ਫੇਸਬੁੱਕ ਨੂੰ ਆਸਟ੍ਰੇਲੀਆ ਦੇ ਨਿਯਮਾਂ ਅਧੀਨ ਹੀ ਦੇਸ਼ ਅੰਦਰ ਕੰਮ ਕਰਨਾ ਪੈਣਾ -ਸਕਾਟ ਮੋਰੀਸਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਫੇਸਬੁਕ ਦੇ ਬਾਨੀ ਮਾਰਕ ਜ਼ਕਰਬਰਗ ਨੂੰ ਸਾਫ ਅਤੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਇਹ ਆਸਟ੍ਰੇਲੀਆ ਹੈ ਅਤੇ ਜੇਕਰ ਕਿਸੇ ਨੂੰ ਇੱਥੇ ਆਪਣਾ ਕੰਮ-ਧੰਦਾ ਕਰਨਾ ਹੈ ਤਾਂ ਉਸਨੂੰ ਦੇਸ਼ ਦੇ ਕਾਇਦੇ-ਕਾਨੂੰਨਾਂ ਮੁਤਾਬਿਕ ਹੀ ਕਰਨਾ ਪਵੇਗਾ ਅਤੇ ਜਿਹੜੀ ਗਲਤੀ ਫੇਸਬੁਕ ਨੇ ਦੇਸ਼ ਦੇ ਸਰਕਾਰੀ ਅਕਾਊਂਟਾਂ ਅਤੇ ਪੇਜਾਂ ਨੂੰ ਬੰਦ ਕਰਕੇ ਕਰ ਲਈ ਹੈ ਉਸਨੂੰ ਫੌਰਨ ਦਰੁਸਤ ਕਰੇ ਅਤੇ ਫਜ਼ੂਲ ਦੀਆਂ ਧਮਕੀਆਂ ਦੇਣ ਦੇ ਕੰਮ ਨਾ ਕਰੇ। ਉਧਰ ਹਾਲ ਦੀ ਘੜੀ ਫੇਸਬੁਕ ਵੱਲੋਂ ਕੋਈ ਵੀ ਅਜਿਹੀ ਪ੍ਰਤੀਕਿਰਿਆ ਨਹੀਂ ਆ ਰਹੀ ਹੈ ਜਿਸ ਨਾਲ ਕਿ ਉਹ ਆਸਟ੍ਰੇਲੀਆ ਵਿਚਲੇ ਬੰਦ ਕੀਤੇ ਗਏ ਸਰਕਾਰੀ ਪੇਜਾਂ ਆਦਿ ਨੂੰ ਮੁੜ ਸ਼ੁਰੂ ਕਰੇ ਅਤੇ ‘ਟੇਬਲ-ਟਾਕ’ ਲਈ ਕਿਸੇ ਕਿਸਮ ਦੀ ਹਾਮੀ ਭਰੇ -ਫੇਸਬੁਕ ਹਾਲੇ ਆਪਣੇ ਫੈਸਲਿਆਂ ਉਪਰ ਕਾਇਮ ਹੈ ਅਤੇ ਲਗਾਤਾਰ ਇਹੀ ਕਹਿ ਰਿਹਾ ਹੈ ਕਿ ਆਸਟ੍ਰੇਲੀਆ ਦੇਸ਼ ਦੀਆਂ ਗਲਤ ਨੀਤੀਆਂ ਕਾਰਨ ਉਨ੍ਹਾਂ ਨੂੰ ਅਜਿਹੇ ਕਦਮ ਚੁੱਕਣੇ ਪਏ ਹਨ।
ਖ਼ਜ਼ਾਨਾ ਮੰਤਰੀ ਜੋਸ਼ ਫਰਿਡਨਬਰਗ ਨੇ ਵੀ ਮਾਰਕ ਜ਼ਕਰਬਰਗ ਨਾਲ ਗੱਲਬਾਤ ਕੀਤੀ ਹੈ ਪਰੰਤੂ ਹਾਲੇ ਕੋਈ ਸਿੱਟਾ ਨਹੀਂ ਨਿਕਲਿਆ ਅਤੇ ਹੁਣ ਵੀਕਐਂਡ ਉਪਰ ਇਹ ਵਾਰਤਾਲਾਪ ਮੁੜ ਤੋਂ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਇਸ ਵਿੱਚ ਗਲਤ ਕੀ ਹੈ ਕਿ ਦੇਸ਼ ਨੇ ਅਜਿਹੀ ਮੰਗ ਕੀਤੀ ਹੈ ਕਿ ਫੇਸਬੁਕ ਜਿਹੜੀਆਂ ਪ੍ਰਕਾਸ਼ਨਾਵਾਂ ਆਸਟ੍ਰੇਲੀਆ ਤੋਂ ਕਰਦਾ ਹੈ ਉਸ ਦੇ ਇਵਜ ਵਿੱਚ ਉਸਨੂੰ ਇਸਦੀ ਵਾਜਿਬ ਕੀਮਤ ਅਦਾ ਕਰਨੀ ਚਾਹੀਦੀ ਹੈ ਕਿਉਂਕਿ ਉਹ ਅਜਿਹੇ ਕੰਟੈਂਟਾਂ ਤੋਂ ਮਸ਼ਹੂਰੀਆਂ ਦੇ ਜ਼ਰੀਏ ਬਹੁਤ ਸਾਰਾ ਪੈਸਾ ਕਮਾ ਰਿਹਾ ਹੈ ਅਤੇ ਫੇਰ ਉਹ ਮੁਫਤ ਵਿੱਚ ਅਜਿਹੇ ਮਸੌਦੇ ਕਿਉਂ ਭਾਲ਼ ਰਿਹਾ ਹੈ ਅਤੇ ਕਿਉਂ ਉਸਦੀ ਕੀਮਤ ਚੁਕਾਉਣ ਤੋਂ ਕੰਨੀ ਕਤਰਾ ਰਿਹਾ ਹੈ…..?
ਵੈਸੇ ਫੇਸਬੁਕ ਦੇ ਇੱਕਤਰਫਾ ਰਵਈਏ ਦੀ ਹਰ ਤਰਫੋਂ ਨਿਖੇਧੀ ਹੀ ਕੀਤੀ ਜਾ ਰਹੀ ਹੈ।

Install Punjabi Akhbar App

Install
×