ਕਰੀਬ 32 ਸਾਲ ਪਹਿਲਾਂ ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 22 ਜੂਨ 1991 ਨੂੰ ਕਰਾਉਣ ਦਾ ਫੈਸਲਾ ਲਿਆ ਸੀ। ਅੱਤਵਾਦ ਕਾਰਨ ਪੰਜਾਬ 1985 ਵਿੱਚ ਗਵਰਨਰ ਰਾਜ ਹੇਠ ਆਇਆ ਸੀ ਤੇ ਉਸ ਤੋਂ ਬਾਅਦ ਹੋਣ ਵਾਲੀਆਂ ਇਹ ਪਹਿਲੀਆਂ ਵਿਧਾਨ ਸਭਾ ਚੋਣਾਂ ਸਨ। ਉਸ ਵੇਲੇ ਪੰਜਾਬ ਵਿੱਚ ਅੱਤਵਾਦ ਦਾ ਸਿਖਰ ਸੀ ਤੇ ਅੱਤਵਾਦੀਆਂ ਵੱਲੋਂ ਐਨਾ ਖੂਨ ਖਰਾਬਾ ਕੀਤਾ ਗਿਆ ਸੀ ਕਿ ਮਜ਼ਬੂਰ ਹੋ ਕੇ ਚੋਣ ਕਮਿਸ਼ਨ ਨੂੰ 21 ਜੂਨ ਦੀ ਰਾਤ ਚੋਣਾਂ ਰੱਦ ਕਰਨੀਆਂ ਪਈਆਂ। ਮੈਂ 1990 ਵਿੱਚ ਬਤੌਰ ਏ.ਐਸ.ਆਈ. ਭਰਤੀ ਹੋਇਆ ਸੀ ਤੇ ਟਰੇਨਿੰਗ ਦੇ ਦੌਰਾਨ ਹੀ ਇੰਸਪੈਕਟਰ ਦੀਆਂ ਪੋਸਟਾਂ ਨਿਕਲੀਆਂ ਤੇ ਮੈਂ ਸਲੈਕਟ ਹੋ ਗਿਆ ਸੀ। ਪਰ ਬਦਕਿਸਮਤੀ ਕਾਰਨ 15 ਮਈ ਨੂੰ ਸਾਡੀ ਲਿਸਟ ਆਊਟ ਹੋਈ ਤੇ ਤਿੰਨ ਦਿਨ ਬਾਅਦ ਹੀ ਚੋਣ ਜ਼ਾਬਤਾ ਲੱਗ ਗਿਆ ਜਿਸ ਕਾਰਨ ਸਾਡਾ ਸਾਰਾ ਬੈਚ ਡਿਊਟੀ ਜੌਇਨ ਕਰਨ ਤੋਂ ਰਹਿ ਗਿਆ। ਇਨ੍ਹਾਂ ਚੋਣਾਂ ਦਾ ਕਾਂਗਰਸ ਨੇ ਬਾਈਕਾਟ ਕੀਤਾ ਸੀ ਪਰ ਬਾਕੀ ਸਾਰੀਆਂ ਪਾਰਟੀਆਂ ਚੋਣਾਂ ਲੜ ਰਹੀਆਂ ਸਨ। ਸਭ ਤੋਂ ਅਜੀਬ ਗੱਲ ਇਹ ਹੋਈ ਸੀ ਕਿ 80 ਤੋਂ ਵੱਧ ਸੀਟਾਂ ਤੇ ਪੰਜਾਬ ਦੇ ਚੋਟੀ ਦੇ ਅੱਤਵਾਦੀਆਂ ਦੇ ਰਿਸ਼ਤੇਦਾਰ ਅਤੇ ਹਮਾਇਤੀ ਬਤੌਰ ਅਜ਼ਾਦ ਉਮੀਦਵਾਰ ਚੋਣ ਲੜ ਰਹੇ ਸਨ। ਉਨ੍ਹਾਂ ਨੇ ਐਲਾਨ ਕਰ ਦਿੱਤਾ ਕਿ ਸਾਡੀ ਸਰਕਾਰ ਬਣਦੇ ਸਾਰ ਪਿਛਲੀਆਂ ਸਾਰੀਆਂ ਭਰਤੀਆਂ ਰੱਦ ਕਰ ਦਿੱਤੀਆਂ ਜਾਣਗੀਆਂ ਤੇ ਦੁਬਾਰਾ ਭਰਤੀਆਂ ਕਰ ਕੇ ਆਪਣੇ ਬੰਦੇ ਭਰਤੀ ਕੀਤੇ ਜਾਣਗੇ।
ਇਹ ਐਲਾਨ ਸੁਣ ਕੇ ਸਾਡੇ ਬੈਚ ਦੇ ਪੈਰਾਂ ਥੱਲਿਉਂ ਜ਼ਮੀਨ ਖਿਸਕ ਗਈ ਕਿ ਸਾਡੀ ਇੰਸਪੈਕਟਰੀ ਤਾਂ ਹੁਣ ਗਈ। ਉਸ ਵੇਲੇ ਚੋਣ ਕਮਿਸ਼ਨ ਦਾ ਨਿਯਮ ਹੁੰਦਾ ਸੀ ਕਿ ਕਿਸੇ ਵੀ ਉਮੀਦਵਾਰ ਦੇ ਮਰਨ ‘ਤੇ ਉਸ ਹਲਕੇ ਦੀ ਚੋਣ ਮੁਅੱਤਲ ਕਰ ਦਿੱਤੀ ਜਾਂਦੀ ਸੀ। ਅੱਤਵਾਦੀ ਇਨ੍ਹਾਂ ਚੋਣਾਂ ਵਿੱਚ ਡਬਲ ਗੇਮ ਖੇਡ ਰਹੇ ਸਨ, ਇੱਕ ਪਾਸੇ ਤਾਂ ਉਹ ਆਪਣੀ ਵਿਚਾਰਧਾਰਾ ਵਾਲੇ ਉਮੀਦਵਾਰਾਂ ਨੂੰ ਜਿਤਾਉਣ ਲਈ ਵੋਟਰਾਂ ਨੂੰ ਧਮਕਾ ਰਹੇ ਸਨ ਪਰ ਦੂਸਰੇ ਪਾਸੇ ਮੁੱਖ ਧਾਰਾ ਵਾਲੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਤਲ ਕਰ ਰਹੇ ਸਨ। ਇਨ੍ਹਾਂ ਚੋਣਾਂ ਵਿੱਚ ਰਿਕਾਰਡ 24 ਉਮੀਦਵਾਰਾਂ ਸਮੇਤ 87 ਪ੍ਰਮੁੱਖ ਸਿਆਸੀ ਵਿਅਕਤੀ ਕਤਲ ਹੋਏ ਸਨ। ਪਿੰਡਾਂ ਵਿੱਚ ਸ਼ਰੇਆਮ ਸਪੀਕਰਾਂ ‘ਤੇ ਐਲਾਨ ਕੀਤੇ ਜਾਂਦੇ ਸਨ ਕਿ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਵਾਲਿਆਂ ਨੂੰ ਸਣੇ ਪਰਿਵਾਰ ਸੋਧ ਦਿੱਤਾ ਜਾਵੇਗਾ। ਹੱਦ ਉਦੋਂ ਹੋ ਗਈ ਜਦੋਂ ਅੱਤਵਾਦੀਆਂ ਨੇ ਲੁਧਿਆਣਾ ਨੇੜੇ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਕਤਲੇਆਮ ਕਰ ਦਿੱਤਾ। 15 ਜੂਨ 1991 ਵਾਲੇ ਦਿਨ ਬੱਦੋਵਾਲ ਸਟੇਸ਼ਨ (ਲਧਿਆਣਾ) ਦੇ ਨਜ਼ਦੀਕ ਦੋ ਮੁਸਾਫਰ ਟਰੇਨਾਂ ਨੂੰ ਰੋਕ ਕੇ ਇੱਕ ਫਿਰਕੇ ਨਾਲ ਸਬੰਧਿਤ 80 ਬੇਗੁਨਾਹਾਂ ਨੂੰ ਕਤਲ ਤੇ 50 ਦੇ ਕਰੀਬ ਨੂੰ ਜ਼ਖਮੀ ਕਰ ਦਿੱਤਾ ਗਿਆ।
ਉਸ ਸਮੇਂ ਮੈਂ ਫਰੀਦਕੋਟ ਜਿਲ੍ਹੇ ਵਿਖੇ ਤਾਇਨਾਤ ਸੀ ਤੇ ਫਿਲੌਰ ਤੋਂ ਬੇਸਿਕ ਟਰੇਨਿੰਗ ਕਰ ਕੇ ਨਵਾਂ ਨਵਾਂ ਹੀ ਵਾਪਿਸ ਆਇਆ ਸੀ। ਚੋਣਾਂ ਵਿੱਚ ਮੇਰੀ ਵੀ ਡਿਊਟੀ ਲੱਗ ਗਈ ਤੇ ਮੈਨੂੰ ਇੱਕ ਪੋਲਿੰਗ ਪਾਰਟੀ ਦਾ ਸੁਰੱਖਿਆ ਇੰਚਾਰਜ ਬਣਾ ਕੇ 10 ਪੁਲਿਸ ਅਤੇ ਹੋਮਗਾਰਡ ਦੇ ਜਵਾਨਾਂ ਸਮੇਤ ਸਾਦਿਕ ਥਾਣੇ ਦੇ ਇੱਕ ਪਿੰਡ ਵਿੱਚ ਵੋਟਾਂ ਪਵਾਉਣ ਲਈ ਭੇਜ ਦਿੱਤਾ ਗਿਆ। ਅੱਜ ਕਲ੍ਹ ਤਾਂ ਚੋਣ ਅਮਲਾ ਬੱਸਾਂ ਵਿੱਚ ਜਾਂਦਾ ਹੈ, ਪਰ ਉਨ੍ਹਾਂ ਦਿਨਾਂ ਵਿੱਚ ਟਰੱਕ ਯੂਨੀਅਨ ਤੋਂ ਵਗਾਰ ਵਿੱਚ ਲਿਆਂਦੇ ਟੁੱਟੇ ਭੱਜੇ ਟਰੱਕਾਂ ਵਿੱਚ ਜਾਇਆ ਕਰਦੇ ਸੀ। ਰੱਬ ਰੱਬ ਕਰਦੇ ਕਿ ਰਾਹ ਵਿੱਚ ਕਿਤੇ ਅੱਤਵਾਦੀਆਂ ਨੇ ਬਾਰੂਦੀ ਸੁਰੰਗ ਨਾ ਲਗਾਈ ਹੋਵੇ, ਅਸੀਂ ਸੁੱਖੀ ਸਾਂਦੀ ਸ਼ਾਮ 6 ਕੁ ਵਜੇ ਸਕੂਲ ਵਿੱਚ ਪਹੁੰਚ ਗਏ। ਅੱਗੇ ਪਿੰਡ ਦੇ ਸਰਕਾਰੀ ਹਾਈ ਸਕੂਲ ਦੀ ਹਾਲਤ ਸਾਡੇ ਟਰੱਕ ਨਾਲੋਂ ਵੀ ਬੁਰੀ ਸੀ, ਨਾ ਕੋਈ ਦੀਵਾਰ ਤੇ ਨਾ ਬਿਜਲੀ ਦਾ ਕੁਨੈੱਕਸ਼ਨ। ਬਿਜਲੀ ਤਾਂ ਉਦੋਂ ਪਿੰਡਾਂ ਵਿੱਚ ਵੈਸੇ ਵੀ ਘੱਟ ਵੱਧ ਹੀ ਆਉਂਦੀ ਹੁੰਦੀ ਸੀ। ਖੈਰ ਮਾਸਟਰਾਂ ਨੇ ਸਮਾਨ ਉਤਾਰ ਕੇ ਇੱਕ ਕਮਰੇ ਵਿੱਚ ਟਿਕਾ ਲਿਆ ਤੇ ਕਾਗਜ਼ ਪੱਤਰ ਆਦਿ ਪੂਰੇ ਕਰਨ ਲੱਗ ਪਏ। ਸਾਨੂੰ ਆਇਆਂ ਵੇਖ ਕੇ ਪਿੰਡ ਦਾ ਚੌਕੀਦਾਰ ਤੇ ਦੋ ਤਿੰਨ ਮੋਹਤਬਰ ਵਿਅਕਤੀ ਰੋਟੀ ਪਾਣੀ ਅਤੇ ਮੰਜੇ ਬਿਸਤਰਿਆਂ ਆਦਿ ਬਾਰੇ ਪੁੱਛਣ ਲਈ ਸਕੂਲ ਵਿੱਚ ਪਹੁੰਚ ਗਏ। ਅਸੀਂ ਉਨ੍ਹਾਂ ਨਾਲ ਗੱਲ ਬਾਤ ਕਰ ਹੀ ਰਹੇ ਸੀ ਕਿ ਪਿੰਡ ਦੇ ਧਾਰਮਿਕ ਸਥਾਨ ਦਾ ਸਪੀਕਰ ਗੂੰਜ ਉੱਠਿਆ, “ਸਾਰੇ ਮਾਈ ਭਾਈ ਧਿਆਨ ਨਾਲ ਨੋਟ ਕਰ ਲੈਣ। ਸਿੰਘਾਂ (ਅੱਤਵਾਦੀਆਂ) ਨੇ ਹੁਕਮ ਕੀਤਾ ਹੈ ਕਿ ਜਿਸ ਵੀ ਵਿਅਕਤੀ ਨੇ ਪੋਲਿੰਗ ਪਾਰਟੀ ਨੂੰ ਚਾਹ ਪਾਣੀ ਪਿਆਉਣ ਜਾਂ ਮੰਜੇ ਬਿਸਤਰੇ ਦੇਣ ਦੀ ਕੋਸ਼ਿਸ਼ ਕੀਤੀ, ਉਹ ਆਪਣੇ ਨਫੇ ਨੁਕਸਾਨ ਦਾ ਖੁਦ ਜ਼ਿੰਮੇਵਾਰ ਹੋਵੇਗਾ।”
ਅਜੇ ਅਸੀਂ ਆਪਸ ਵਿੱਚ ਮੰਜਿਆਂ ਦੀ ਗਿਣਤੀ ਤੇ ਰੋਟੀ ਸਬਜ਼ੀ ਜਾਂ ਮੁਰਗੇ ਨਾਲ ਖਾਣ ਬਾਰੇ ਸਲਾਹਾਂ ਕਰ ਹੀ ਰਹੇ ਸੀ ਕਿ ਅਨਾਊਂਮੈਂਟ ਸੁਣ ਕੇ ਸਾਰੇ ਮੋਹਤਬਰ ਗਧੇ ਦੇ ਸਿਰ ਤੋਂ ਸਿੰਗਾਂ ਵਾਂਗ ਗਾਇਬ ਹੋ ਗਏ। ਸਾਰਾ ਚੋਣ ਅਮਲਾ ਸਵੇਰ ਦਾ ਭੁੱਖਣ ਭਾਣਾ ਸੀ ਤੇ ਉਤੋਂ ਇਹ ਨਵੀਂ ਮੁਸੀਬਤ ਗਲ ਪੈ ਗਈ। ਸਾਡੇ ਨਾਲ ਜੱਗਾ ਜੁਗਾੜੀ ਨਾਮ ਦਾ ਇੱਕ ਹੌਲਦਾਰ ਸੀ ਜੋ ਕਾਫੀ ਦੇਰ ਤੱਕ ਥਾਣਾ ਸਾਦਿਕ ਵਿੱਚ ਤਾਇਨਾਤ ਰਿਹਾ ਸੀ ਤੇ ਉਸ ਪਿੰਡ ਵਿੱਚ ਉਸ ਦੀ ਪਤਨੀ ਦੇ ਨਾਨਕੇ ਸਨ। ਸਾਰਿਆਂ ਨੇ ਉਸ ਨੂੰ ਤਰਲੇ ਪਾਏ ਕਿ ਹੁਣ ਉਹ ਹੀ ਕੁਝ ਜੁਗਾੜ ਕਰੇ। ਉਸ ਨੇ ਕਿਹਾ ਕਿ ਮੰਜੇ ਬਿਸਤਰੇ ਲਿਆ ਕੇ ਤਾਂ ਮੈਂ ਰਿਸ਼ਤੇਦਾਰ ਖਤਰੇ ਵਿੱਚ ਨਹੀਂ ਪਾਉਣੇ ਕਿਉਂਕਿ ਸਾਰਿਆਂ ਨੇ ਵੇਖ ਲੈਣਾ ਹੈ, ਪਰ ਥੋੜ੍ਹਾ ਹਨੇਰਾ ਹੋਣ ਤੇ ਲੁਕ ਛਿਪ ਕੇ ਰੋਟੀਆਂ ਜਰੂਰ ਲੈ ਆਵਾਂਗਾ। ਉਹ ਨੌਂ ਕੁ ਵਜੇ ਗਿਆ ਤੇ ਦੋ ਘੰਟਿਆਂ ਬਾਅਦ 35 40 ਰੋਟੀਆਂ ਅਚਾਰ ਨਾਲ ਅਖਬਾਰ ਵਿੱਚ ਵਲੇਟ ਕੇ ਲੈ ਆਇਆ। ਐਨੀ ਦੇਰ ਲਾਉਣ ਦਾ ਕਾਰਨ ਪੁੱਛਣ ‘ਤੇ ਉਸ ਨੇ ਦੱਸਿਆ ਕਿ ਅੱਤਵਾਦੀਆਂ ਤੋਂ ਡਰਦਿਆਂ ਪਹਿਲਾਂ ਤਾਂ ਰਿਸ਼ਤੇਦਾਰਾਂ ਨੇ ਦਰਵਾਜ਼ਾ ਹੀ ਨਹੀਂ ਖੋਲ੍ਹਿਆ। ਜਦੋਂ ਉਹ ਕੰਧ ਟੱਪ ਕੇ ਅੰਦਰ ਪਹੁੰਚਿਆ ਤਾਂ ਉਨ੍ਹਾਂ ਦੇ ਕੁੱਤੇ ਨੇ ਉਸ ਦੀ ਲੱਤ ਪਕੜ ਲਈ ਤੇ ਵਿਚਾਰੇ ਦਾ ਪਜਾਮਾ ਵੀ ਪਾਟ ਗਿਆ। ਉੱਤੋਂ ਮਾਮੇ ਸਹੁਰੇ ਨੇ 100 ਗਾਲ੍ਹਾਂ ਕੱਢੀਆਂ, “ਤੂੰ ਸਾਲਿਆ ਕਿੱਥੋਂ ਆਣ ਮਰਿਆਂ ਐਸ ਵੇਲੇ, ਸਾਡੇ ਬੱਚੇ ਮਰਵਾਉਣੇ ਈਂ ਅੱਤਵਾਦੀਆਂ ਤੋਂ?” ਪਰ ਵਿਚਾਰਾ ਐਨੀ ਬੇਇੱਜ਼ਤੀ ਕਰਵਾ ਕੇ ਵੀ ਰੋਟੀਆਂ ਲਿਆਉਣ ਵਿੱਚ ਕਾਮਯਾਬ ਹੋ ਹੀ ਗਿਆ। ਅਸੀਂ ਸਾਰਿਆਂ ਨੇ ਉਸ ਦਾ ਧੰਨਵਾਦ ਕੀਤਾ ਤੇ ਪਾਣੀ ਨਾਲ ਰੋਟੀਆਂ ਅੰਦਰ ਲੰਘਾ ਲਈਆਂ। ਐਨੀ ਭੁੱਖ ਲੱਗੀ ਸੀ ਕਿ ਅੱਜ ਤੱਕ ਮੈਨੂੰ ਕਦੇ ਰੋਟੀ ਦਾ ਐਨਾ ਆਨੰਦ ਨਹੀਂ ਆਇਆ।
ਜੁਗਾੜੀ ਰੋਟੀ ਦੇ ਨਾਲ ਨਾਲ ਸਹੁਰਿਆਂ ਦੇ ਘਰੋਂ ਦੇਸੀ ਸ਼ਰਾਬ ਦੀਆਂ ਦੋ ਬੋਤਲਾਂ ਵੀ ਚੁੱਕ ਲਿਆਇਆ ਸੀ। ਦੋ ਤਿੰਨ ਪੁਲਿਸ ਮੁਲਾਜ਼ਮਾਂ ਅਤੇ ਚਾਰ ਕੁ ਮਾਸਟਰਾਂ ਨੂੰ ਛੱਡ ਕੇ ਬਾਕੀ ਸਾਰੇ ਟੱਲੀ ਹੋ ਗਏ। ਉਸ ਨੇ ਹੱਸਦੇ ਹੋਏ ਮੈਨੂੰ ਮਜ਼ਾਕ ਕੀਤਾ, “ਜ਼ਨਾਬ ਤੁਸੀਂ ਵੀ ਪੀ ਲਉ, ਅੱਤਵਾਦੀਆਂ ਦੀ ਗੋਲੀ ਵੱਜਣ ਦੀ ਪੀੜ ਨਹੀਂ ਹੋਵੇਗੀ।” ਰੋਟੀ ਖਾਣ ਤੋਂ ਬਾਅਦ ਸੌਣ ਦਾ ਪੰਗਾ ਪੈ ਗਿਆ। ਮੇਰੇ ਸਮੇਤ ਜਿਹੜੇ ਮੁਲਾਜ਼ਮ ਤੇ ਮਾਸਟਰ ਸੋਫੀ ਸਨ, ਉਹ ਕੰਧਾਂ ਕੌਲਿਆਂ ਨੂੰ ਹੱਥ ਪਾ ਕੇ ਛੱਤ ‘ਤੇ ਚੜ੍ਹ ਗਏ ਤੇ ਸ਼ਰਾਬੀਆਂ ਨੇ ਐਨੀ ਗਰਮੀ ਵਿੱਚ ਵੀ ਅੱਤਵਾਦੀਆਂ ਤੋਂ ਡਰਦਿਆਂ ਕਮਰੇ ਵਿੱਚ ਵੜ ਕੇ ਕੁੰਡਾ ਮਾਰ ਲਿਆ। ਅਸੀਂ ਸਕੂਲ ਦੇ ਪੰਜ ਛੇ ਬੈਂਚ ਵੀ ਉੱਪਰ ਲੈ ਗਏ ਕਿ ਇਨ੍ਹਾਂ ‘ਤੇ ਪੈ ਕੇ ਔਖੇ ਸੌਖੇ ਰਾਤ ਕੱਟ ਲਵਾਂਗੇ। ਪਰ ਥੱਲੇ ਪਏ ਸ਼ਰਾਬੀ ਮੁਲਾਜ਼ਮਾਂ ਦੇ ਖਰਾਸ ਵਾਂਗ ਚੱਲਦੇ ਘੁਰਾੜਿਆਂ, ਮੱਖੀਆਂ ਜਿੱਡੇ ਮੋਟੇ ਮੱਛਰਾਂ ਅਤੇ ਅੱਤਵਾਦੀਆਂ ਦੇ ਡਰ ਕਾਰਨ ਨੀਂਦ ਕਿਸ ਨੂੰ ਆਉਣੀ ਸੀ? ਸਵੇਰੇ ਅਸੀਂ ਵਾਰੀ ਵਾਰੀ ਸਕੂਲ ਦੇ ਨਲਕੇ ਤੋਂ ਨਹਾ ਰਹੇ ਸੀ ਕਿ ਕਲ੍ਹ ਵਾਲਾ ਟਰੱਕ ਛੇ ਸੱਤ ਮੁਲਾਜ਼ਮਾਂ ਦੀ ਰਾਖੀ ਹੇਠ ਦੁਬਾਰਾ ਸਕੂਲ ਵਿੱਚ ਆਣ ਵੜਿਆ। ਇੱਕ ਸਿਪਾਹੀ ਟਰੱਕ ਵੱਲ ਗਿਆ ਤੇ ਕੁਝ ਗੱਲ ਬਾਤ ਕਰਨ ਤੋਂ ਬਾਅਦ ਮੇਰੇ ਵੱਲ ਨੂੰ ਭੱਜ ਪਿਆ, “ਵਧਾਈ ਹੋਵੇ ਜ਼ਨਾਬ, ਵਧਾਈ ਹੋਵੇ ਬਚ ਗਈ ਤੁਹਾਡੀ ਇੰਸਪੈਕਟਰੀ, ਰਾਤੀਂ ਚੋਣਾਂ ਕੈਂਸਲ ਹੋ ਗਈਆਂ ਨੇ। ਚਲੋ ਭਾਈ ਚੁੱਕੋ ਸਮਾਨ ਤੇ ਵਾਪਸ ਚੱਲੀਏ।” ਖੁਸ਼ੀ ਨਾਲ ਮੇਰੇ ਅੱਥਰੂ ਨਿਕਲਣ ਵਾਲੇ ਹੋ ਗਏ। ਦੋ ਤਿੰਨ ਦਿਨਾਂ ਬਾਅਦ ਹੀ ਮੈਂ ਸੰਗਰੂਰ ਜਾ ਕੇ ਬਤੌਰ ਇੰਸਪੈਕਟਰ ਡਿਊਟੀ ਜੌਇਨ ਕਰ ਲਈ।
ਬਲਰਾਜ ਸਿੰਘ ਸਿੱਧੂ ਏ.ਆਈ.ਜੀ (ਰਿਟਾ)
ਪੰਡੋਰੀ ਸਿੱਧਵਾਂ 9501100062