਵ ਬਹੁਤ ਵੱਧ ਗਿਆ ਹੈ। ਅਜੋਕੇ ਸਮਿਆਂ ਵਿਚ ਏਜੰਸੀਆ ਦੇ ਮਹੱਤਵ ਨੂੰ ਇਸ ਪ੍ਰਸੰਗ ਵਿਚ ਵੀ ਸਮਝਣ ਦੀ ਲੋੜ ਹੈ ਅਤੇ ਇਸੇ ਪ੍ਰਸੰਗ ਵਿਚ ਏਜੰਸੀਆਂ ਦੇ ਵਿਸ਼ਵ-ਵਿਆਪੀ ਤਾਲਮੇਲ ਅਤੇ ਸਹਿਯੋਗ ਦੀ ਜ਼ਰੂਰਤ ਵੀ ਸ਼ਿੱਦਤ ਨਾਲ ਮਹਿਸੂਸ ਹੋਣ ਲੱਗੀ ਹੈ।

ਪੀਟੀਆਈ ਭਾਰਤ ਦੀ ਇਕ ਪ੍ਰਮੁੱਖ ਨਿਊਜ਼ ਏਜੰਸੀ ਹੈ। ਇਸਦੀ ਸਥਾਪਨਾ 27 ਅਗਸਤ 1947 ਨੂੰ ਕੀਤੀ ਗਈ ਸੀ। ਇਹ ਏਜੰਸੀ ਆਪਣੀਆਂ ਸੇਵਾਵਾਂ ਟੈਲੀਪ੍ਰਿੰਟਰ ਤੋਂ ਆਰੰਭ ਕਰਕੇ ਇੰਟਰਨੈਟ ਅਤੇ ਉਪਗ੍ਰਹਿ ਦੁਆਰਾ ਵੀ ਮੁਹੱਈਆ ਕਰ ਰਹੀ ਹੈ। ਇਸਦੇ 1300 ਦੇ ਕਰੀਬ ਕਰਮਚਾਰੀ ਹਨ ਜਿਨ੍ਹਾਂ ਵਿਚੋਂ 400 ਪੱਤਰਕਾਰ ਹਨ। ਭਾਰਤ ਵਿਚ ਇਸਦੇ 80 ਦਫ਼ਤਰ ਅਤੇ ਵਿਦੇਸ਼ਾਂ ਦੇ ਪਮੁੱਖ ਸ਼ਹਿਰਾਂ ਵਿਚ ਇਸਦੇ ਪ੍ਰਤੀਨਿਧ ਹਨ। ਇਸ ਕੋਲ 350 ਤੋਂ ਵੱਧ ਸਟ੍ਰਿੰਗਰ ਹਨ।

ਹੁਣ ਜਿੱਥੇ ਇਸਦੇ ਯੂਰਪ ਦੀ ਮਹੱਤਵਪੂਰਨ ਖ਼ਬਰ ਏਜੰਸੀ ਨਾਲ ਤਾਲਮੇਲ ਅਤੇ ਸਹਿਯੋਗ ਦੀਆਂ ਖ਼ਬਰਾਂ ਆਈਆਂ ਹਨ ਉਥੇ ਇਸਦੇ ਏਸ਼ੀਆ ਪਲੱਸ ਇੰਟਰਨੈਸ਼ਨਲ ਤੇ ਏਸ਼ੀਆਮੇਟ ਨਾਲ ਆਦਾਨ ਪ੍ਰਦਾਨ ਲਈ ਪਹਿਲਾਂ ਤੋਂ ਨਿੱਘੇ ਸੰਬੰਧ ਹਨ।

ਆਪਣੇ 76 ਸਾਲਾ ਸਫ਼ਰ ਦੌਰਾਨ ਇਸਨੇ ਕਈ ਉਤਰਾਅ ਚੜ੍ਹਾਅ ਵੇਖੇ। ਸਮੇਂ ਦੀਆਂ ਲੋੜਾਂ ਅਨੁਸਾਰ ਆਪਣੀਆਂ ਸੇਵਾਵਾਂ ਨੂੰ ਤਬਦੀਲ ਕੀਤਾ, ਢਾਲਿਆ। ਅੱਜ ਪੀਟੀਆਈ ਕੋਲ ਇਕ ਮਜ਼ਬੂਤ, ਵਿਸ਼ਾਲ ਤੇ ਸਮਰੱਥ ਨੈਟਵਰਕ ਹੈ। ਨੇੜ-ਭਵਿੱਖ ਵਿਚ ਇਹ ਦੁਨੀਆਂ ਦੇ ਹੋਰ ਹਿੱਸਿਆਂ ਨਾਲ ਵੀ ਆਪਸੀ ਸਹਿਯੋਗ ਦੇ ਰਿਸ਼ਤੇ ਕਾਇਮ ਕਰੇਗੀ, ਅਜਿਹੀ ਉਮੀਦ ਹੈ।