ਨਿਊ ਸਾਊਥ ਵੇਲਜ਼ ਵਿੱਚ ਮਨਾਇਆ ਜਾ ਰਿਹਾ ‘ਯੂਥ-ਵੀਕ 2021’

ਪਰਿਵਾਰ, ਭਾਈਚਾਰਕ ਅਤੇ ਅਪੰਗਤਾ ਦੀਆਂ ਸੇਵਾਵਾਂ ਆਦਿ ਵਾਲੇ ਵਿਭਾਗਾਂ ਦੇ ਮੰਤਰੀ ਗ੍ਰੈਥ ਵਾਰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਜ ਅੰਦਰ ਅੱਜ (ਅਪ੍ਰੈਲ 16) ਤੋਂ ਅਪ੍ਰੈਲ 24 ਤੱਕ ‘ਯੂਥ-ਵੀਕ 2021’ ਮਨਾਇਆ ਜਾ ਰਿਹਾ ਹੈ ਜੋ ਕਿ ਬੱਚਿਆਂ ਅਤੇ ਨੌਜਵਾਨਾਂ ਦੀ ਉਭਰਦੀ ਆਵਾਜ਼ ਨੂੰ ਸਮਰਪਿਤ ਹੈ। ਇਸ ਦੌਰਾਨ ਬਹੁਤ ਸਾਰੀਆਂ ਗਤੀਵਿਧੀਆਂ ਦੇ ਨਾਲ ਨਾਲ ਅਜਿਹੇ ਪ੍ਰੋਗਰਾਮਾਂ ਨੂੰ ਵੀ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਰਾਹੀਂ ਕਿ ਭਵਿੱਖ ਵਿਚਲੇ ਨਵੇਂ ਰਾਜਨੀਤਿਕ ਲੀਡਰਾਂ ਦੀ ਤਲਾਸ਼ ਕੀਤੀ ਜਾ ਸਕੇ।
ਉਨ੍ਹਾਂ ਹੋਰ ਦੱਸਦਿਆਂ ਕਿਹਾ ਕਿ ਇਸ ਹਫ਼ਤੇ ਦੌਰਾਨ, ਬੱਚਿਆਂ ਅਤੇ ਨੌਜਵਾਨਾਂ ਨੂੰ ਆਪਸ ਵਿੱਚ ਮੇਲ ਮਿਲਾਪ ਤੋਂ ਲੈ ਕੇ ਆਪਣੇ ਹੁਨਰਾਂ ਨੂੰ ਵੀ ਅੱਗੇ ਵਧਾਉਣ ਆਦਿ ਦਾ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਹੈ ਜਿਸ ਤੋਂ ਕਿ ਹਰ ਇੱਕ ਬੱਚਾ ਅਤੇ ਨੌਜਵਾਨ ਸਿੱਧਾ ਲਾਭ ਲੈ ਸਕੇਗਾ।
ਇਸ ਮੌਕੇ ਉਪਰ ਖਾਣਾ ਬਣਾਉਣ ਦੀਆਂ ਵਿਧੀਆਂ, ਮੂਵੀ ਮੈਰਾਥਨ ਅਤੇ ਰੰਗਾਂ ਆਦਿ ਨਾਲ ਨਵੀਂ ਦੁਨੀਆਂ ਨੂੰ ਸਿਰਜਣ ਦੀਆਂ ਕਲ਼ਾਵਾਂ ਆਦਿ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਇਸ ਹਫ਼ਤੇ ਨੂੰ ਮਨਾਉਣ ਵਾਸਤੇ ਰਾਜ ਸਰਕਾਰ ਨੇ ਸਥਾਨਕ ਕਾਂਸਲਾਂ ਨੂੰ 335,000 ਡਾਲਰਾਂ ਤੋਂ ਵੀ ਜ਼ਿਆਦਾ ਦੀ ਮਦਦ ਦਿੱਤੀ ਹੈ ਜਿਸ ਨਾਲ ਕਿ ਸਥਾਨਕ ਸਰਕਾਰਾਂ ਉਪਰ ਜ਼ਿਆਦਾ ਬੋਝ ਨਾ ਪਵੇ ਅਤੇ ਲੋਕਾਂ ਨੂੰ ਇਸ ਦਾ ਸਿੱਧਾ ਅਤੇ ਭਰਪੂਰ ਫਾਇਦਾ ਮਿਲੇ।
ਬੀਤੇ ਸਾਲ ਇਸ ਮੌਕੇ ਉਪਰ 83,900 ਨੌਜਵਾਨਾਂ ਨੇ ਘੱਟੋ ਘੱਟ 740 ਰਾਜ ਪੱਧਰੀਏ ਈਵੈਂਟਾਂ ਵਿੱਚ ਹਿੱਸਾ ਲਿਆ ਸੀ ਅਤੇ ਜਹਿਰ ਹੈ ਕਿ ਲਾਭ ਵੀ ਪ੍ਰਾਪਤ ਕੀਤਾ ਸੀ।
ਦਿਮਾਗੀ ਸਿਹਤ, ਰਿਜਨਲ ਯੂਥ ਅਤੇ ਮਹਿਲਾਵਾਂ ਪ੍ਰਤੀ ਸੇਵਾਵਾਂ ਆਦਿ ਦੇ ਵਿਭਾਗਾਂ ਦੇ ਮੰਤਰੀ ਬਰੋਨੀ ਟੇਲਰ ਨੇ ਰਾਜ ਸਰਕਾਰ ਦੇ ਇਸ ਉਦਮ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਇਹ ਫੈਸਟੀਵਲ ਰਾਜ ਸਰਕਾਰ ਦਾ ਬਹੁਤ ਵਧੀਆ ਕਦਮ ਹੈ ਅਤੇ ਨੌਜਵਾਨਾਂ ਲਈ ਬਹੁਤ ਜਿਆਦਾ ਲਾਹੇਵੰਦ ਹੈ ਅਤੇ ਹਰ ਕਿਸੇ ਨੂੰ ਇਸ ਤੋਂ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ।
ਪੂਰੇ ਰਾਜ ਅੰਦਰ ਹੀ ਇਹ ਸਪਤਾਹ ਮਨਾਇਆ ਜਾ ਰਿਹਾ ਹੈ ਅਤੇ ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ www.youthweek.nsw.gov.au ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×