ਉੱਘੇ ਪਾਕਿਸਤਾਨੀ ਕਾਲਮਨਵੀਸ ਲੇਖਕ ਜ਼ਫ਼ਰ ਇਕਬਾਲ ਜ਼ਫ਼ਰ ਨੇ ਪੰਜਾਬ ਦੇ ਰਾਜਪਾਲ ਚੌਧਰੀ ਮੁਹੰਮਦ ਸਰਵਰ ਨਾਲ ਕੀਤੀ ਮੁਲਾਕਾਤ

ਮੈਂ ਉਨ੍ਹਾਂ ਨੂੰ ਸਲਾਮ ਕਰਦਾ ਹਾਂ ਜੋ ਸਾਰੀ ਦੁਨੀਆਂ ਵਿੱਚ ਮਾਂ ਬੋਲੀ ਪੰਜਾਬੀ ਲਈ ਕੰਮ ਕਰਦੇ ਹਨ- ਗਵਰਨਰ ਪੰਜਾਬ ਪਾਕਿਸਤਾਨ

(ਰਿਪੋਰਟ) ਜ਼ਫ਼ਰ ਇਕਬਾਲ ਜ਼ਫ਼ਰ, ਪਾਕਿਸਤਾਨੀ ਪੰਜਾਬ, ਲਾਹੌਰ ਦੇ ਇੱਕ ਪ੍ਰਸਿੱਧ ਲੇਖਕ, ਜੋ ਅੰਤਰਰਾਸ਼ਟਰੀ ਪੱਧਰ ‘ਤੇ ਮਾਂ ਬੋਲੀ ਪੰਜਾਬੀ ਲਈ ਕੰਮ ਕਰਦੇ ਹਨ, ਨੇ ਗਵਰਨਰ ਪੰਜਾਬ ਚੌਧਰੀ ਮੁਹੰਮਦ ਸਰਵਰ ਸਾਹਿਬ ਨਾਲ ਆਪਣੀ ਸਮੁੱਚੀ ਮੀਡੀਆ ਟੀਮ ਦੇ ਨਾਲ ਮੁਲਾਕਾਤ ਕੀਤੀ ।
ਗਵਰਨਰ ਪੰਜਾਬ ਮੁਹੰਮਦ ਸਰਵਰ ਸਾਹਬ ਨੇ ਕਿਹਾ ਕਿ ਉਹ ਸਾਰੇ ਪੰਜਾਬੀ ਲੇਖਕਾਂ ਲਈ ਸ਼ੁਭਇਛਾਵਾਂ ਦਿੰਦੇ ਹਨ ਅਤੇ ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਲਹਿੰਦੇ ਪੰਜਾਬ ਦੇ ਨਾਲ ਨਾਲ ਚੜ੍ਹਦੇ ਪੰਜਾਬ ਅਤੇ ਦੁਨੀਆ ਭਰ ਵਿੱਚ ਵੀ ਅਜਿਹੇ ਲੇਖਕ ਅਤੇ ਕਿਰਿਆਸ਼ੀਲ ਪੰਜਾਬੀ ਲਿਖਾਰੀ ਅਤੇ ਹੋਰ ਸੂਚਵਾਨ ਬੁੱਧੀਜੀਵੀ ਮੌਜੂਦ ਹਨ ਜੋ ਕਿ ਦਿਨ ਰਾਤ ਮਾਂ ਬੋਲੀ ਪੰਜਾਬੀ ਦੀ ਸੇਵਾ ਵਿੱਚ ਆਪਣਾ ਜੀਵਨ ਤੱਕ ਅਰਪਿਤ ਕਰ ਕੇ ਬੈਠੇ ਹਨ ਅਤੇ ਪੰਜਾਬੀ ਮਾਂ ਬੋਲੀ ਲਈ ਹਮੇਸ਼ਾ ਹੀ ਕੁੱਝ ਨਾ ਕੁੱਝ ਅਜਿਹਾ ਕਰਦੇ ਰਹਿੰਦੇ ਹਨ ਜਿਸ ਨਾਲ ਕਿ ਮਾਂ ਬੋਲੀ ਪੰਜਾਬੀ ਨੂੰ ਦਿਨ ਪ੍ਰਤੀ ਦਿਨ ਨਵਾਂ ਉਭਾਰ ਮਿਲਦਾ ਹੈ ਅਤੇ ਇਸ ਦੀ ਅਪਣੱਤ ਵਿੱਚ ਚੌਗੁਣੀ ਤਰੱਕੀ ਹੁੰਦੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਸਮੇਂ ਬੀਤੇ ਸਾਲ 2020 ਤੋਂ ਹੀ ਕਰੋਨਾ ਨੇ ਸਮੁੱਚੀ ਦੁਨੀਆਂ ਵਿੱਚ ਹੀ ਤਬਾਹੀ ਲਿਆਂਦੀ ਹੋਈ ਹੈ ਪਰੰਤੂ ਇਹ ਲਿਖਾਰੀ ਅਤੇ ਬੁੱਧੀਜੀਵੀ, ਫੇਰ ਵੀ ਆਪਣੀਆਂ ਰਾਹਾਂ ਤੇ ਨਿਡਰ ਤੁਰਦੇ ਰਹੇ ਹਨ ਅਤੇ ਨਿਰੰਤਰ ਕਿਰਿਆਸ਼ੀਲ ਵੀ ਰਹੇ ਹਨ। ਇਸ ਵਾਸਤੇ ਉਹ ਸੰਸਾਰ ਭਰ ਵਿੱਚ ਫੈਲੇ ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਦੇ ਧੰਨਵਾਦੀ ਹਨ।
ਲਾਹੌਰ ਵਿੱਚ ਹੋਈ ਇਸ ਮੀਟਿੰਗ ਦਾ ਉਦੇਸ਼ ਪੰਜਾਬ ਦੇ ਜਨਤਕ ਮੁੱਦਿਆਂ, ਸਮਾਜਿਕ ਸੇਵਾਵਾਂ ਵਿੱਚ ਰੁਕਾਵਟਾਂ ਜਾਂ ਦਿਨ ਪ੍ਰਤੀ ਦਿਨ ਪੇਸ਼ ਆਉਂਦੀਆਂ ਮੁਸ਼ਕਲਾਂ ਆਦਿ ਤੇ ਚਰਚਾ ਕਰਨਾ ਸੀ।

ਕਾਲਮਨਵੀਸ ਲੇਖਕ ਜ਼ਫਰ ਇਕਬਾਲ ਜ਼ਫ਼ਰ ਨੇ ਆਪਣੇ ਸਾਥੀਆਂ ਨਾਲ ਰਾਜਪਾਲ ਪੰਜਾਬ ਚੌਧਰੀ ਮੁਹੰਮਦ ਸਰਵਰ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਅਸੀਂ ਪੰਜਾਬ ਅਤੇ ਪੰਜਾਬੀ ਦੀ ਸੇਵਾ ਦੀ ਯਾਤਰਾ ਨੂੰ ਨਿਰੰਤਰ ਜਾਰੀ ਰੱਖਾਂਗੇ ਅਤੇ ਇਸ ਦੇ ਨਾਲ ਹੀ ਪੂਰੀ ਦੁਨੀਆ ਵਿੱਚ ਸ਼ਾਂਤੀ, ਪਿਆਰ ਅਤੇ ਭਾਈਚਾਰੇ ਦਾ ਸੰਦੇਸ਼ ਵੀ ਫੈਲਾਉਂਦੇ ਰਹਾਂਗੇ।

Install Punjabi Akhbar App

Install
×