ਜਲ੍ਹਿਆਂਵਾਲਾ ਬਾਗ ਦੇ ਜ਼ਖ਼ਮ 

ਮੂਲ਼ ਲੇਖਕ:- ਕਿਸ਼ਵਰ ਦੇਸਾਈ

ਪੰਜਾਬੀ ਰੂਪ:- ਗੁਰਮੀਤ ਪਲਾਹੀ


gurmit singh palahi 190413 article,jallianwalabagh de zakham 001

ਜਲ੍ਹਿਆਂਵਾਲਾ ਬਾਗ ਕਤਲੇਆਮ ਅੱਜ ਵੀ ਸਾਡੀਆਂ ਯਾਦਾਂ ਵਿੱਚ ਜੀਊਂਦਾ ਹੈ, ਨਾ ਕੇਵਲ ਇਸ ਲਈ ਕਿ ਇਹ ਦਿਲਾਂ ਨੂੰ ਝੰਜੋੜਨ ਵਾਲਾ ਸੀ, ਸਗੋਂ ਇਸ ਲਈ ਕਿ ਇਹ ਆਜ਼ਾਦੀ ਅੰਦੋਲਨ ਵਿੱਚ ਇੱਕ ਅਹਿਮ ਮੋੜ ਸੀ, ਜਿਸਦੇ ਕਾਰਨ ਇਹ ਜਿਆਦਾ ਚਰਚਿਤ ਹੋਇਆ। ਹਾਲਾਂਕਿ ਅੰਗਰੇਜ਼ਾਂ ਨੇ ਇਸ ਕਤਲੇਆਮ ਦੀ ਜਾਣਕਾਰੀ ਲੁਕਾਉਣ ਦਾ ਯਤਨ ਕੀਤਾ, ਤਾਂ ਕਿ ਇਸ ਸਮੇਂ ਰਾਸ਼ਟਰਵਾਦੀਆਂ ਨੂੰ ਕਤਲੇਆਮ ਦੇ ਦੌਰਾਨ ਅਤੇ ਉਸ ਤੋਂ ਬਾਅਦ ਹੋਏ ਅਤਿਆਚਾਰਾਂ ਦੀ ਸਹੀ ਜਾਣਕਾਰੀ ਨਾ ਮਿਲ ਸਕੇ, ਪਰ ਮਹਾਤਮਾ ਗਾਂਧੀ ਅਤੇ ਹੋਰ ਲੋਕਾਂ ਨੇ ਪੰਜਾਬ ਵਿੱਚ ਤਸੀਹਿਆਂ ਦੀ ਪੂਰੀ ਜਾਣਕਾਰੀ ਨੂੰ ਸਾਹਮਣੇ ਲਿਆਉਣ ਦਾ ਲਗਾਤਾਰ ਯਤਨ ਕੀਤਾ। ਪੰਡਿਤ ਮਦਨ ਮੋਹਨ ਮਾਲਵੀਆ ਅਤੇ ਹੋਰ ਲੋਕਾਂ ਦੇ ਨਾਲ ਉਹਨਾ ਨੇ ਹੰਟਰ ਕਮੇਟੀ ਵਲੋਂ ਪ੍ਰਕਾਸ਼ਿਤ ਅਧਿਕਾਰਤ ਬ੍ਰਿਟਿਸ਼ ਰਿਪੋਰਟ ਨੂੰ ਚਣੌਤੀ ਦੇਣ ਲਈ ਪੰਜਾਬ ਦੇ ਲੋਕਾਂ ਦੀਆਂ ਅੱਖੀਂ ਦੇਖੀਆਂ ਜਾਣਕਾਰੀਆਂ ਇੱਕਠੀਆਂ ਕਰਨੀਆਂ ਸ਼ੁਰੂ ਕੀਤੀਆਂ। ਹੰਟਰ ਕਮੇਟੀ ਦੀ ਰਿਪੋਰਟ ਸਰਵਜਨਕ ਤੌਰ ਤੇ ਸਬੂਤ ਇੱਕਠੇ ਕਰਕੇ ਤਿਆਰ ਕੀਤੀ ਗਈ ਸੀ ਅਤੇ ਇਹ ਕਾਫੀ ਵਿਸਥਾਰਪੂਰਵਕ ਸੀ, ਲੇਕਿਨ ਇਹ ਸਪਸ਼ਟ ਤੌਰ ਤੇ ਪਹਿਲਾਂ ਹੀ ਤਿਆਰ ਕੀਤੀ ਹੋਈ ਸੀ, ਕਿਉਂਕਿ ਜਿਹੜੇ ਲੋਕ ਪੰਜਾਬ ਵਿੱਚ ਲਾਗੂ ਮਾਰਸ਼ਲ ਲਾਅ ਦੇ ਤਹਿਤ ਕੈਦ ਕੀਤੇ ਗਏ ਸਨ, ਉਹ ਗਵਾਹੀ ਨਹੀਂ ਦੇ ਸਕੇ ਅਤੇ ਲਗਭਗ ੧੮ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ।

ਹੁਣ ਜਦੋਂ ਅਸੀਂ ਮਹਾਤਮਾ ਗਾਂਧੀ ਅਤੇ ਹੋਰ ਲੋਕਾਂ ਦੀ ਬਦੌਲਤ ਪੂਰੇ ਪੰਜਾਬ ਵਿੱਚੋਂ ਇੱਕਠੀ ਕੀਤੀ ਗਈ ਗੈਰ-ਅਧਕਾਰਿਕ ਜਾਣਕਾਰੀਆਂ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਲੋਕਾਂ ਉਤੇ ਕਿਸ ਹੱਦ ਤੱਕ ਜ਼ੁਲਮ ਤਸ਼ੱਦਦ ਕੀਤਾ ਗਿਆ ਸੀ। ਕਰਨਲ ਡਾਇਰ ਵਲੋਂ ਚੇਤਾਵਨੀ ਦਿੱਤੇ ਬਿਨ੍ਹਾਂ ਨਾ ਕੇਵਲ ਲੋਕਾਂ ਨੂੰ ਬੇਰਹਿਮੀ ਨਾਲ ਮਾਰਿਆ ਗਿਆ, ਬਲਕਿ ਬਚੇ ਹੋਏ ਲੋਕਾਂ ਅਤੇ ਸ਼ਹੀਦਾਂ ਦੇ ਪਰਿਵਾਰ ਨਿਰੰਤਰ ਅੰਗਰੇਜ਼ਾਂ ਦੇ ਨਿਸ਼ਾਨੇ ‘ਤੇ ਰਹੇ। ਅੰਮ੍ਰਿਤਸਰ, ਜਿੱਥੇ ਇਹ ਕਾਰਾ ਕੀਤਾ ਗਿਆ, ਬ੍ਰਿਟਿਸ਼ ਸਰਕਾਰ ਦਾ ਵਿਸ਼ੇਸ਼ ਉਦੇਸ਼ ਬਣ ਗਿਆ ਸੀ, ਜੋ ਕਿ 13 ਅਪ੍ਰੈਲ ਦੇ ਦੰਗਿਆਂ ਵਿੱਚ ਪੰਜ ਅੰਗਰੇਜ਼ਾਂ ਨੂੰ ਮਾਰਨ ਦਾ ਹੌਂਸਲਾ ਕਰਨ ਵਾਲੇ ਸ਼ਹਿਰੀਆਂ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ। ਅਸਲ ਵਿੱਚ 9 ਅਤੇ 10 ਅਪ੍ਰੈਲ ਦੀਆਂ ਨੂੰ ਘੱਟ ਪ੍ਰਚਾਰ ਮਿਲਿਆ, ਪਰ ਇਹੀ ਘਟਨਾ ਸੀ, ਜਿਸਨੇ ਅੰਗਰੇਜ਼ਾਂ ਨੂੰ ਨਾਰਾਜ਼ ਕੀਤਾ, ਜੋ ਸੋਚਦੇ ਸਨ ਕਿ ਇਨਕਲਾਬ ਦੀ ਅੱਗ ਸੁਲਗ ਰਹੀ ਹੈ।

ਉਸ ਸਮੇਂ ਪੰਜਾਬ ਦੇ ਨਾਗਰਿਕ ਪ੍ਰਾਸ਼ਾਸ਼ਨ ਦੀ ਵੱਡੀ ਚਿੰਤਾ ਇਹ ਸੀ ਕਿ ਉਹ ਸਤਿਆਗ੍ਰਹਿ ਦੇ ਦੌਰਾਨ ਅੰਮ੍ਰਿਤਸਰ ਦੀਆਂ ਸੜਕਾਂ ਤੇ ਵਧਦੀ ਹਿੰਦੀ-ਮੁਸਲਿਮ ਏਕਤਾ ਦੇ ਸਾਹਮਣੇ ਖ਼ੁਦ ਨੂੰ ਬੋਨੇ ਮੰਨਦੇ ਸਨ, ਜਿਸ ਨੂੰ ਮਹਾਤਮਾ ਗਾਂਧੀ ਨੇ ਸਾਲ ਦੇ ਸ਼ੁਰੂ ਵਿੱਚ ਬੇਰਹਿਮ ਰਾਲੇਟ ਐਕਟ ਦੇ ਵਿਰੁੱਧ ਸ਼ੁਰੂ ਕੀਤਾ ਸੀ। ਵੱਡੀ ਸੰਖਿਆ ਵਿੱਚ ਲੋਕ, ਪੂਰਨ ਫਿਰਕੂ ਸਦਭਾਵਨਾ ਨਾਲ, ਗਾਂਧੀ ਵਲੋਂ ਦਿੱਤੇ ਆਦੇਸ਼ਾਂ ਉਤੇ ਚੱਲ ਰਹੇ ਸਨ ਅਤੇ ਸ਼ਾਂਤੀਪੂਰਬਕ ਰੋਸ ਪ੍ਰਦਰਸ਼ਨ ਕਰਨ ਲਈ ਬਾਕਾਇਦਾ ਮੀਟਿੰਗ ਕਰ ਰਹੇ ਸਨ। ਲੇਕਿਨ 10 ਅਪ੍ਰੈਲ ਨੂੰ ਅੰਗਰੇਜ਼ਾਂ ਨੇ ਸੋਚਿਆ ਕਿ ਇਸ ਏਕਤਾ ਨੂੰ ਤੋੜਨ ਦਾ ਸਹੀ ਸਮਾਂ ਹੈ ਅਤੇ ਉਹਨਾ ਨੇ ਪ੍ਰਮੁੱਖ ਨੇਤਾਵਾਂ- ਡਾ: ਸਤਪਾਲ ਅਤੇ ਡਾ: ਸੈਫੋਦੀਨ ਕਿਚਲੂ (ਇੱਕ ਹਿੰਦੂ ਅਤੇ ਇੱਕ ਮੁਸਲਮਾਨ) ਨੂੰ ਅੰਮ੍ਰਿਤਸਰ ਵਿੱਚ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀ ਦੇ ਬਾਅਦ ਹੋਏ ਸੰਘਰਸ਼ ਵਿੱਚ ਪ੍ਰਦਰਸ਼ਨਕਾਰੀਆਂ ਉਤੇ ਗੋਲੀ ਚਲਾਈ ਗਈ, ਜਿਸ ਵਿੱਚ 20 ਭਾਰਤੀ ਮਾਰੇ ਗਏ। ਉਸਦੇ ਬਾਅਦ ਬਿਹੱਥੇ ਅਤੇ ਗੁੱਸੇ ‘ਚ ਆਏ ਭਾਂਰਤੀਆਂ ਨੇ ਪੰਜ ਅੰਗਰੇਜ਼ਾਂ ਨੂੰ ਘੇਰ ਕੇ ਮਾਰ ਦਿੱਤਾ, ਜਿਸਦੇ ਸਿੱਟੇ ਵਜੋਂ 13 ਅਪ੍ਰੈਲ ਨੂੰ ਕਤਲੇਆਮ ਹੋਇਆ। ਇਹ ਕੋਝੀ ਹਰਕਤ ਬ੍ਰਿਟਿਸ਼ ਲੈਫਟੀਨੈਂਟ ਗਵਰਨਰ ਸਰ ਮਾਈਕਲ ਆਡਾਇਰ ਵਲੋਂ ਅੰਮ੍ਰਿਤਸਰ ਦੇ ਲੋਕਾਂ ਨੂੰ ਇਹੋ ਜਿਹਾ ਸਬਕ ਸਿਖਾਉਣ ਦੀ ਕੋਸ਼ਿਸ਼ ਸੀ, ਜਿਸਨੂੰ ਉਹ ਕਦੇ ਭੁੱਲ ਹੀ ਨਾ ਸਕਣ।

ਗ਼ਾਹਿਰ ਹੈ ਕਿ ਜੋ ਗੱਲ ਐਡਵਾਇਰ (ਇਹ ਡਾਇਰ ਨਹੀਂ ਸੀ, ਜਿਵੇਂ ਕਿ ਅਕਸਰ ਭੁੱਲ ਕੀਤੀ ਜਾਂਦੀ ਹੈ) ਸਮਝ ਨਹੀਂ ਸਕੇ, ਉਹ ਇਹ ਕਿ ਇਹ ਕਤਲੇਆਮ ਬ੍ਰਿਟਿਸ਼ ਸਰਕਾਰ ਦੇ ਜ਼ੁਲਮ ਦਾ ਇੱਕ ਮਜ਼ਬੂਤ ਪ੍ਰਤੀਕ ਬਣ ਜਾਏਗਾ ਅਤੇ ਅੰਤ ਸਾਰੇ ਭਾਰਤੀ ਰਾਸ਼ਟਰਵਾਦੀਆਂ ਨੂੰ ਆਪਣੇ ਵੱਲ ਖਿੱਚ ਲਏਗਾ। ਕਤਲੇਆਮ ਅਤੇ ਉਸਦੇ ਬਾਅਦ ਮਾਰਸ਼ਲ ਲਾਅ ਦੀ ਸੂਚਨਾ ਜਿਵੇਂ ਹੀ ਫੈਲੀ (ਲਗਭਗ ਦੋ ਤਿੰਨ ਮਹੀਨੇ ਬਾਅਦ ਸੈਂਸਰਸ਼ਿਪ ਲਾਗੂ ਕਰ ਦਿੱਤੀ ਗਈ ਅਤੇ ਪੰਜਾਬ ਦੇ ਲੋਕਾਂ ਨੂੰ ਧਮਕਾਇਆ ਗਿਆ, ਜੇਲ੍ਹ ਵਿੱਚ ਸੁਟਿਆ ਗਿਆ ਅਤੇ ਤਸੀਹੇ ਦਿਤੇ ਗਏ), ਜੋ ਲੋਕ ਗਾਂਧੀ ਦੇ ਰੋਲਟ ਐਕਟ ਵਿਰੋਧੀ ਸਤਿਆਗ੍ਰਹਿ ਵਿੱਚ ਸ਼ਾਮਲ ਨਹੀਂ ਹੋਏ ਸਨ, ਉਹ ਵੀ ਸ਼ਾਮਲ ਹੋ ਗਏ। ਲਾਲਾ ਲਾਜਪਤਰਾਏ, ਪੰਡਿਤ ਮਦਨ ਮੋਹਨ ਮਾਲਵੀਆ, ਪੰਡਿਤ ਮੋਤੀਲਾਲ ਨਹਿਰੂ, ਮਹਾਤਮਾ ਗਾਂਧੀ ਅਤੇ ਲੋਕ ਨੇਤਾ ਅਤੇ ਕਵੀ ਰਵਿੰਦਰਨਾਥ ਟੈਗੋਰ, ਸਰੋਜਨੀ ਨਾਇਡੂ ਜਿਹੇ ਕਵੀ-ਸਾਰਿਆਂ ਨੇ ਅੰਮ੍ਰਿਤਸਰ ਵਿੱਚ ਹੋਈਆਂ ਘਟਨਾਵਾਂ ਦੇ ਬਾਅਦ ਬ੍ਰਿਟਿਸ਼ ਰਾਜ ਵਿੱਚ ੳਪਣਾ ਮੋਹ ਭੰਗ ਪ੍ਰਗਟਾਇਆ ਅਤੇ ਤਿੰਨ ਦਹਾਕਿਆਂ ਦੇ ਵਿੱਚ ਹੀ ਭਾਰਤ ਆਜ਼ਾਦ ਹੋ ਗਿਆ।

gurmit singh palahi 190413 article,jallianwalabagh de zakham 002

ਸਵਾਲ ਹੈ ਕਿ ਬਰਤਾਨੀਆ ਹੁਣ ਵੀ ਮੁਆਫ਼ੀ ਕਿਉਂ ਨਹੀਂ ਮੰਗ ਰਿਹਾ। ਹਾਲ ਵੀ ਵਿੱਚ ਮੈਂ ਇੱਕ ਟੀ ਵੀ ਬਹਿਸ ਵਿੱਚ ਸ਼ਾਮਲ ਸੀ, ਉਥੇ ਹੈਰਾਨ ਕਰਨ ਵਾਲੀ ਗੱਲ ਦੱਸੀ ਗਈ ਸੀ ਜੇਕਰ ਮੁਆਫ਼ੀ ਮੰਗੀ ਜਾਂਦੀ ਹੈ ਤਾਂ ਉਸ ਨਾਲ ਆਰਥਿਕ ਉਲਝਣ ਪੈਦਾ ਹੋਏਗੀ ਅਤੇ ਇਸੇ ਕਾਰਨ ਬ੍ਰਿਟਿਸ਼ ਪ੍ਰਧਾਨ ਮੰਤਰੀ ਟੇਰਿਜਾ ਮੇਅ ਨੇ ਸਿਰਫ ਅਫ਼ਸੋਸ ਜ਼ਾਹਿਰ ਕੀਤਾ। ਇਹ ਵੀ ਸਪੱਸ਼ਟ ਹੈ ਕਿ ਸ਼ਹੀਦਾਂ ਦੇ ਪਰਿਵਾਰ ਕੇਵਲ ਵਿੱਤੀ ਲਾਭ ਦੇ ਲਈ ਬਰਤਾਨੀਆ ਨੂੰ ਮੁਆਫ਼ੀ ਮੰਗਣ ਲਈ ਨਹੀਂ ਕਹਿ ਰਹੇ। ਮੈਂ ਕਈ ਸ਼ਹੀਦਾਂ ਦੇ ਪਰਿਵਾਰਾਂ ਵਾਲਿਆਂ ਨਾਲ ਗੱਲਬਾਤ ਕੀਤੀ ਹੈ, ਉਹਨਾ ਵਿਚੋਂ ਕਿਸੇ ਨੂੰ ਵੀ ਬਰਤਾਨੀਆ ਤੋਂ ਕੋਈ ਉਮੀਦ ਨਹੀਂ ਸੀ। ਮੇਰੇ ਲਈ ਇਹ ਭਾਰਤ ਅਤੇ ਭਾਰਤੀਆਂ ਪ੍ਰਤੀ ਨਸਲ ਭੇਦ ਹੈ। ਇਹ ਸੱਚਮੁੱਚ ਸ਼ਰਮਨਾਕ ਹੈ ਕਿ ਬਰਤਾਨੀਆਂ ਲਗਾਤਾਰ ਸਾਨੂੰ ਭਿਖਾਰੀਆਂ ਦਾ ਦੇਸ਼ ਮੰਨਦਾ ਹੈ।

ਜੇਕਰ ਅਸਲ ਵਿੱਚ ਸ਼ਹੀਦਾਂ ਦੇ ਪਰਿਵਾਰ ਕੁਝ ਚਾਹੁੰਦੇ ਹਨ ਜਾਂ ਉਹਨਾ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ, ਤਾਂ ਕੀ ਉਹਨਾ ਦੀਆਂ ਮੰਗਾਂ ਨੂੰ ਭ ਰਤ ਸਰਕਾਰ ਦੇ ਸਾਹਮਣੇ ਨਹੀਂ ਰੱਖਿਆ ਜਾਣਾ ਚਾਹੀਦਾ? ਉਹ ਅੰਗਰੇਜ਼ ਤੋਂ ਕਿਉਂ ਕੁਝ ਚਾਹੁਣਗੇ? ਮੈਨੂੰ ਇਹ ਵੀ ਸਮਝ ਨਹੀਂ ਆ ਰਿਹਾ ਕਿ ਅਗਰ ਰਿਗਰਿਟ (ਅਫ਼ਸੋਸ ) ਅਤੇ ਅਪੌਲੋਜੀ(ਮੁਆਫ਼ੀ) ਇੱਕ ਹੀ ਚੀਜ਼ ਹੈ, ਜਿਵੇਂ ਕਿ ਕੁੱਝ ਲੋਕ ਦੱਸ ਰਹੇ ਹਨ ਤਾਂ ਫਿਰ ਵਿਤੀ ਨਿਪਟਾਰੇ ਦੀ ਗੱਲ ਕੇਵਲ ਇੱਕ ਨਾਲ ਕਿਉਂ ਜੁੜੀ ਹੈ, ਦੂਜੇ ਨਾਲ ਕਿਉਂ ਨਹੀਂ? ਮੈਨੂੰ ਲੱਗਦਾ ਹੈ ਕਿ ਬਹਿਸ ਦੇ ਕੇਂਦਰ ਵਿੱਚ ਇਹ ਸ਼ਬਦ ਅਰਥ ਹੁਣ ਵੀ ਉਸੇ ਨਸਲਵਾਦ ਵਿਚੋਂ ਪੈਦਾ ਹੋਇਆ ਹੈ, ਜੋ ਸੌ ਸਾਲ ਪਹਿਲਾਂ ਸੀ। ਜਿਵੇਂ ਕਿ ਅਸੀ ਬਰਤਾਨੀਆ ਦੀ ਸੰਸਦ ਵਿੱਚ ਹੁਣੇ ਜਿਹੀ ਹੋਈ ਬਹਿਸ ਤੋਂ ਜਾਣਦੇ ਹਾਂ ਕਿ ਬਹੁਤ ਅਫ਼ਸੋਸ ਪ੍ਰਗਟ ਕੀਤਾ ਗਿਆ, ਉਥੇ ਸਿਰਫ਼ ਲੇਬਰ ਪਾਰਟੀ ਨੇ ਕਿਹਾ ਕਿ ਸਪਸ਼ਟ ਤੌਰ ‘ਤੇ ਮੁਆਫ਼ੀ ਮੰਗੀ ਜਾਣੀ ਚਾਹੀਦੀ ਹੈ। ਪਰ ਕੰਜਰਵੇਟਿਵ ਸਰਕਾਰ, ਜਿਸਦੇ ਲਈ ਵਿਸੰਟਨ ਚਰਚਿਲ ਨਾਇਕ ਜਿਹੇ ਸਨ, ਜ਼ਾਹਿਰ ਹੈ ਇਹੋ ਜਿਹਾ ਨਹੀਂ ਮੰਨਦੀ ਅਤੇ ਕੁਝ ਲੋਕ ਮੈਨੂੰ ਦੱਸਦੇ ਹਨ ਕਿ ਸੌ ਸਾਲ ਬਾਅਦ ਮੁਆਫ਼ੀ ਮੰਗਣ ਦਾ ਕੋਈ ਮਤਲਬ ਨਹੀਂ ਹੈ। ਇਹੋ ਜਿਹੇ ‘ਚ ਜਲ੍ਹਿਆਂਵਾਲਾ ਬਾਗ ਜਾਕੇ ਫੁਲ ਚੜ੍ਹਾਉਣ ਦਾ ਕੀ ਅਰਥ ਹੈ? ਪੰਜਾਬ ਦੇ ਦਰਦ ਨੂੰ ਨਜ਼ਰ ਅੰਦਾਜ਼ ਕਰਨ ਵਾਲਿਆਂ ਲਈ ਇਹ ਵੀ ਨਿਰਾਰਥਕ ਹੋਣਾ ਚਾਹੀਦਾ ਹੈ।
ਜਲ੍ਹਿਆਂਵਾਲੇ ਬਾਗ ਉਤੇ ਇੱਕ ਕਿਤਾਬ ਉਤੇ ਕੰਮ ਕਰਦਿਆਂ ਅਤੇ ਉਸ ਕਤਲੇਆਮ ਸਬੰਧੀ ਲੜੀਵਾਰ ਪ੍ਰਦਰਸ਼ਨੀਆਂ ਲਗਾਉਂਦਿਆਂ ਮੇਰਾ ਪੱਕੇ ਇਰਾਦੇ ਨਾਲ ਮੰਨਣਾ ਹੈ ਕਿ ਸਾਨੂੰ ਉਹਨਾ ਲੋਕਾਂ, ਔਰਤਾਂ ਅਤੇ ਬੱਚਿਆਂ ਨੂੰ ਨਹੀਂ ਭੁੱਲਣਾ ਚਾਹੀਦਾ, ਜਿਹਨਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਅੱਜ ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ ਦਿੱਲੀ ਵਿੱਚ ਪ੍ਰਦਰਸ਼ਨੀ ਹੋ ਰਹੀ ਹੈ, ਜਿਸਨੂੰ ਦੇਖਿਆ ਜਾਣਾ ਚਾਹੀਦਾ ਹੈ। ਜੇਕਰ ਤੁਸੀਂ ਪ੍ਰਦਰਸ਼ਨੀ ਵਿੱਚ ਤਸਵੀਰਾਂ, ਅੰਕੜੇ ਅਤੇ ਦਾਸਤਾਵੇਜ ਦੇਖੋਗੇ ਤਾ ਮੈਨੂੰ ਯਕੀਨ ਹੈ ਕਿ ਸਾਰੇ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਕਿਉਂ ਬਰਤਾਨੀਆ ਦਾ ਮੁਆਫ਼ੀ ਮੰਗਣਾ ਉਚਿੱਤ ਅਤੇ ਸਨਮਾਨਜਨਕ ਹੋਏਗਾ।

(ਗੁਰਮੀਤ ਪਲਾਹੀ)
+91 9815802070

Install Punjabi Akhbar App

Install
×