ਤਨਜ਼ਾਨੀਆ ਦੇ ਪੁਲਿਸ ਨੇ ਮੇਰੇ ਉਪਰ ਸਰੀਰਕ ਸ਼ੋਸ਼ਣ ਅਤੇ ਤਸ਼ੱਦਦ ਕੀਤਾ, ਆਸਟ੍ਰੇਲੀਆਈ ਸਰਕਾਰ ਨੇ ਵੀ ਨਹੀਂ ਕੀਤੀ ਮਦਦ -ਜ਼ਾਰਾ ਕੇਅ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਜ਼ਾਰਾ ਕੇਅ (28), ਜੋ ਕਿ ਤਨਜ਼ਾਨੀਆ ਦੀ ਜੰਮ-ਪਲ਼ ਹੈ ਅਤੇ ਆਪਣੇ 17ਵੇਂ ਸਾਲ ਵਿੱਚ ਉਹ ਆਸਟ੍ਰੇਲੀਆ ਪੜ੍ਹਾਈ ਕਰਨ ਲਈ ਆ ਗਈ ਸੀ ਅਤੇ 2012 ਵਿੱਚ ਉਹ ਆਸਟ੍ਰੇਲੀਆਈ ਨਾਗਰਿਕਤਾ ਵੀ ਹਾਸਿਲ ਕਰ ਚੁਕੀ ਸੀ।
ਉਸਨੇ ਇਸਲਾਮ ਤਿਆਗ ਦਿੱਤਾ ਸੀ ਅਤੇ ਸਾਲ 2019 ਵਿੱਚ ਉਹ ਆਪਣੀ ਇੱਕ ਜਾਬ ਦੇ ਸਿਲਸਿਲੇ ਵਿੱਚ ਕੈਨੇਡਾ ਗਈ ਅਤੇ ਬੀਤੇ ਸਾਲ ਸਤੰਬਰ ਦੇ ਮਹੀਨੇ ਵਿੱਚ ਉਹ ਮਹਿਜ਼ ਤਿੰਨ ਹਫ਼ਤਿਆਂ ਵਾਸਤੇ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ ਤਨਜ਼ਾਨੀਆ ਆਈ ਪਰੰਤੂ ਉਸਨੂੰ ਨਹੀਂ ਸੀ ਪਤਾ ਕਿ ਉਸਦਾ ਇਹ ਤਨਜ਼ਾਨੀਆ ਦਾ ਦੌਰਾ ਉਸ ਵਾਸਤੇ ਅੱਗੇ ਕਿਹੋ ਜਿਹੀ ਜ਼ਿੰਦਗੀ ਦੇ ਨਵੇਂ ਪਾਠ ਲੈ ਕੇ ਖੜ੍ਹਾ ਹੈ। ਵੈਸੇ ਉਹ ਤਿੰਨ ਹਫ਼ਤਿਆਂ ਵਾਸਤੇ ਹੀ ਆਈ ਸੀ ਪਰੰਤੂ ਕੋਵਿਡ-19 ਦੀਆਂ ਪਾਬੰਧੀਆਂ ਕਾਰਨ ਉਸਨੂੰ ਤਨਜ਼ਾਨੀਆ ਵਿਖੇ ਹੋਰ ਕਈ ਮਹੀਨਿਆਂ ਤੱਕ ਆਪਣਾ ਸਟੇਅ ਵਧਾਉਣਾ ਪਿਆ।
ਤਿੰਨ ਕੁ ਮਹੀਨਿਆਂ ਬਾਅਦ ਉਸ ਉਪਰ ਜਿਵੇਂ ਮੁਸੀਬਤਾਂ ਦੇ ਪਹਾੜ ਟੁੱਟਣੇ ਸ਼ੁਰੂ ਹੋ ਗਏ। ਪੁਲਿਸ ਵੱਲੋਂ ਉਸਨੂੰ ਬੰਦੀ ਬਣਾ ਕੇ ਰੱਖਿਆ ਗਿਆ ਅਤੇ ਉਸ ਉਪਰ ਉਦੋਂ ਦੇ ਰਾਸ਼ਟਰਪਤੀ ਖ਼ਿਲਾਫ਼ ਸੋਸ਼ਲ ਮੀਡੀਆ ਉਪਰ ਗਲਤ ਟਿੱਪਣੀਆਂ ਆਦਿ ਕਰਨ, ਆਪਣੇ ਮੋਬਾਇਲ ਅੰਦਰ ਕਿਸੇ ਹੋਰ ਨਾਮ ਦਾ ਸਿਮ ਇਸਤੇਮਾਲ ਕਰਨ ਆਦਿ ਵਰਗੇ ਇਲਜ਼ਾਮਾਂ ਤਹਿਤ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਜ਼ਾਰਾ ਦਾ ਕਹਿਣਾ ਹੈ ਕਿ ਉਸ ਉਪਰ ਤਸ਼ੱਦਦ ਢਾਹਿਆ ਗਿਆ ਅਤੇ ਸਰੀਰਕ ਅਤੇ ਮਾਨਸਿਕ ਤੌਰ ਉਪਰ ਬਹੁਤ ਸਾਰੀਆਂ ਪ੍ਰਤਾੜਨਾਂ ਦਾ ਸਾਹਮਣਾ ਉਸਨੂੰ ਕਰਨਾ ਪਿਆ।
ਜ਼ਾਰ ਨੇ ਪੁਲਿਸ ਦੇ ਪ੍ਰਸ਼ਨਾਂ ਦੇ ਉਤਰ ਵਿੱਚ ਕਿਹਾ ਕਿ ਉਹ ਆਸਟ੍ਰੇਲੀਆਈ ਨਾਗਰਿਕ ਹੈ ਅਤੇ ਉਸ ਵੱਲੋਂ ਇਸਤੇਮਾਲ ਕੀਤੇ ਜਾਣ ਵਾਲਾ ਸਿਮ ਉਸਦੀ ਆਪਣੀ ਭੈਣ ਦਾ ਹੈ ਜਿਹੜਾ ਕਿ ਕੁੱਝ ਸਮੇਂ ਲਈ ਉਹ ਇਸਤੇਮਾਲ ਕਰ ਰਹੀ ਹੈ।
ਅਸਲ ਵਿੱਚ ਜ਼ਾਰਾ ਨੇ 2017 ਵਿੱਚ ਜਦੋਂ ਇਸਲਾਮ ਨੂੰ ਤਿਆਗ ਦਿੱਤਾ ਤਾਂ ਉਸਨੇ ਆਸਟ੍ਰੇਲੀਆ ਅੰਦਰ ‘ਫੇਥਲੈਸ ਹਿਜਾਬੀ’ ਨਾਮ ਦੀ ਸੰਸਥਾ ਖੜ੍ਹੀ ਕੀਤੀ ਸੀ ਜੋ ਕਿ ਮੁਸਲਿਮ ਔਰਤਾਂ ਨੂੰ ਆਪਣੇ ਹੱਕਾਂ ਆਦਿ ਨੂੰ ਜਾਣਨ ਅਤੇ ਇਸਲਾਮ ਨੂੰ ਛੱਡਣ ਵਾਲੇ ਮਨਸੂਬਿਆਂ ਦੀ ਧਾਰਨੀ ਸੀ ਅਤੇ ਅਜਿਹੀਆਂ ਮਹਿਲਾਵਾਂ ਦੀ ਮਦਦ ਕਰਦੀ ਸੀ ਜੋ ਕਿ ਇਸਲਾਮ ਨੂੰ ਛੱਡਣਾ ਚਾਹੁੰਦੀਆਂ ਸਨ।
ਜ਼ਾਰਾ ਨੂੰ ਪੁਲਿਸ ਨੇ ਭਾਰੀ ਤਸ਼ੱਦਦ ਤੋਂ ਬਾਅਦ ਛੱਡ ਤਾਂ ਦਿੱਤਾ ਪਰੰਤੂ ਆਜ਼ਾਦ ਨਾ ਕੀਤਾ। ਉਸਨੂੰ ਹਰ ਰੋਜ਼ ਪੁਲਿਸ ਸਟੇਸ਼ਟ ਅੰਦਰ ਹਾਜ਼ਰੀ ਲਗਾਉਣੀ ਪੈਂਦੀ ਸੀ ਅਤੇ ਉਸਦਾ ਪਾਸਪੋਰਟ ਵੀ ਪੁਲਿਸ ਕੋਲ ਹੀ ਸੀ।
ਜ਼ਾਰਾ ਨੇ ਸੋਸ਼ਲ ਮੀਡੀਆ ਉਪਰ ਪੋਸਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸਦੇ ਹੱਕ ਵਿੱਚ 17000 ਹਸਤਾਖਰਾਂ ਦੀ ਇੱਕ ਪਟੀਸ਼ਨ ਫਾਈਲ ਹੋ ਗਈ ਜਿਸ ਦੇ ਕਾਰਨ ਹੀ ਉਹ ਆਸਟ੍ਰੇਲੀਆ ਵਾਪਿਸ ਆਉਣ ਵਿਚ ਕਾਮਯਾਬ ਹੋ ਸਕੀ।
ਹੁਣ ਪਿਛਲੇ ਮਹੀਨੇ ਜ਼ਾਰਾ, ਆਸਟ੍ਰੇਲੀਆ ਆ ਚੁਕੀ ਹੈ ਪਰੰਤੂ ਉਸਦਾ ਪਾਰਟਨਰ ਯੂ.ਕੇ. ਵਿੱਚ ਹੀ ਹੈ ਅਤੇ ਜ਼ਾਰਾ ਆਪਣੀ ਨੌਕਰੀ ਵੀ ਗੁਆ ਚੁਕੀ ਹੈ।
ਉਸਨੇ ਕਿਹਾ ਕਿ ਆਸਟ੍ਰੇਲੀਆਈ ਸਰਕਾਰ ਨੇ ਵੀ ਉਸਦੀ ਉਚਿਤ ਮਦਦ ਨਹੀਂ ਕੀਤੀ ਅਤੇ ਕਿਸੇ ਕਿਸਮ ਦਾ ਕੋਈ ਸਲਾਹ ਜਾਂ ਮਸ਼ਵਰਾ ਉਸ ਨੂੰ ਨਹੀਂ ਮਿਲਿਆ ਅਤੇ ਇਕੱਲੀ ਹੀ ਉਹ ਸੋਸ਼ਲ ਮੀਡੀਆ ਦੇ ਸਹਾਰੇ ਹੀ ਆਪਣੇ ਉਪਰ ਹੋਏ ਜ਼ੁਲਮਾਂ ਨਾਲ ਲੜਦੀ ਰਹੀ। ਉਸਨੇ ਕਿਹਾ ਕਿ ਅਕਤੂਬਰ 2020 ਵਿੱਚ ਉਸਨੇ ਨੈਰੋਬੀ ਵਿਖੇ ਆਸਟ੍ਰੇਲੀਆਈ ਸਫਾਰਤਖਾਨੇ ਨੂੰ ਈਮੇਲ ਰਾਹੀਂ ਸਾਰੀਆਂ ਸਥਿਤੀਆਂ ਦਾ ਸਪਸ਼ਟ ਵਰਣਨ ਕੀਤਾ ਸੀ ਅਤੇ ਕਿਹਾ ਸੀ ਕਿ ਉਸਨੂੰ ਦਿਨ ਰਾਤ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਪਰੰਤੂ ਕਿਸੇ ਨੇ ਵੀ ਉਸ ਦੀਆਂ ਬੇਨਤੀਆਂ ਉਪਰ ਗੋਰ ਨਹੀਂ ਕੀਤਾ।
ਫੇਰ ਉਸਨੇ ਜਰਮਨ ਸਫਾਰਤਖਾਨੇ ਨਾਲ ਵੀ ਸੰਪਰਕ ਕੀਤਾ ਅਤੇ ਕਿਹਾ ਕਿ ਉਹ ਆਸਟ੍ਰੇਲੀਆਈ ਨਾਗਰਿਕ ਹੈ ਪਰੰਤੂ ਆਸਟ੍ਰੇਲੀਆ ਉਸਦੀ ਕੋਈ ਮਦਦ ਨਹੀਂ ਕਰ ਰਿਹਾ।
ਅੰਤ ਵਿੱਚ ਜਦੋਂ ਅੰਤਰ ਰਾਸ਼ਟਰੀ ਪੱਧਰ ਦੀ ਇੱਕ ਵਕੀਲਾਂ ਦੀ ਟੀਮ ਉਸਦੀ ਮਦਦ ਲਈ ਅੱਗੇ ਆਈ ਅਤੇ ਉਨ੍ਹਾਂ ਵਿੱਚ ਆਸਟ੍ਰੇਲੀਆਈ ਮਨੁੱਖੀ ਅਧਿਕਾਰਾਂ ਦੀ ਵਕੀਲ ਜੈਨੀਫਰ ਰਾਬਿਨਸਨ ਵੀ ਸੀ, ਤਾਂ ਫੇਰ ਉਸਨੂੰ ਮਦਦ ਮਿਲੀ ਅਤੇ ਉਹ ਤਨਜ਼ਾਨੀਆ ਵਿੱਚੋਂ ਨਿਕਲ ਕੇ ਉਹ ਮਾਰਚ ਦੀ 1 ਤਾਰੀਖ ਨੂੰ ਫਲਾਇਟ ਰਾਹੀਂ ਵਾਪਸ ਆਸਟ੍ਰੇਲੀਆ ਆਉਣ ਵਿੱਚ ਕਾਮਯਾਬ ਹੋ ਸਕੀ।

Welcome to Punjabi Akhbar

Install Punjabi Akhbar
×