ਬੰਗਲਾ ਦੇਸ਼ ਵਿਚ ਮੀਡੀਆ ਅਦਾਰਿਆਂ ਨੂੰ ਸਖ਼ਤ ਚੇਤਾਵਨੀ

ਪ੍ਰੋ. ਕੁਲਬੀਰ ਸਿੰਘ

ਬੰਗਲਾ ਦੇਸ਼ ਦੀ ਅੰਤ੍ਰਿਮ ਸਰਕਾਰ ਨੇ ਮੀਡੀਆ ਅਦਾਰਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਝੂਠੀਆਂ, ਜਾਅਲੀ ਅਤੇ ਕੁਰਾਹੇ ਪਾਉਣ ਵਾਲੀਆਂ ਖ਼ਬਰਾਂ ਪ੍ਰਕਾਸ਼ਿਤ ਪ੍ਰਸਾਰਿਤ ਕਰਨਗੇ ਤਾਂ ਅਜਿਹੇ ਅਦਾਰਿਆਂ ਨੂੰ ਬੰਦ ਕਰ ਦਿੱਤਾ ਜਾਵੇਗਾ।
ਮੀਡੀਆ ਸੱਚ ਨੂੰ ਨਜ਼ਰ ਅੰਦਾਜ਼ ਕਰ ਰਿਹਾ ਹੈ ਅਤੇ ਚਲੰਤ-ਮਾਮਲਿਆਂ ਦੇ ਪ੍ਰੋਗਰਾਮਾਂ ਵਿਚ ਸੰਤੁਲਿਤ ਚਰਚਾ ਨਹੀਂ ਹੋ ਰਹੀ। ਇੰਝ ਮੀਡੀਆ ਸਹੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਵਿਚ ਅਸਫ਼ਲ ਰਿਹਾ ਹੈ।

ਇਹ ਵੀ ਕਿਹਾ ਗਿਆ ਕਿ ਵਿਦਿਆਰਥੀ ਅੰਦੋਲਨ ਦੌਰਾਨ ਜਿਹੜੇ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਇੰਟਰਨੈਟ ਸੇਵਾਵਾਂ ਨੂੰ ਬੰਦਾ ਕੀਤਾ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਟੈਲੀਕਮਿਊਨੀਕੇਸ਼ਨ ਤੇ ਸੂਚਨਾ ਤਕਨੀਕ ਦੇ ਸਲਾਹਕਾਰ ਨਾਹਿਦ ਇਸਲਾਮ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਅਜਿਹਾ ਗਲਤ ਖ਼ਬਰਾਂ ਦੇ ਪ੍ਰਚਾਰ ਪ੍ਰਸਾਰ ਨੂੰ ਰੋਕਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮੀਡੀਆ ਸੱਚ ਨੂੰ ਛੁਪਾਉਂਦਾ ਹੈ, ਸਾਹਮਣੇ ਨਹੀਂ ਲਿਆਉਂਦਾ ਤਾਂ ਦੇਸ਼ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਜੇਕਰ ਮੀਡੀਆ ਨੇ ਸੱਚ ਸਾਹਮਣੇ ਲਿਆਂਦਾ ਹੁੰਦਾ ਤਾਂ ਪੁਲਿਸ ਕਰਮਚਾਰੀਆਂ ਨੂੰ ਅਜਿਹੇ ਹਾਲਾਤਾਂ ਦਾ ਸਾਹਮਣਾ ਨਾ ਕਰਨਾ ਪੈਂਦਾ। ਅਧਿਕਾਰੀਆਂ ਨੇ ਕਿਹਾ ਕਿ ਹੁਣ ਇੰਟਰਨੈਟ ਸੇਵਾਵਾਂ ਨੂੰ ਬੰਦ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਬੰਗਲਾ ਦੇਸ਼ ਵਿਚ ਵਧੇਰੇ ਅਖ਼ਬਾਰਾਂ ਬੰਗਾਲੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਹੁੰਦੀਆਂ ਹਨ। ਜਿਨ੍ਹਾਂ ਵਿਚੋਂ ਵਧੇਰੇ ਢਾਕਾ ਤੋਂ ਛਪਦੀਆਂ ਹਨ। ਟੈਲੀਵਿਜ਼ਨ ਚੈਨਲ ਸਰਕਾਰ ਦੀ ਨਿਗਰਾਨੀ ਹੇਠ ਚੱਲਦੇ ਹਨ ਅਤੇ ਬੀ ਟੀ ਵੀ ਨਾਂ ਨਾਲ ਪ੍ਰਚਲਿਤ ਹਨ। ਬੀ ਟੀ ਵੀ ਅਰਥਾਤ ਬੰਗਾਲੀ ਟੀ ਵੀ। ਇਸਦੀ ਸ਼ੁਰੂਆਤ 1964 ਵਿਚ ਪੀ ਟੀ ਵੀ ਦੀ ਸ਼ਾਖਾ ਵਜੋਂ ਹੋਈ ਸੀ। ਬੰਗਾਲੀ ਭਾਸ਼ਾ ਦਾ ਇਹ ਸੱਭ ਤੋਂ ਪੁਰਾਣਾ ਟੈਲੀਵਿਜ਼ਨ ਨੈਟਵਰਕ ਹੈ।

ਰੇਡੀਓ ਨੂੰ ਬੰਗਲਾ ਦੇਸ਼ ਬੇਤਾਰ ਕਿਹਾ ਜਾਂਦਾ ਹੈ। ਟੈਲੀਵਿਜ਼ਨ ਅਜੇ ਵੀ ਲਾਇਸੈਂਸ ਫੀਸ ਦੀ ਮਦਦ ਨਾਲ ਚੱਲਦਾ ਹੈ। ਇਨ੍ਹਾਂ ਦੇ ਮੁਖ ਦਫ਼ਤਰ ਰਾਮਪੁਰਾ ਵਿਖੇ ਹਨ।

1971 ਵਿਚ ਇਸਨੂੰ ਪੀ ਟੀ ਵੀ ਨਾਲੋਂ ਅਲੱਗ ਕਰਕੇ ਇਸਦਾ ਨਾਂ ਬੰਗਲਾਦੇਸ਼ ਟੈਲੀਵਿਜ਼ਨ ਰੱਖ ਦਿੱਤਾ ਗਿਆ ਸੀ।
ਦੂਰਦਰਸ਼ਨ ਵਾਂਗ ਬੀ ਟੀ ਵੀ ਨੇ ਵੀ ਕਈ ਰੰਗ ਵੇਖੇ। 2000 ਤੋਂ ਪਹਿਲਾਂ ਦੇ 20 ਸਾਲਾਂ ਨੂੰ ਸੁਨਹਿਰੀ ਕਾਲ ਵਜੋਂ ਜਾਣਿਆ ਜਾਂਦਾ ਹੈ। ਵੱਖ ਵੱਖ ਵਿਸ਼ੇਸ਼ ਪ੍ਰੋਗਰਾਮਾਂ ਅਤੇ ਕਵਰੇਜ ਨੂੰ ਕੌਮੀ ਤੇ ਕੌਮਾਂਤਰੀ ਪੁਰਸਕਾਰ ਮਿਲਦੇ ਰਹੇ ਹਨ।

ਭਾਰਤ ਦੀ ਤਰ੍ਹਾਂ ਬੰਗਲਾ ਦੇਸ਼ ਵਿਚ ਵੀ 1995 ਤੋਂ 2010 ਦੇ ਸਮੇਂ ਦੌਰਾਨ ਬਹੁਤ ਸਾਰੇ ਨਿੱਜੀ ਚੈਨਲਾਂ ਦੀ ਆਮਦ ਨਾਲ ਸਥਿਤੀ ਤੇਜ਼ੀ ਨਾਲ ਬਦਲੀ ਅਤੇ ਦਰਸ਼ਕਾਂ ਦੀ ਪਸੰਦ ਨਿੱਜੀ ਚੈਨਲਾਂ ਦੇ ਤਰ੍ਹਾਂ ਤਰ੍ਹਾਂ ਦੇ ਪ੍ਰੋਗਰਾਮ ਬਣਦੇ ਗਏ।

2018 ਤੋਂ ਬਾਅਦ ਵਾਪਸੀ ਕਰਦਿਆਂ ਬੰਗਾਲ ਟੀ ਵੀ ਇੱਕ ਵਾਰ ਫਿਰ ਚਰਚਿਤ ਹੋ ਗਿਆ। ਇਸਦੇ ਪ੍ਰੋਗਰਾਮਾਂ ਨੂੰ ਦਰਸ਼ਕਾਂ ਦੀ ਵੱਡੀ ਗਿਣਤੀ ਨੇ ਵੇਖਣਾ ਸ਼ੁਰੂ ਕਰ ਦਿੱਤਾ।

2024 ਵਿਚ ਵਿਦਿਆਰਥੀਆਂ ਦੁਆਰਾ ਕੋਟਾ ਦੇ ਵਿਰੋਧ ਵਿਚ ਆਰੰਭ ਕੀਤੇ ਸੰਘਰਸ਼ ਨੇ ਜਦ ਹਿੰਸਕ ਰੂਪ ਅਖ਼ਤਿਆਰ ਕਰ ਲਿਆ ਤਾਂ 18 ਜੁਲਾਈ 2024 ਨੂੰ ਬੀ ਟੀ ਵੀ ਦੇ ਮੁੱਖ ਕੇਂਦਰ ਨੂੰ ਅੱਗ ਲਗਾ ਦਿੱਤੀ ਅਤੇ ਵੱਡੀ ਪੱਧਰ ʼਤੇ ਇਮਾਰਤ ਨੂੰ ਨੁਕਸਾਨ ਪਹੁੰਚਾਇਆ। ਆਪਾ ਧਾਪੀ ਵਾਲਾ ਮਾਹੌਲ ਬਣ ਗਿਆ ਨਤੀਜੇ ਵਜੋਂ ਇਸਦਾ ਪ੍ਰਸਾਰਨ ਬੰਦ ਕਰ ਦਿੱਤਾ ਗਿਆ। ਅਗਲੇ ਦਿਨ 19 ਜੁਲਾਈ ਤੱਕ ਪ੍ਰਸਾਰਨ ਬੰਦ ਰਿਹਾ।
ਸ਼ੇਖ ਹਸੀਨਾ ਦੇ ਦੇਸ਼ ਛੱਡਣ ਬਾਅਦ 18 ਅਗਸਤ 2024 ਨੂੰ ਸੂਚਨਾ ਤੇ ਪ੍ਰਸਾਰਨ ਮਹਿਕਮੇ ਦੇ ਸਲਾਹਕਾਰ ਨਾਹਿਦ ਇਸਲਾਮ ਨੇ ਕਿਹਾ ਕਿ ਸਾਰੇ ਪ੍ਰਸਾਰਨ ਅਦਾਰਿਆਂ ਨੂੰ ਬਹੁਤ ਜਲਦੀ ਆਧੁਨਿਕ ਤਕਨੀਕੀ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ।

ਵੇਖਣ ਵਿਚ ਆਇਆ ਹੈ ਕਿ ਬੰਗਲਾ ਦੇਸ਼ ਮੀਡੀਆ ਦਾ ਹਰੇਕ ਅਦਾਰਾ, ਚਾਹੇ ਉਹ ਰੇਡੀਓ ਹੈ, ਅਖ਼ਬਾਰ ਹੈ, ਟੈਲੀਵਿਜ਼ਨ ਹੈ, ਸੋਸ਼ਲ ਮੀਡੀਆ ਮੰਚ ਹਨ, ਹਰ ਕੋਈ ਆਪਣੇ ਆਪਣੇ ਨਜ਼ਰੀਏ ਤੋਂ ਸਥਾਨਕ ਸੰਕਟ ਦੀ ਕਵਰੇਜ ਕਰ ਰਿਹਾ ਹੈ। ਕਿਉਂ ਕਿ ਇਸਦੇ ਕਈ ਸਮਾਜਕ, ਸਰਕਾਰੀ ਤੇ ਸੰਵੇਦਨਸ਼ੀਲ ਪਹਿਲੂ ਹਨ। ਵੱਖ ਵੱਖ ਸਰਕਾਰਾਂ ਦਾ ਆਪਣਾ ਪੱਖ ਹੈ, ਸੰਘਰਸ਼ ਕਰ ਰਹੇ ਵਿਦਿਆਰਥੀਆਂ ਦੀਆਂ ਆਪਣੀਆਂ ਮੰਗਾਂ ਹਨ, ਵੱਖ ਵੱਖ ਵਰਗਾਂ ਦੀਆਂ ਆਪਣੀਆਂ ਸਮੱਸਿਆਵਾਂ ਪ੍ਰੇਸ਼ਾਨੀਆਂ ਹਨ। ਸੱਭ ਤੋਂ ਵੱਡੀ ਚਿੰਤਾ ਤੇ ਮੁਖ ਲੋੜ ਮਾਹੌਲ ਨੂੰ ਸ਼ਾਂਤ ਕਰਨਾ ਤੇ ਆਮ ਜਨ-ਜੀਵਨ ਨੂੰ ਲੀਹ ʼਤੇ ਲਿਆਉਣਾ ਹੈ। ਇਸੇ ਦੇ ਮੱਦੇ-ਨਜ਼ਰ ਅੰਤ੍ਰਿਮ ਸਰਕਾਰ ਨੂੰ ਸਖ਼ਤ ਚੇਤਾਵਨੀ ਦੇਣੀ ਪਈ ਹੈ।