ਜਵਾਨ ਸੁਪਨਿਆਂ ਦੀ ਪਰਵਾਜ਼: ਯਾਰ ਚੱਲੇ ਬਾਹਰ

ਫਿਲਮਾਂ ਅਤੇ ਰੰਗਮੰਚ ਦੇ ਨਾਲ ਨਾਲ ਵੈੱਬ ਸੀਰੀਜ਼ ਨੇ ਵੀ ਬਹੁਤ ਸਾਰੇ ਚਾਲੰਤ ਵਿਸ਼ਿਆਂ ਉੱਪਰ ਦਰਸ਼ਕਾਂ ਨੂੰ ਸਮੱਗਰੀ ਪਰੋਸੀ ਹੈ ਅਤੇ ਨਵੇਂ ਕਲਾਕਾਰਾਂ ਨੂੰ ਉਭਾਰਨ ਵਿੱਚ ਵੀ ਇਹ ਵਿਧੀ ਸਹਾਈ ਹੋਈ ਹੈ । ਇਸ ਵੇਲੇ ਦੇਸ਼ ਵਿੱਚ ਰੋਜ਼ਗਾਰ ਸਮੇਤ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਨੌਜਵਾਨ ਪੀੜ੍ਹੀ ਦਾ ਮੂੰਹ ਵਿਦੇਸ਼ਾਂ ਵੱਲ ਹੈ, ਹਰ ਨੌਜਵਾਨ ਅਤੇ ਉਸਦੇ ਮਾਪਿਆਂ ਦਾ ਇਹ ਸੁਪਨਾ ਹੈ ਕਿ ਉਹ ਬਾਹਰ ਕਿਸੇ ਵਿਕਸਤ ਮੁਲਕ ਵਿੱਚ ਜਾ ਕੇ ਆਪਣੀ ਮਿਹਨਤ ਅਤੇ ਹੁਨਰ ਦਾ ਸਹੀ ਮੁੱਲ ਵੱਟ ਸੱਕਣ ਇਸੇ ਕਰਕੇ ਰਵਾਇਤੀ ਵਿਦਿੱਅਕ ਅਦਾਰਿਆਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟ ਰਹੀ ਹੈ ਅਤੇ ਆਇਲਟਸ ਸੈਂਟਰਾਂ ਦੀ ਰੌਣਕ ਵਧ ਰਹੀ ਹੈ।ਪੰਜਾਬ ਵਿਚਲੇ ਆਇਲਟਸ ਸੈਂਟਰਾਂ ਦੀ ਤਸਵੀਰ ਬਹੁਤ ਦਿਲਚਪਸ ਹੈ ਕਿਉਂ ਕਿ ਉੱਥੇ ਵੱਧ ਪੜ੍ਹੇ-ਲਿਖੇ, ਘੱਟ ਪੜ੍ਹੇ-ਲਿਖੇ , ਅਨਪੜ੍ਹ ਵੀ, ਅਮੀਰ , ਗਰੀਬ , ਕੁਆਰੇ ਵੀ ਅਤੇ ਵਿਆਹੇ ਵੀ ਕਲਾਸਾਂ ਲਗਾਉਣ ਆਉਂਦੇ ਹਨ। ਆਇਲਟਸ ਕਰਨ ਵਾਲੇ ਵਿਦਿਆਰਥੀਆਂ ਦੀ ਦੋਸਤੀ, ਮੇਲ-ਮਿਲਾਪ ਵੀ ਇੱਕ ਵਿਲੱਖਣ ਸੁਮੇਲ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ ।ਇਸ ਤਸਵੀਰ ਨੂੰ ਡਾਇਰੈਕਟਰ ਰੈਬੀ ਟਿਵਾਣਾ ਨੇ ‘ਯਾਰ ਚੱਲੇ ਬਾਹਰ “ ਵੈੱਬ ਸੀਰੀਜ਼ ਰਾਹੀਂ ਖੂਬਸੂਰਤੀ ਨਾਲ ਪਕੜਿਆ ਹੈ। ਰੈਬੀ ਟਿਵਾਣਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਇਰੈਕਸ਼ਨ ਅਤੇ ਐਕਟਿੰਗ ਦੀ ਪੜ੍ਹਾਈ ਕਰ ਚੁੱਕਿਆ ਹੈ ਤੇ ਉਸਨੇ ਆਪਣੀ ਪਹਿਲੀ ਵੈੱਬ ਸੀਰੀਜ਼ “ ਯਾਰ ਜਿਗਰੀ ਕਸੂਤੀ ਡਿਗਰੀ “ ਰਾਹੀਂ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ ਸੀ।
“ਯਾਰ ਚੱਲੇ ਬਾਹਰ ” ਨੇ ਆਪਣੇ ਟਰੇਲਰਾਂ ਅਤੇ ਹੁਣ ਤੱਕ ਦੀਆਂ ਕਿਸ਼ਤਾਂ ਵਿੱਚ ਦਰਸ਼ਕਾਂ ਦਾ ਧਿਆਨ ਖਿੱਚਿਆ ਹੈ । ਕਹਾਣੀ ਅਤੇ ਡਾਇਲਾਗ ਆਮ ਲੋਕਾਂ ਦੇ ਮੇਚਦੇ ਹਨ। ਇਸ ਸੀਰੀਜ਼ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਦੀ ਐਕਟਿੰਗ, ਹਾਵਭਾਵ , ਬੋਲ-ਚਾਲ ਅਤੇ ਕੈਮਿਸਟਰੀ ਕਮਾਲ ਦੀ ਹੈ। ਕਲਾਕਾਰਾਂ ਵਿੱਚ ਜੱਸ ਢਿੱਲੋਂ, ਗੈਵੀ ਡਸਕਾ, ਯੁਵਰਾਜ ਟੁਰਨਾ, ਇੰਦਰਜੀਤ ਸਿੰਘ, ਬਿਨੇ ਜੌੜਾ ਬਿਲਾਸਪੁਰ , ਬੂਟਾ ਬਡਬਰ,ਰਾਜਵੀਰ ਕੌਰ , ਅਰਸ਼ਦੀਪ ਭੱਟੀ, ਜੋਤ ਅਰੋੜਾ, ਨਵਕਿਰਨ ਭੱਠਲ, ਆਨੰਦ ਪ੍ਰਿਆ , ਚੇਸ਼ਟਾ ਅਹੂਜਾ ਅਤੇ ਯੋਧ ਅੰਟਲ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ । ਗੁਰ ਸਿੱਧੂ, ਕੁਲਬੀਰ ਝਿੰਜਰ ਅਤੇ ਰਿਧਮ ਮਾਨਸਾ ਦੀ ਆਵਾਜ਼ ਵਿੱਚ ਗੀਤ ਵੀ ਇਸ ਕਹਾਣੀ ਨੂੰ ਚਾਰ-ਚੰਨ ਲਾਉਂਦੇ ਹਨ। ਯੁਵਰਾਜ ਟੁਰਨਾ ਦਾ ਲਿਖਿਆ ਅਤੇ ਸਾਰੰਗ ਸਿਕੰਦਰ ਦਾ ਗਾਇਆ ਗੀਤ, “ ਆਈਲੈਟਸ ਕਰਨੀ , ਹਾਂ ਬਾਪੂ” ਜਿੱਥੇ ਇਸ ਵੈੱਬ ਸੀਰੀਜ਼ ਦੇ ਉਦੇਸ਼ ਨੂੰ ਸਪਸ਼ਟ ਕਰਦਾ ਹੈ ਉੱਥੇ ਇਹ ਗੀਤ ਆਇਲਟਸ ਸੈਂਟਰਾਂ ਦਾ ਥੀਮ ਸਾਂਗ ਵੀ ਬਣ ਗਿਆ ਹੈ । ਘਟਨਾਵਾਂ ਅਤੇ ਟਕਰਾਅ ਇਸ ਤਰੀਕੇ ਨਾਲ ਬੁਣੇ ਗਏ ਹਨ ਕਿ ਹੁਣ ਤੱਕ ਦੀਆਂ ਕਿਸ਼ਤਾਂ ਰਾਹੀਂ ਟੀਮ ਵੱਲੋਂ ਕੀਤੇ ਕੰਮ ਨੇ ਦਰਸ਼ਕਾਂ ਦੇ ਮਨਾਂ ਉੱਤੇ ਛਾਪ ਛੱਡੀ ਹੈ ਅਤੇ ਆਉਣ ਵਾਲੀਆਂ ਲੜੀਆਂ ਲਈ ਉਤਸੁੱਕਤਾ ਵਧਾਈ ਹੈ । ਨਿਰਮਾਤਾ, ਨਿਰਦੇਸ਼ਕ ਅਤੇ ਲੇਖਕ ਰੈਬੀ ਟਿਵਾਣਾ ਵੱਲੋਂ ਕੀਤੇ ਇਸ ਕੰਮ ਦੀ ਸ਼ਲਾਘਾ ਕਰਨੀ ਬਣਦੀ ਹੈ ਕਿਉਂ ਕਿ ਉਸਨੇ ਨੌਜਵਾਨ ਪੀੜ੍ਹੀ ਦੇ ਸੁਪਨਿਆਂ ਦੀ ਪਰਵਾਜ਼ ਅਤੇ ਔਕੜਾਂ ਨੂੰ ਬਾਖੂਬੀ ਪਕੜਿਆ ਹੈ ਅਤੇ ਪੇਸ਼ ਕੀਤਾ ਹੈ ।

Install Punjabi Akhbar App

Install
×